ਮੁਗਲਕਾਲੀਨ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਸਰਾਏ ਅਮਾਨਤ ਖਾਂ
ਸਾਡੇ ਪੰਜਾਬ ਵਿੱਚ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਤੇ ਮੰਦਿਰ ਤਾਂ ਮੌਜੂਦ ਹਨ।ਪਰ ਧਰਮ ਸਥਾਨਾਂ ਤੋਂ ਬਿਨਾਂ ਹੋਰ ਪੁਰਾਣੀਆਂ ਤੇ ਵਿਰਾਸਤੀ ਇਮਾਰਤਾਂ ਪੱਖੋਂ ਪੰਜਾਬ ਫਾਡੀ ਹੀ ਹੈ।ਅਸਲ ਵਿੱਚ ਮੱਧ ਏਸ਼ੀਆ ਵੱਲੋਂ ਆਉਣ ਵਾਲੇ ਵਿਦੇਸ਼ੀ ਹਮਲਾਵਰਾਂ ਦਾ ਟਾਕਰਾ ਸਭ ਤੋਂ ਪਹਿਲਾਂ ਪੰਜਾਬ ਨੂੰ ਹੀ ਕਰਨਾ ਪੈਂਦਾ ਸੀ। ਆਪਣੀ ਭੂਗੋਲਿਕ ਸਥਿਤੀ ਕਾਰਨ ਇਹ ਖਿੱਤਾ ਹਮੇਸ਼ਾ ਉੱਥਲ ਪੁੱਥਲਾਂ ਦਾ ਸ਼ਿਕਾਰ ਰਿਹਾ। ਇਸੇ ਕਰਕੇ ਹੀ ਪੰਜਾਬ ਵਿੱਚ ਭਵਨ ਨਿਰਮਾਣ ਕਲਾ ਜ਼ਿਆਦਾ ਵਿਕਸਿਤ ਨਹੀਂ ਹੋ ਸਕੀ। ਜੋ ਪੁਰਾਤਨ ਇਮਾਰਤਾਂ ਸਾਡੇ ਕੋਲ ਬਚੀਆਂ ਹਨ, ਉਹਨਾਂ ਦੀ ਸੰਭਾਲ ਨਹੀਂ ਕੀਤੀ ਜਾ ਸਕੀ।ਬਚੀਆਂ ਖੁਚੀਆਂ ਇਤਿਹਾਸਕ ਇਮਾਰਤਾਂ ਸਰਕਾਰੀ ਬੇਰੁਖੀ ਦੇ ਚੱਲਦੇ ਖੰਡਰਾਂ ਵਿੱਚ ਤਬਦੀਲ ਹੁੰਦੀਆਂ ਜਾ ਰਹੀਆਂ ਨੇ। ਪਿਛਲੇ ਸਾਲ ਆਪਣੀ ਸਾਈਕਲ ਯਾਤਰਾ ਦੌਰਾਨ ਮੈਨੂੰ ਇੱਕ ਅਜਿਹੀ ਹੀ ਮੁਗਲਕਾਲੀਨ ਸਰਾਂ ਨੂੰ ਦੇਖਣ ਦਾ ਮੌਕਾ ਮਿਲਿਆ, ਜੋ ਸਰਕਾਰੀ ਬੇਰੁਖੀ ਦੇ ਚੱਲਦੇ ਹੌਲੀ ਹੌਲੀ ਖੰਡਰ ਬਣਦੀ ਜਾ ਰਹੀ ਹੈ। ਇਸ ਸਰਾਂ ਬਾਰੇ ਬਹੁਤ ਹੀ ਘੱਟ ਲੋਕਾਂ ਨੂੰ ਜਾਣਕਾਰੀ ਹੈ।ਇਹ ਇਤਿਹਾਸਕ ਸਰਾਂ ਸਰਾਏ ਅਮਾਨਤ ਖਾਂ ਨਾਂ ਦੇ ਸਰਹੱਦੀ ਪਿੰਡ ਵਿੱਚ ਸਥਿਤ ਹੈ। ਤਰਨਤਾਰਨ ਜ਼ਿਲ੍ਹੇ ਦਾ ਇਹ ਪਿੰਡ ਝਬਾਲ-ਅਟਾਰੀ ਮਾਰਗ ਉੱਤੇ ਸਥਿਤ ਹੈ। ਜੇਕਰ ਅਜਿਹੀਆਂ ਇਮਾਰਤਾਂ ਦੀ ਸੰਭਾਲ ਕੀਤੀ ਜਾਵੇ ਤਾਂ ਇਤਿਹਾਸ ਨੂੰ ਸੰਭਾਲਣ ਦੇ ਨਾਲ਼ ਨਾਲ਼ ਪੰਜਾਬ ਵਿੱਚ ਸ਼ੈਰ ਸਪਾਟੇ ਨੂੰ ਬੜਾਵਾ ਵੀ ਦਿੱਤਾ ਜਾ ਸਕਦਾ ਹੈ।ਪਰ ਸਰਕਾਰਾਂ ਦਾ ਇਸ ਪਾਸੇ ਜ਼ਰਾ ਵੀ ਧਿਆਨ ਨਹੀਂ ਹੈ।
ਮਈ ਦੇ ਮਹੀਨੇ ਸਾਈਕਲ ਚੁੱਕ ਕੇ ਮੈਂ ਸਰਹੱਦੀ ਪਿੰਡ ਰਾਜਾਤਾਲ ਵਿਖੇ ਨੌਕਰੀ ਕਰਦੇ ਆਪਣੇ ਇੱਕ ਅਧਿਆਪਕ ਮਿੱਤਰ ਨੂੰ ਮਿਲਣ ਲਈ ਘਰੋਂ ਤੁਰ ਪਿਆ।ਗਰਮੀ, ਤੇਜ਼ ਹਵਾਵਾਂ ਤੇ ਤਿੱਖੀ ਧੁੱਪ ਮੇਰੀ ਅਗਨੀ ਪ੍ਰੀਖਿਆ ਲੈ ਰਹੇ ਸਨ। ਪਰ ਇਹਨਾਂ ਸਭ ਮੁਸ਼ਕਲਾਂ ਨੂੰ ਪਾਰ ਕਰਦਿਆਂ ਹਰੀਕੇ ਪੱਤਣ ਹੁੰਦੇ ਹੋਏ ਮੈਂ ਖਾਲੜਾ ਬਾਰਡਰ ਪਹੁੰਚ ਗਿਆ। ਖਾਲੜਾ ਪਿੰਡ ਸਰਦਾਰ ਜਸਵੰਤ ਸਿੰਘ ਖਾਲੜਾ ਹੁਰਾਂ ਦੇ ਕਾਰਨ ਪ੍ਰਸਿੱਧ ਹੈ। ਖਾਲੜਾ ਤੋਂ ਇੱਕ ਲਿੰਕ ਸੜਕ ਬਾਰਡਰ ਦੇ ਨਾਲ਼ ਨਾਲ਼ ਹੁੰਦੀ ਹੋਈ ਅਟਾਰੀ ਨੂੰ ਜਾਂਦੀ ਹੈ।ਇਸ ਪੂਰੇ ਰਸਤੇ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਮੇਰੇ ਨਾਲ਼ ਨਾਲ਼ ਸਫ਼ਰ ਕਰ ਰਹੀ ਸੀ। ਦੂਰ ਪਾਕਿਸਤਾਨ ਵਾਲੇ ਪਾਸੇ ਖੇਤਾਂ ਵਿੱਚ ਕਿਤੇ ਤੂੜੀ ਵਾਲੀਆਂ ਮਸ਼ੀਨਾਂ ਚੱਲਦੀਆਂ ਦਿਖਾਈ ਦੇ ਰਹੀਆਂ ਸਨ, ਕਿਤੇ ਕਣਕ ਦੀ ਰਹਿੰਦ ਖੂਹੰਦ ਨੂੰ ਅੱਗ ਲੱਗੀ ਨਜ਼ਰ ਆ ਰਹੀ ਸੀ ਤਾਂ ਕਿਤੇ ਖੇਤ ਵਿੱਚ ਰੁੱਖਾਂ ਦੀ ਛਾਵੇਂ ਆਰਾਮ ਫਰਮਾ ਰਹੇ ਕਿਸਾਨ ਨਜ਼ਰ ਆ ਰਹੇ ਸਨ। ਉਹਨਾਂ ਨੂੰ ਦੇਖ ਕੇ ਮੈਂ ਸੋਚਣ ਲੱਗਿਆ ਕਿ ਕਿਵੇਂ ਸੱਤਾ ਦੇ ਲਾਲਚੀ ਨੇਤਾਵਾਂ ਦੀ ਬਦੌਲਤ ਅੱਜ ਭਰਾਵਾਂ ਵਿਚਕਾਰ ਸਰਹੱਦਾਂ ਖੜ੍ਹੀਆਂ ਹੋ ਗੲੀਆਂ ਨੇ।ਗੰਦੀ ਸਿਆਸਤ ਦੀ ਬਦੌਲਤ ਪਹਿਲਾਂ ਦੋ ਮੁਲਕ ਬਣੇ ਅਤੇ ਹੁਣ ਸਰਹੱਦਾਂ 'ਤੇ ਭਰਾਵਾਂ ਹੱਥੋਂ ਭਰਾਵਾਂ ਦੇ ਕ਼ਤਲ ਕਰਵਾਏ ਜਾ ਰਹੇ ਨੇ। ਇਹਨਾਂ ਹੀ ਸੋਚਾਂ ਵਿੱਚ ਡੁੱਬਿਆ ਆਖਿਰ ਮੈਂ ਆਪਣੇ ਦੋਸਤ ਕੋਲ਼ ਰਾਜਾਤਾਲ ਪਹੁੰਚ ਗਿਆ।ਇੱਥੋਂ ਅਸੀਂ ਅਟਾਰੀ ਵਿਖੇ ਸ਼ਾਮ ਸਿੰਘ ਅਟਾਰੀਵਾਲਾ ਦੀ ਯਾਦਗਾਰ ਅਤੇ ਵਾਘਾ ਬਾਰਡਰ ਘੁੰਮਣ ਚਲੇ ਗਏ।ਵਾਪਸ ਆਕੇ ਮੇਰੇ ਦੋਸਤ ਨੇ ਦੱਸਿਆ ਕਿ ਨਾਲ਼ ਵਾਲ਼ੇ ਪਿੰਡ ਇੱਕ ਪੁਰਾਤਨ ਸਰਾਂ ਹੈ, ਸਵੇਰੇ ਆਪਾਂ ਉੱਥੇ ਚੱਲਦੇ ਹਾਂ।
ਸਰਾਂ ਦੇਖਣ ਦੀ ਖੁਸ਼ੀ ਵਿੱਚ ਸਾਝਰੇ ਹੀ ਅੱਖ ਖੁੱਲ੍ਹ ਗਈ। ਜਲਦੀ ਜਲਦੀ ਤਿਆਰ ਹੋਕੇ ਅਸੀਂ ਸਰਾਏ ਅਮਾਨਤ ਖਾਂ ਪਿੰਡ ਨੂੰ ਚੱਲ ਪਏ। ਇਸ ਗੁੰਮਨਾਮ ਪਿੰਡ ਦਾ ਇਤਿਹਾਸ ਫਰੋਲ਼ੀਏ ਤਾਂ ਇਸਦਾ ਸਬੰਧ ਮੁਗ਼ਲ ਕਾਲ ਨਾਲ਼ ਜਾ ਜੁੜਦਾ ਹੈ।ਇਸ ਪਿੰਡ ਦਾ ਇਹ ਨਾਮ ਅਮਾਨਤ ਖਾਂ ਦੇ ਨਾਂ ਤੋਂ ਪਿਆ ਹੈ।ਉਹ ਇੱਕ ਈਰਾਨੀ ਕੈਲੀਗ੍ਰਾਫਰ ਸੀ ਜਿਸਦਾ ਅਸਲੀ ਨਾਂ ਅਬਦੁਲ ਹੱਕ ਸੀ।ਉਹ 1609 ਈ: ਵਿੱਚ ਆਪਣੇ ਵੱਡੇ ਭਰਾ ਅਫ਼ਜ਼ਲ ਖਾਂ ਦੇ ਕਹਿਣ 'ਤੇ ਈਰਾਨ ਤੋਂ ਭਾਰਤ ਆਇਆ।ਉਸਦਾ ਭਰਾ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਦਰਬਾਰ ਵਿੱਚ ਇੱਕ ਵਜ਼ੀਰ ਸੀ। ਵਿਸ਼ਵ ਧਰੋਹਰ ਤਾਜ ਮਹਿਲ ਦੇ ਅੰਦਰ ਸ਼ਾਨਦਾਰ ਕੈਲੀਗ੍ਰਾਫੀ ਕਰਨ ਵਾਲਾ ਵੀ ਅਮਾਨਤ ਖਾਂ ਹੀ ਸੀ। ਉਸ ਦੁਆਰਾ ਕੀਤੀ ਕੈਲੀਗ੍ਰਾਫੀ ਤੋਂ ਖੁਸ਼ ਹੋਕੇ ਹੀ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਉਸਨੂੰ ਅਮਾਨਤ ਖਾਂ ਦੀ ਉਪਾਧੀ ਦੇਣ ਦੇ ਨਾਲ਼ ਹੀ ਇੱਕ ਜਾਗੀਰ ਵੀ ਭੇਂਟ ਕੀਤੀ। ਬਾਅਦ ਵਿੱਚ ਅਮਾਨਤ ਖਾਂ ਦੁਆਰਾ ਆਪਣੇ ਵੱਡੇ ਭਰਾ ਅਫ਼ਜ਼ਲ ਖਾਂ ਦੀ ਮੌਤ ਤੋਂ ਬਾਅਦ ਇੱਥੇ ਸ਼ਾਨਦਾਰ ਸਰਾਂ ਦਾ ਨਿਰਮਾਣ ਕਰਵਾਇਆ ਗਿਆ। ਸਰਾਂ ਦੇ ਨਿਰਮਾਣ ਵਰ੍ਹੇ ਬਾਰੇ ਇਤਿਹਾਸਕਾਰਾਂ ਵਿੱਚ ਮੱਤਭੇਦ ਹਨ। ਜਿਸ ਕਰਕੇ ਇਸ ਸਬੰਧੀ ਇਹੀ ਕਹਿਣਾ ਉਚਿਤ ਰਹੇਗਾ ਕਿ ਇਸਦਾ ਨਿਰਮਾਣ ਸਤਾਰਵੀਂ ਸਦੀ ਦੇ ਮੱਧ ਵਿੱਚ ਹੋਇਆ। ਪਿੰਡ ਬਾਰੇ ਕਹਿ ਸਕਦੇ ਹਾਂ ਕਿ ਇਹ ਸਰਾਂ ਬਣਨ ਤੋਂ ਬਾਅਦ ਵਿੱਚ ਹੀ ਵਸਿਆ ਹੋਵੇਗਾ। ਕਿਉਂਕਿ ਸਰਾਂ ਵਿੱਚ ਵਪਾਰੀ, ਸੌਦਾਗਰ ਤੇ ਹੋਰ ਬਹੁਤ ਸਾਰੇ ਲੋਕ ਆਕੇ ਠਹਿਰਦੇ ਸਨ, ਜਿਸ ਕਰਕੇ ਕੁਝ ਲੋਕ ਰੁਜ਼ਗਾਰ ਚਲਾਉਣ ਲਈ ਇਸਦੇ ਆਲ਼ੇ ਦੁਆਲ਼ੇ ਵਸ ਗਏ ਹੋਣਗੇ।ਇਸ ਤਰਾਂ ਹੌਲੀ ਹੌਲੀ ਇੱਥੇ ਇੱਕ ਪਿੰਡ ਹੋਂਦ ਵਿੱਚ ਆ ਗਿਆ।ਇਹ ਸਰਾਂ ਕਾਫ਼ੀ ਵਿਸ਼ਾਲ ਖੇਤਰ ਵਿੱਚ ਬਣੀਂ ਹੋਈ ਸੀ। ਇੱਕੋ ਸਮੇਂ ਇੱਥੇ ਬਹੁਤ ਸਾਰੇ ਲੋਕ ਠਹਿਰ ਸਕਦੇ ਸਨ। ਅਮਾਨਤ ਖਾਂ ਖੁਦ ਇੱਕ ਪ੍ਰਸਿੱਧ ਕੈਲੀਗ੍ਰਾਫਰ ਸੀ ਜਿਸ ਕਰਕੇ ਉਸ ਦੁਆਰਾ ਸਰਾਂ ਦੇ ਅੰਦਰ ਵੀ ਖੂਬਸੂਰਤ ਕੈਲੀਗ੍ਰਾਫੀ ਕਰਵਾਈ ਗਈ। ਇਸ ਸਰਾਂ ਦੇ ਦੋ ਦਰਵਾਜੇ ਹਨ ਦਿੱਲੀ ਦਰਵਾਜਾ ਅਤੇ ਲਾਹੌਰੀ ਦਰਵਾਜਾ।ਇਹ ਦੋਵੇਂ ਦਰਵਾਜੇ ਇੱਕ ਦੂਜੇ ਤੋਂ ਉਲਟ ਦਿਸ਼ਾ ਵਿੱਚ ਹਨ। ਦਿੱਲੀ ਦਰਵਾਜ਼ੇ ਦਾ ਮੂੰਹ ਦਿੱਲੀ ਵਾਲ਼ੀ ਦਿਸ਼ਾ ਵੱਲ ਖੁੱਲ੍ਹਦਾ ਹੈ ਅਤੇ ਲਾਹੌਰੀ ਦਰਵਾਜ਼ੇ ਦਾ ਮੂੰਹ ਲਾਹੌਰ ਵਾਲ਼ੀ ਦਿਸ਼ਾ ਵੱਲ।ਇਹ ਦੋਵੇਂ ਹੀ ਦਰਵਾਜ਼ੇ ਇਸ ਸਮੇ ਚੰਗੀ ਹਾਲਤ ਵਿਚ ਹਨ।ਛੋਟੀਆਂ ਛੋਟੀਆਂ ਨਾਨਕਸ਼ਾਹੀ ਇੱਟਾਂ ਤੋਂ ਬਣੀਂ ਇਸਦੀ ਇਮਾਰਤ ਮੁਗਲ ਕਾਲੀਨ ਭਵਨ ਨਿਰਮਾਣ ਕਲਾ ਦਾ ਕਮਾਲ ਦਾ ਨਮੂਨਾ ਹੈ। ਇਸ ਦੀਆਂ ਛੱਤਾਂ ਉੱਤੇ ਕੀਤੀ ਕਲਾਕਾਰੀ ਕਮਾਲ ਦੀ ਹੈ। ਦੋਵੇਂ ਦਰਵਾਜ਼ਿਆਂ ਉੱਤੇ ਬਣੇ ਮੀਨਾਰ ਇਸਦੀ ਦਿੱਖ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦੇ ਹਨ।ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਰਾਂ ਦੇ ਵਿੱਚ ਹੀ ਇੱਕ ਖੂਹ ਸੀ, ਜਿਸਨੂੰ ਹੁਣ ਲੋਹੇ ਦਾ ਜਾਲ਼ ਪਾਕੇ ਢੱਕ ਦਿੱਤਾ ਗਿਆ ਹੈ। ਧਾਰਮਿਕ ਰਸਮਾਂ ਪੂਰੀਆਂ ਕਰਨ ਲਈ ਅੰਦਰ ਹੀ ਇੱਕ ਮਸਜਿਦ ਵੀ ਬਣਾਈ ਗਈ ਸੀ। ਰਾਣੀਆਂ ਦੇ ਇਸਨਾਨ ਘਰ ਵੱਲ ਜਾਣ ਲਈ ਸਰਾਂ ਦੇ ਹੇਠਾਂ ਤੋਂ ਇਕ ਸੁਰੰਗ ਬਾਉਲੀ ਵੱਲ ਜਮੀਨ ਦੇ ਹੇਠਾਂ ਵੀ ਤਿਆਰ ਕੀਤੀ ਗਈ ਸੀ, ਜਿਸ ਦੇ ਅਵਸ਼ੇਸ਼ ਸਾਨੂੰ ਅੱਜ ਵੀ ਦੇਖਣ ਨੂੰ ਮਿਲਦੇ ਹਨ।ਇਸ ਸਰਾਂ ਦੇ ਅੰਦਰ ਅਰਬੀ ਭਾਸ਼ਾ ਵਿੱਚ ਲਿਖੇ ਬਹੁਤ ਸਾਰੇ ਸ਼ਿਲਾਲੇਖ ਵੀ ਮੌਜੂਦ ਹਨ। ਕਹਿੰਦੇ ਹਨ ਖੁਦ ਅਮਾਨਤ ਖ਼ਾਂ ਦੁਆਰਾ ਇੱਕ ਟਾਇਲ ਉੱਪਰ ਲਿਖਿਆ ਸ਼ਿਲਾਲੇਖ ਵੀ ਮੌਜੂਦ ਹੈ। ਜਿਸ ਵਿੱਚ ਲਿਖਿਆ ਹੈ, "ਇਹ ਸਰਾਂ ਖ਼ੁਦਾ ਦੇ ਖ਼ਾਸ ਬੰਦਿਆਂ ਲਈ ਬਣਾਈ ਗਈ ਹੈ।" ਇੱਥੇ ਆਕੇ ਇਉਂ ਪ੍ਰਤੀਤ ਹੋਣ ਲੱਗਦਾ ਹੈ ਜਿਵੇਂ ਸਮੇਂ ਦੀ ਯਾਤਰਾ ਕਰਕੇ ਮੁਗਲ ਕਾਲ ਵਿੱਚ ਪਹੁੰਚ ਗਏ ਹੋਈਏ।ਦਿੱਲੀ ਤੋਂ ਲਾਹੌਰ ਵੱਲ ਜਾਂਦਿਆਂ ਇਹ ਆਖਰੀ ਸਰਾਂ ਸੀ। ਜਿਸ ਕਰਕੇ ਲਾਹੌਰ ਆਉਣ ਵਾਲੇ ਰਾਹਗੀਰਾਂ ਲਈ ਇਹ ਇੱਕ ਅਹਿਮ ਪੜਾਅ ਹੁੰਦੀ ਸੀ। ਇਸ ਦੀ ਵਰਤੋਂ ਸ਼ਾਹੀ ਮਹਿਮਾਨਾਂ, ਵਪਾਰੀਆਂ, ਸੌਦਾਗਰਾਂ ਅਤੇ ਫੌਜੀਆਂ ਤੋਂ ਲੈ ਕੇ ਆਮ ਲੋਕਾਂ ਵੱਲੋ ਅਰਾਮ ਕਰਨ ਲਈ ਕੀਤੀ ਜਾਂਦੀ ਸੀ। ਅਮਾਨਤ ਖਾਂ ਦੀ ਮੌਤ ਵੀ ਇੱਥੇ ਹੀ ਹੋਈ।ਮੌਤ ਤੋਂ ਬਾਅਦ ਉਸਨੂੰ ਸਰਾਂ ਤੋਂ ਕੁਝ ਦੂਰ ਹੀ ਦਫ਼ਨਾਇਆ ਗਿਆ ਅਤੇ ਉਸੇ ਥਾਂ ਤੇ ਉਸਦਾ ਮਕਬਰਾ ਬਣਾਇਆ ਗਿਆ। ਅੱਜ ਵੀ ਉਸਦਾ ਮਕਬਰਾ ਚੰਗੀ ਹਾਲਤ ਵਿੱਚ ਇਸੇ ਪਿੰਡ ਦੇ ਬਾਹਰਵਾਰ ਫਿਰਨੀ 'ਤੇ ਸਥਿਤ ਹੈ। ਸਰਕਾਰੀ ਤੌਰ ਤੇ ਇਸ ਨੂੰ ਸੁਰੱਖਿਅਤ ਧਰੋਹਰ ਘੋਸ਼ਿਤ ਕੀਤਾ ਗਿਆ ਹੈ। ਇਸਦਾ ਪ੍ਰਬੰਧ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਦੇ ਅਧੀਨ ਹੈ।ਪਰ ਇਸਦੀ ਅੰਦਰੂਨੀ ਹਾਲਤ ਨੂੰ ਦੇਖਦਿਆਂ ਜਾਪਦਾ ਹੈ ਕਿ ਭਾਰਤੀ ਪੁਰਾਤੱਤਵ ਵਿਭਾਗ ਵੀ ਸਿਰਫ਼ ਖ਼ਾਨਾਪੂਰਤੀ ਲਈ ਹੀ ਇਸਦੀ ਦੇਖ-ਰੇਖ ਸੰਭਾਲ ਰਿਹਾ ਹੈ। ਇੱਥੇ ਖਿੱਲਰੇ ਕੂੜੇ ਅਤੇ ਵਾਧੂ ਉੱਗੀਆਂ ਝਾੜੀਆਂ ਬੂਟੀਆਂ ਨੂੰ ਦੇਖਕੇ ਜਾਪਦਾ ਹੈ ਜਿਵੇਂ ਇਹ ਕੋਈ ਲਾਵਾਰਿਸ ਇਮਾਰਤ ਹੋਵੇ।ਅੰਦਰ ਝਾਤ ਮਾਰਦਿਆਂ ਸ਼ਰਾਬ ਤੇ ਬੀਅਰ ਦੀਆਂ ਬੋਤਲਾਂ ਅਤੇ ਕੰਧਾਂ ਦੀਆਂ ਵਿਰਲਾਂ ਵਿੱਚ ਟੰਗੀਆਂ ਸਰਿੰਜਾਂ ਦਾ ਦ੍ਰਿਸ਼ ਦੇਖਕੇ ਇਹ ਇੱਕ ਇਤਿਹਾਸਕ ਧਰੋਹਰ ਦੀ ਬਜਾਏ ਨਸ਼ੇੜੀਆਂ ਦਾ ਅੱਡਾ ਪ੍ਰਤੀਕ ਹੁੰਦੀ ਹੈ।ਇਸ ਦੀ ਅਜਿਹੀ ਹਾਲਤ ਨੂੰ ਦੇਖਕੇ ਮਨ ਉਦਾਸ ਹੋ ਉੱਠਿਆ। ਜੇ ਮੌਕਾ ਨਾ ਸੰਭਾਲਿਆ ਤਾਂ ਛੇਤੀ ਹੀ ਅਸੀਂ ਅਜਿਹੇ ਇਤਿਹਾਸਕ ਧਰੋਹਰਾਂ ਤੋਂ ਹੱਥ ਧੋ ਬੈਠਾਂਗੇ। ਅਸੀਂ ਵੀ ਵਾਘਾ ਬਾਰਡਰ ਵਿਖੇ ਪ੍ਰੇਡ ਦੇਖਣ ਤਾਂ ਸਾਰੇ ਹੀ ਜਾਂਦੇ ਹਾਂ, ਪਰ ਉੱਥੋਂ ਥੋੜ੍ਹੀ ਹੀ ਦੂਰੀ 'ਤੇ ਸਥਿਤ ਸਰਾਏ ਅਮਾਨਤ ਖਾਂ ਕੋਈ ਨਹੀਂ ਗੇੜਾ ਮਾਰਦਾ। ਜਦੋਂ ਵੀ ਤੁਹਾਡਾ ਵਾਘਾ ਬਾਰਡਰ ਗੇੜਾ ਲੱਗੇ ਤਾਂ ਇਸ ਇਤਿਹਾਸਕ ਸਰਾਂ ਨੂੰ ਦੇਖਣ ਵੀ ਜ਼ਰੂਰ ਜਾਣਾ ਚਾਹੀਦਾ ਹੈ।
ਲਿਖਤੁਮ : ਹਰਜਿੰਦਰ ਅਨੂਪਗੜ੍ਹ
ਮੋਬਾਈਲ : 98722-93968




Comments
Post a Comment