ਉੱਤਰਾਖੰਡ ਡਾਇਰੀ--5

#ਨਵੀਂ_ਟਿਹਰੀ_ਤੋਂ_ਸ੍ਰੀ_ਨਗਰ#
https://anoopgarh43.blogspot.com/2018/09/blog-post_9.html?m=1 ਇਸ ਯਾਤਰਾ ਦਾ ਪਿਛਲਾ ਭਾਗ ਪੜ੍ਹਨ ਲਈ ਉੱਪਰ ਦਿੱਤੇ ਲਿੰਕ ਉੱਤੇ ਕਲਿੱਕ ਕਰੋ।

ਮੁਨੀਰ ਤੋਂ ਬੱਕੀ ਠੀਕ ਕਰਵਾ ਕੇ ਮੈਂ ਓਹੀ ਸ੍ਰੀ ਨਗਰ ਆਲ਼ੀ ਸੜਕ ਚੱਲ ਪੈਂਦਾ ਹਾਂ। ਸਿਆਣੇ ਆਂਹਦੇ ਹੁੰਦੇ ਆ ਨਾ ਅਖੇ ਅੱਗ ਦਾ ਡਰਾਇਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਪੀਂਦੈ, ਉਹ ਹਾਲਤ ਹੁਣ ਮੇਰੀ ਹੋਈ ਪਈ ਆ।ਮਨ ਵਿੱਚ ਇੱਕ ਅਣਜਾਣ ਜਾ ਡਰ ਪੈਦਾ ਹੋ ਗਿਐ।ਵਾਰ ਵਾਰ ਭੁਲੇਖੇ ਜੇ ਪੈਂਦੇ ਨੇ ਜਿਵੇਂ ਬੱਕੀ ਦੇ ਟਾਇਰ ਭਾਰੇ ਭਾਰੇ ਹੋ ਗੲੇ ਹੁੰਦੇ ਨੇ। ਮਨ ਵਿੱਚ ਬੁਰੇ ਬੁਰੇ ਖਿਆਲ ਈ ਆ ਰਹੇ ਨੇ। ਕਦੇ ਸੋਚਣ ਲੱਗਦਾਂ ਜੇ ਬੱਕੀ ਤੁਰੀ ਜਾਂਦੀ ਦਾ ਮੂਹਰਲਾ ਟਾਇਰ ਪੈਂਚਰ ਹੋ ਗਿਆ ਤਾਂ ......... ਕਦੇ ਖਿਆਲ ਆਉਂਦਾ ਵੀ ਜੇ ਬ੍ਰੇਕ ਫੇਲ੍ਹ ਹੋਗੇ ਫੇਰ ਕੀ ਬਣੂੰ ਜਾਂ ਤੁਰੀ ਜਾਂਦੀ ਦਾ ਟਾਇਰ ਖੁੱਲ੍ਹ ਗਿਆ ਫੇਰ........
ਜਦੋਂ ਏਹੋ ਜੇ ਵਿਚਾਰ ਮਨ ਵਿੱਚ ਆਈ ਜਾਂਦੇ ਹੋਣ, ਉਦੋਂ ਸਫ਼ਰ ਦਾ ਸਵਾਦ ਵੀ ਗਲ਼ ਜਾਂਦੈ। ਜਦੋਂ ਵੀ ਸਪੀਡ ਆਲ਼ੀ ਸੂਈ ਤੀਹ ਤੋਂ ਤਹਾਂ ਚੜ੍ਹਨ ਲੱਗਦੀ ਆ ਤਾਂ ਮੱਲੋਮੱਲੀ ਬ੍ਰੇਕ ਨੱਪੇ ਜਾਂਦੇ ਨੇ। ਇੱਕ ਦੋ ਥਾਈਂ ਮੈਂ ਰੁਕ ਕੇ ਮਨ ਨੂੰ ਟਿਕਾਣੇ ਲਿਆਉਣ ਦਾ ਯਤਨ ਕਰਦਾਂ, ਧਿਆਨ ਪਹਾੜਾਂ ਦੀ ਖੂਬਸੂਰਤੀ ਅੱਲ ਲਾਉਣ ਦੀ ਕੋਸ਼ਟ ਕਰਦਾਂ,ਪਰ ਬੋਤੀ ਮੁੜ ਘੁੜ ਬੋਹੜ ਥੱਲੇ ਮਤਲ ਮਨ ਫੇਰ ਓਹੀ ਨੈਗੇਟਿਵ ਗੱਲਾਂ ਤੇ ਆ ਖੜ੍ਹਦੈ।ਏਹੋ ਗੱਲਾਂ ਸੋਚਦਾ ਮੈਂ ਟਿਹਰੀ ਡੈਮ ਦੇ ਇਲਾਕੇ ਵਿੱਚ ਪਹੁੰਚ ਜਾਂਦਾ ਹਾਂ।ਡੈਮ ਵਿੱਚ ਕੰਮ ਕਰਨ ਆਲਿਆਂ ਦੇ ਖੂਬਸੂਰਤ ਫ਼ਲੈਟ ਦਿਖਣ ਲੱਗ ਪੲੇ ਨੇ।ਪਰ ਡੈਮ ਦੀ ਪਹਿਲੀ ਝਲਕ ਹਲੇ ਵੀ ਨਜ਼ਰ ਨਹੀਂ ਆਈ। ਇੱਕ ਜਗ੍ਹਾ ਕਾਫ਼ੀ ਸਾਰੇ ਮਜ਼ਦੂਰ ਖੜ੍ਹੇ ਹਨ, ਮੈਂ ਉਹਨਾਂ ਕੋਲ ਰੁਕਦਾ ਹਾਂ ਅਤੇ ਟਿਹਰੀ ਡੈਮ ਦੇ ਰਾਹ ਬਾਰੇ ਪੁੱਛਦਾ ਹਾਂ। ਉਹਨਾਂ ਵਿੱਚੋਂ ਇੱਕ ਸੁਰੇਸ਼ ਦੱਸਦਾ ਹੈ ਕਿ ਇਹ ਰਾਸਤਾ ਵੀ ਡੈਮ ਦੇ ਉੱਪਰ ਦੀ ਹੋਕੇ ਅੱਗੇ ਸ੍ਰੀ ਨਗਰ ਚਲਾ ਜਾਂਦਾ ਹੈ, ਪਰ ਇੱਧਰ ਦੀ ਹੁਣ ਆਮ ਪਬਲਿਕ ਨੂੰ ਨੰਘਣ ਨੀ ਦਿੰਦੇ।ਗੇਟ ਤੇ ਖੜ੍ਹੇ ਸਕਿਉਰਟੀ ਆਲੇ ਪੁੱਠਾ ਮੋੜ ਦੇਣਗੇ।ਉਹ ਮੈਨੂੰ ਵਾਪਸ ਮੁੜਨ ਲਈ ਆਖਦਾ ਹੈ ਤੇ ਚਾਰ ਪੰਜ ਕਿਲੋਮੀਟਰ ਵਾਪਸ ਜਾਕੇ ਮੰਦਿਰ ਕੋਲੋਂ ਸੱਜੇ ਮੁੜਨ ਲਈ ਆਖਦਾ ਹੈ। ਮੈਂ ਸੁਰੇਸ਼ ਦਾ ਧੰਨਵਾਦ ਕਰਕੇ ਬੱਕੀ ਪੁੱਠੀ ਮੋੜ ਲੈਂਦਾ ਹਾਂ। ਆਉਣ ਵੇਲੇ ਜੋ ਤਿੱਖੀ ਢਾਲ਼ ਸੀ, ਹੁਣ ਓਹੀ ਤਿੱਖੀ ਚੜ੍ਹਾਈ ਵਿੱਚ ਬਦਲ ਜਾਂਦੀ ਹੈ। ਹੁਣ ਦਿਮਾਗ ਬੁਰੇ ਖਿਆਲਾਂ ਵਿੱਚੋਂ ਨਿਕਲ ਕੇ ਮੰਦਿਰ ਵੱਲ ਬਿਜੀ ਹੋ ਜਾਂਦਾ ਹੈ। ਆਖਿਰ ਇੱਕ ਛੋਟਾ ਜਾ ਮੰਦਿਰ ਆਉਂਦਾ ਹੈ, ਪਰ ਇੱਥੋਂ ਸੱਜੇ ਹੱਥ ਜੋ ਰਸਤਾ ਗਾ, ਉਹ ਤਾਂ ਪੈਦਲ ਪਗਡੰਡੀ ਆ। ਮੈਂ ਸ਼ਸ਼ੋਪੰਜ ਚ ਪੈ ਜਾਨੈ ਕਿ ਹੁਣ ਮੁੜਾਂ ਕਿ ਨਾ।ਏਨੇ ਇੱਕ ਮੋਟਰਸਾਈਕਲ ਆਉਂਦਾ ਦਿਸਦਾ ਹੈ ਤੇ ਮੈਂ ਹੱਥ ਦੇਕੇ ਰੋਕ ਲੈਂਦਾ ਹਾਂ। ਪੁੱਛਣ ਤੇ ਉਹ ਦੱਸਦਾ ਹੈ ਕਿ ਔਹ ਉੱਪਰ ਜਿੱਥੇ ਆਦਮੀ ਖੜ੍ਹੇ ਨੇ, ਉੱਥੋਂ ਸੱਜੇ ਹੱਥ ਮੁੜਨਾ ਗਾ। ਹੁਣ ਮੈਂ ਸਹੀ ਰਸਤਾ ਫ਼ੜ ਕੇ ਬੱਕੀ ਦੀ ਰੇਸ ਨੱਪ ਦਿੰਦਾ ਹਾਂ।ਸੜਕ ਵਧੀਆ ਬਣੀਂ ਹੋਈ ਆ ਤੇ ਆਲੇ ਦੁਆਲੇ ਦੇ ਦ੍ਰਿਸ਼ ਰਸਤੇ ਨੂੰ ਹੋਰ ਸੋਹਣਾ ਬਣਾ ਰਹੇ ਨੇ। ਉੱਪਰੋਂ ਈ ਨੀਲੇ ਨੀਲੇ ਪਾਣੀ ਦੀ ਵਿਸ਼ਾਲ ਝੀਲ ਦਿਖਣ ਲੱਗਦੀ ਹੈ।
ਸੜਕ ਹੇਠਾਂ ਉੱਤਰਦੀ ਉੱਤਰਦੀ ਹੌਲੀ ਹੌਲੀ ਝੀਲ ਦੇ ਨਾਲ ਨਾਲ ਤੁਰਨ ਲੱਗਦੀ ਹੈ। ਥਾਂ ਥਾਂ ਸੂਚਨਾ ਬੋਰਡ ਲੱਗੇ ਦਿਖਦੇ ਨੇ, "ਫੋਟੋਗ੍ਰਾਫੀ ਵਰਜਿਤ ਖੇਤਰ"।
 ਇੱਕ ਵੱਡੇ ਸਾਰੇ ਬੋਰਡ 'ਤੇ ਲਿਖਿਆ ਹੈ, "ਰਾਸ਼ਟਰ ਕੇ ਨਿਰਮਾਣ ਕਾ ਪ੍ਰਤੀਕ ਔਰ ਏਸ਼ੀਆ ਕਾ ਦੂਸਰਾ ਸਬਸੇ ਬੜਾ ਬਾਂਧ- ਟਿਹਰੀ ਬਾਂਧ"। ਇਸ ਬੋਰਡ ਨੂੰ ਦੇਖਕੇ ਮੈਂ ਰੁਕ ਜਾਂਦਾ ਹਾਂ ਤੇ ਖੜ੍ਹਕੇ ਰਾਸ਼ਟਰ ਦੇ ਗੌਰਵ ਨੂੰ ਦੇਖਣ ਲੱਗਦਾ ਹਾਂ।ਇਸਦੀ ਖੂਬਸੂਰਤੀ ਨੂੰ ਦੇਖਕੇ ਇੱਕ ਵਾਰ ਤਾਂ ਅੱਖਾਂ ਟੱਡੀਆਂ ਈ ਰਹਿ ਜਾਂਦੀਆਂ ਨੇ।

ਮੈਂ ਇਸਦੇ ਨੀਲੇ ਨੀਲੇ ਪਾਣੀ ਦੀ ਚਕਾਚੌਂਧ ਵਿੱਚ ਡੁੱਬਣ ਲੱਗਦਾਂ। ਇਸਦੀ ਖੂਬਸੂਰਤੀ ਪਿੱਛੇ ਲੁਕੀ ਉਜਾੜੇ ਦੀ ਕਹਾਣੀ ਵੀ ਮੈਨੂੰ ਭੁੱਲ ਜਾਂਦੀ ਆ।ਪਰ ਝੀਲ ਦੇ ਵਿਚਕਾਰ ਇੱਕ ਛੋਟੇ ਜੇ ਟਾਪੂ ਨੂੰ ਦੇਖਕੇ ਮੈਨੂੰ ਫੇਰ ਅੰਸ਼ੁਲ ਕੁਮਾਰ ਹੁਰਾਂ ਦਾ ਦਰਦ ਯਾਦ ਆ ਜਾਂਦਾ ਗਾ।ਇਹ ਟਾਪੂ ਅਸਲ ਵਿੱਚ ਪੁਰਾਣੀ ਟਿਹਰੀ ਦਾ ਭੂ ਭਾਗ ਹੈ। ਜਦੋਂ ਡੈਮ ਵਿੱਚ ਪਾਣੀ ਘਟ ਜਾਂਦੈ ਤਾਂ ਪੁਰਾਣੀ ਟਿਹਰੀ ਦੀ ਸਭ ਤੋਂ ਉੱਚੀ ਇਹ ਥਾਂ ਪਾਣੀ ਤੋਂ ਬਾਹਰ ਨਿਕਲ ਆਉਂਦੀ ਹੈ।
ਪਾਣੀ ਦੇ ਵਿਚਕਾਰ ਦਿਖਦਾ ਪੁਰਾਣੀ ਟਿਹਰੀ ਦਾ ਕੁਝ ਹਿੱਸਾ

ਢਾਹੀਆਂ ਇਮਾਰਤਾਂ ਦੇ ਖੰਡਰ ਰਾਹੀਆਂ ਨੂੰ ਦਿਖਣ ਲੱਗ ਪੈਂਦੇ ਨੇ। ਪੁਰਾਣੀ ਟਿਹਰੀ ਦੇ ਡੁੱਬਣ ਮਗਰੋਂ ਜਦੋਂ ਝੀਲ ਵਿੱਚ ਪਾਣੀ ਘਟਣ ਤੇ ਪਹਿਲੀ ਵਾਰ ਇਹ ਟਾਪੂ ਝੀਲ ਤੋਂ ਬਾਹਰ ਦਿਖਿਆ ਸੀ ਤਾਂ ਇੱਥੋਂ ਉੱਜੜ ਕੇ ਗੲੇ ਸਾਰੇ ਲੋਕ ਇਸਨੂੰ ਦੇਖਣ ਆਏ ਸੀ। ਆਪਣੇ ਪਿਆਰੇ ਸ਼ਹਿਰ ਦੇ ਨਿਸ਼ਾਨਾਂ ਨੂੰ ਦੇਖਕੇ ਉਹ ਭੁੱਬਾਂ ਮਾਰ-ਮਾਰ ਕੇ ਰੋਂਦੇ ਸੀ। ਬਹੁਤ ਸਾਰੇ ਪੁਰਾਣੇ ਬਜ਼ੁਰਗ ਹੁਣ ਵੀ ਇਸ ਟਾਪੂ ਨੂੰ ਦੇਖਣ ਆਉਂਦੇ ਹਨ। ਉਹਨਾਂ ਦੀਆਂ ਨਮ ਅੱਖਾਂ ਨੂੰ ਦੇਖਕੇ ਸਹਿਜੇ ਈ ਪਤਾ ਲੱਗ ਜਾਂਦਾ ਏ ਕਿ ਉਜਾੜੇ ਦੇ ਜਖ਼ਮ ਕਿੰਨੇ ਗਹਿਰੇ ਨੇ। ਮੈਂਨੂੰ ਝੀਲ ਦੇ ਪਾਣੀ ਹੇਠਾਂ ਵਸਿਆ ਓਹੀ ਖੂਬਸੂਰਤ ਸ਼ਹਿਰ ਨਜ਼ਰ ਆਉਣ ਲੱਗਦਾ ਏ। ਮੈਦਾਨ ਵਿੱਚ ਖੇਡਦੇ ਬੱਚੇ, ਬਜ਼ਾਰ ਵਿੱਚ ਲੋਕਾਂ ਦੀ ਚਹਿਲ ਪਹਿਲ, ਘੰਟਾ ਘਰ ਦੀ ਉੱਚੀ ਇਮਾਰਤ, ਤੀਹ ਹਜ਼ਾਰ ਕਿਤਾਬਾਂ ਵਾਲੀ ਸੁਮਨ ਲਾਇਬ੍ਰੇਰੀ ਵਿੱਚ ਕਿਤਾਬਾਂ ਪੜ੍ਹਦੇ ਪਾਠਕ, ਖੇਤਾਂ ਵਿੱਚ ਕੰਮ ਕਰਦੇ ਮਰਦ ਔਰਤਾਂ ਤੇ ਹੋਰ ਪਤਾ ਨੀ ਕੀ ਕੀ ਪਲਾਂ ਵਿੱਚ ਅੱਖਾਂ ਮੂਹਰੋਂ ਘੁੰਮ ਜਾਂਦਾ ਹੈ।ਏਨੇ ਨੂੰ ਇੱਕ ਗੁੱਸੇ ਭਰੀ ਆਵਾਜ਼ ਮੇਰਾ ਧਿਆਨ ਭੰਗ ਕਰਦੀ ਅਾ। ਮੈਂ ਤ੍ਰਭਕ ਕੇ ਦੇਖਦਾਂ ਤਾਂ ਸਕਿਉਰਟੀ ਆਲ਼ਾ ਮੈਨੂੰ ਇੱਥੋਂ ਤੁਰਨ ਵਾਸਤੇ ਕਹਿ ਰਿਹੈ। ਮੈਂ ਬੱਕੀ ਤੇ ਬਹਿ ਕੇ ਅੱਗੇ ਚੱਲ ਪੈਂਦਾ ਹਾਂ।
ਅੱਗੇ ਗੇਟ 'ਤੇ ਖੜ੍ਹੇ ਗਾਰਡ ਮੈਨੂੰ ਰੋਕ ਲੈਂਦੇ ਨੇ ਤੇ ਸਵਾਲ ਪੁੱਛਣ ਲੱਗਦੇ ਨੇ।
ਕਹਾਂ ਸੇ ਆਏ ਹੋ?

"ਸਰ ਵੈਸੇ ਤੋ ਪੰਜਾਬ ਮੇਂ ਬਠਿੰਡਾ ਕੇ ਪਾਸ ਮੇਰਾ ਛੋਟਾ ਸਾ ਗਾਓਂ ਹੈ, ਵਹਾਂ ਸੇ ਆਇਆ ਹੂੰ। ਲੇਕਿਨ ਅਭੀ ਨੲੀ ਟਿਹਰੀ ਸੇ ਆ ਰਹਾ ਹੂੰ,ਰਾਤ ਉਧਰ ਹੀ ਗੁਰੂਦੁਆਰਾ ਸਾਹਿਬ ਮੇਂ ਰੁਕਾ ਥਾ।"

ਤੋ ਅਬ ਕਹਾਂ ਜਾਨਾ ਹੈ?

"ਅਬ ਤੋ ਸ੍ਰੀ ਨਗਰ ਹੋਕਰ ਪਹਿਲੇ ਕਰਨਪ੍ਰਯਾਗ ਜਾਊਂਗਾ ਔਰ ਫਿਰ ਵਹਾਂ ਸੇ ਗਵਾਲਦਮ ਜਾਂ ਬੈਜਨਾਥ ਯਹਾਂ ਤੱਕ ਪਹੁੰਚ ਸਕਾ।"

ਆਪ ਕਿਆ ਕਾਮ ਕਰਤੇ ਹੋ?

"ਮੈਂ ਪ੍ਰਾਇਮਰੀ ਸਕੂਲ ਮੇਂ ਅਧਿਆਪਕ ਹੂੰ ਸਰ।"

ਤੋ ਸਰ ਇਧਰ ਕਿਆ ਕਰਨੇਂ ਆਏ ਹੋ?

ਮੁਝੇ ਘੂਮਨੇ ਕਾ ਸ਼ੌਕ ਹੈ।ਅਬ ਸਕੂਲੋਂ ਮੇਂ ਤੀਸ ਜੂਨ ਤੱਕ ਗਰਮੀ ਕੀ ਛੁੱਟੀਆਂ ਹੈਂ ਤੋ ਘੂਮਨੇ ਨਿਕਲਾ ਹੂੰ।

ਸਰ ਆਪਨੇ ਟਾਗੋਂ ਔਰ ਬਾਜੂਓਂ ਪਰ ਯੇਹ ਇਤਨੇ ਸਾਰੇ ਗਾਰਡ ਕਿਉਂ ਪਹਿਨੇ ਹੈਂ?

ਯੇਹ ਅਪਨੀ ਸੇਫਟੀ ਕੇ ਲੀਏ ਹੈਂ ਜੀ।

ਪਹਿਲਾਂ ਉਸਦੇ ਬੋਲਣ ਦਾ ਲਹਿਜ਼ਾ ਰੁੱਖਾ ਜਿਹਾ ਸੀ ਪਰ ਜਦੋਂ ਮੈਂ ਦੱਸਦਾਂ ਕਿ ਦਾਸ ਮਾਸਟਰ ਐ ਤਾਂ ਉਸਦਾ ਲਹਿਜ਼ਾ ਇੱਕਦਮ ਸਤਿਕਾਰ ਵਾਲ਼ਾ ਹੋ ਜਾਂਦਾ ਹੈ। ਅੱਗੇ ਡੈਮ ਦੇ ਉੱਪਰ ਦੀ ਸ਼ਾਨਦਾਰ ਸੜਕ ਬਣੀ ਹੋਈ ਆ। ਮੈਂ ਉਹਨਾਂ ਨੂੰ ਪੁੱਛਦਾ ਹਾਂ ਕਿ ਕੀ ਸੜਕ ਉੱਤੇ ਰੁਕ ਕੇ ਡੈਮ ਨੂੰ ਦੇਖ ਸਕਦਾਂ? ਉਹ ਆਖਦੇ ਨੇ ਸੌਰੀ ਸਰ ਓਥੇ ਨਾ ਰੁਕਿਓ ਅੱਗੇ ਜਾਕੇ ਉੱਪਰ ਤੋਂ ਸਭ ਨਜ਼ਰ ਆਵੇਗਾ, ਓਥੇ ਰੁਕ ਕੇ ਜੋ ਮਰਜ਼ੀ ਕਰਨਾ। ਮੈਂ ਉਹਨਾਂ ਦਾ ਧੰਨਵਾਦ ਕਰਕੇ ਅੱਗੇ ਚੱਲ ਪੈਂਦਾ ਹਾਂ। ਅੱਗੇ ਪਾਣੀ ਨੂੰ ਰੋਕਣ ਲਈ ਬੰਨ੍ਹ ਮਾਰਿਆ ਹੋਇਐ ਤੇ ਇਸੇ ਬੰਨ੍ਹ ਦੇ ਉੱਪਰੋਂ ਸੜਕ ਲੰਘਦੀ ਆ। ਇੱਥੇ ਆਕੇ ਜਾਪਦੈ ਜਿਵੇਂ ਕਿਸੇ ਬਾਹਰਲੇ ਮੁਲਕ ਦੀ ਸੜਕ ਤੇ ਜਾ ਰਹੇ ਹੋਈਏ। ਬੰਨ੍ਹ ਕਰੌਸ ਕਰਕੇ ਫੇਰ ਇੱਕਦਮ ਤਿੱਖੀ ਚੜ੍ਹਾਈ ਹੈ। ਚੜ੍ਹਾਈ ਚੜ੍ਹਦਿਆਂ ਹੀ ਸਮਤਲ ਜਗ੍ਹਾ ਆ ਜਾਂਦੀ ਆ। ਏਥੋਂ ਦੂਰ ਦੂਰ ਤੱਕ ਫੈਲੀ ਝੀਲ ਦਾ ਮਨਮੋਹਕ ਦ੍ਰਿਸ਼ ਨਜ਼ਰ ਆ ਰਿਹੈ। ਹੇਠਾਂ ਡੈਮ ਦੇ ਉੱਪਰ ਬਣੀਂ ਸੜਕ ਵੀ ਬਹੁਤ ਹੀ ਖੂਬਸੂਰਤ ਦਿਖ ਰਹੀ ਆ।


ਇੱਕ ਟਾਟਾ ਸੂਮੋ ਗੱਡੀ ਵੀ ਏਥੇ ਆਕੇ ਰੁਕਦੀ ਆ। ਓਹਦੇ 'ਚੋਂ ਤਿੰਨ ਚਾਰ ਬੱਚੇ, ਦੋ ਅਧਖੜ ਉਮਰ ਦੇ ਬੰਦੇ ਤੇ ਔਰਤਾਂ ਉੱਤਰਦੀਆਂ ਨੇ।ਅਖੀਰ ਚ ਉਹ ਇੱਕ ਅੱਸੀ ਪਚਾਸੀ ਸਾਲ ਦੀ ਅੰਮਾ ਨੂੰ ਬਾਂਹ ਫੜਕੇ ਉਤਾਰਦੇ ਨੇ। ਬੱਚੇ ਖੁਸ਼ੀ ਵਿੱਚ ਕਦਾੜੀਆਂ ਮਾਰਦੇ ਏਧਰ ਓਧਰ ਭੱਜੇ ਫਿਰਦੇ ਨੇ।ਪਰ ਅੰਮਾ ਦਾ ਚਿਹਰਾ ਉਦਾਸ ਹੈ। ਬੱਚਿਆਂ ਦੇ ਮਾਂ ਬਾਪ ਤੇ ਬੁੜ੍ਹੀ ਅੰਮਾ ਝੀਲ ਵੱਲ ਨੂੰ ਮੂੰਹ ਕਰਕੇ ਹੱਥ ਜੋੜਕੇ ਨਮਸਕਾਰ ਕਰਨ ਲੱਗਦੇ ਨੇ। ਬਾਅਦ ਵਿੱਚ ਉਹਨਾਂ ਚੋਂ ਇੱਕ ਆਦਮੀ ਦੱਸਦਾ ਹੈ ਕਿ ਉਹ ਹੁਣ ਰਿਸ਼ੀਕੇਸ਼ ਰਹਿੰਦੇ ਨੇ ਅਤੇ ਪਰਿਵਾਰ ਸਮੇਤ ਨਵੀਂ ਟਿਹਰੀ ਕਿਸੇ ਫੰਕਸ਼ਨ ਚ ਜਾ ਰਹੇ ਨੇ। ਪਹਿਲਾਂ ਉਹਨਾਂ ਦੀ ਰਿਹਾਇਸ਼ ਪੁਰਾਣੀ ਟਿਹਰੀ ਵਿਖੇ ਹੁੰਦੀ ਸੀ। ਏਥੇ ਉਹ ਪੁਰਾਣੀ ਟਿਹਰੀ ਦੇ ਦਰਸ਼ਨ ਕਰਨ ਅਤੇ ਨਮਸਕਾਰ ਕਰਨ ਲਈ ਰੁਕੇ ਨੇ। ਮੈਂ ਉਹਨਾਂ ਤੋਂ ਵਾਟਰ ਸਪੋਰਟਸ ਬਾਰੇ ਪੁੱਛਦਾ ਹਾਂ ਕਿ ਉਹ ਕਿੱਥੇ ਜੇ ਹੁੰਦੀਆਂ ਨੇ? ਉਹ ਦੱਸਦੇ ਨੇ ਕਿ ਉਹਦੇ ਲਈ ਤਾਂ ਕਾਫੀ ਪਿੱਛੇ ਮੁੜ ਕੇ ਜਾਣਾ ਪਊਗਾ।ਇਹ ਸੁਣਕੇ ਮੇਰਾ ਵਾਟਰ ਸਪੋਰਟਸ ਦੇਖਣ ਦਾ ਮਨ ਬਦਲ ਜਾਂਦਾ ਹੈ।
ਐਥੇ ਹੁੰਦੀਆਂ ਨੇ ਵਾਟਰ ਸਪੋਰਟਸ ਅੰਸ਼ੁਲ ਕੁਮਾਰ ਤੋਂ ਧੰਨਵਾਦ ਸਾਹਿਤ ਮੰਗਾਈ ਫੋਟੋ

ਗੂਗਲ ਬਾਬੇ ਤੋਂ ਧੰਨਵਾਦ ਸਾਹਿਤ
ਬਿਰਧ ਮਾਈ ਚਾਹੇ ਚੁੱਪਚਾਪ ਖੜ੍ਹੀ ਸਾਨੂੰ ਦੇਖ ਰਹੀ ਐ ਪਰ ਉਸ ਦੀਆਂ ਅੱਖਾਂ ਅਤੇ ਮੁਰਝਾਇਆ ਹੋਇਆ ਚਿਹਰਾ ਸਭ ਕੁਝ ਬਿਆਨ ਕਰ ਰਿਹਾ ਏ।ਝੀਲ ਵਿਚਲੇ ਟਾਪੂ ਨੂੰ ਦੇਖਕੇ ਪਤਾ ਨੀ ਕਿੰਨੀਆਂ ਸੁਨਹਿਰੀ ਯਾਦਾਂ ਨੇ ਉਸਨੂੰ ਆ ਘੇਰਿਆ ਹੈ। ਉਸਦੀਆਂ ਬੇਵੱਸ ਨਜ਼ਰਾਂ ਡੈਮ ਵਿੱਚੋਂ ਜਵਾਨੀ ਦੇ ਸੁਨਹਿਰੀ ਪੰਨਿਆਂ ਨੂੰ ਫਰੋਲ ਰਹੀਆਂ ਨੇ।ਮੈਂ ਉਹਨਾਂ ਨੂੰ ਫਤਹਿ ਬੁਲਾਕੇ ਆਪਣੇ ਰਾਹ ਪੈ ਜਾਂਦਾ ਹਾਂ ਮਤਲ ਸ੍ਰੀ ਨਗਰ ਦੇ ਰਾਹ।
ਸਵੇਰੇ ਨਿਰਣੇ ਕਾਲਜੇ ਈ ਤੁਰਿਆ ਸੀ, ਹੁਣ ਤੱਕ ਕੁਝ ਵੀ ਨੀ ਖਾਧਾ। ਢਿੱਡ ਚ ਚੂਹੇ ਖੌਰੂ ਪੱਟਣ ਲੱਗੇ ਨੇ। ਛੋਟੇ ਜਿਹੇ ਪਿੰਡ ਵਿੱਚ ਇੱਕ ਢਾਬੇ ਨੂੰ ਦੇਖਕੇ ਮੱਲੋਮੱਲੀ ਬ੍ਰੇਕ ਵੱਜਦੇ ਨੇ। ਮੈਂ ਢਾਬੇ ਆਲੇ ਬਾਬੇ ਨੂੰ ਤੰਦੂਰੀ ਰੋਟੀ ਤੇ ਨਾਲ਼ ਦਾਲ਼ ਮੱਖਣੀ ਲਾਉਣ ਨੂੰ ਆਖਦਾ ਹਾਂ।ਬਾਬਾ ਏਨੀ ਸਵਾਦ ਰੋਟੀ ਬਣਾਉਂਦਾ ਹੈ ਬਈ ਤਿੰਨ ਚਾਰ ਰੋਟੀਆਂ ਤਾਂ ਮੈਥੋਂ ਧੱਕੇ ਨਾਲ ਈ ਵੱਧ ਛਕੀਆਂ ਜਾਂਦੀਆਂ ਨੇ।ਪੇਟ ਪੂਜਾ ਕਰਕੇ ਮੈਂ ਅੱਗੇ ਚੱਲ ਪੈਂਦਾ ਹਾਂ।ਕੀਰਤੀਨਗਰ ਜਾਕੇ ਸੜਕ ਹੇਮਕੁੰਡ ਆਲ਼ੀ ਮੇਨ ਰੋਡ 'ਤੇ ਜਾ ਚੜ੍ਹਦੀ ਆ।ਕੀਰਤੀ ਨਗਰ ਸ਼ਹਿਰ ਗੜ੍ਹਵਾਲ ਦੇ ਰਾਜਾ ਕੀਰਤੀ ਸ਼ਾਹ ਨੇ ਵਸਾਇਆ ਸੀ। ਉਸਦੇ ਪੁਰਖਿਆਂ ਦੀ ਰਾਜਧਾਨੀ ਸ਼੍ਰੀਨਗਰ 1815 ਵਿੱਚ ਅੰਗਰੇਜ਼ਾਂ ਨੇ ਖੋਹ ਲੲੀ ਸੀ। ਉਸਤੋਂ ਬਾਅਦ ਹੀ ਸੁਦਰਸ਼ਨ ਸ਼ਾਹ ਨੇ ਟਿਹਰੀ ਨੂੰ ਆਪਣੀ ਰਾਜਧਾਨੀ ਬਣਾਇਆ। ਫੇਰ ਪ੍ਰਤਾਪ ਸ਼ਾਹ ਦੇ ਰਾਜਕਾਲ ਦੌਰਾਨ ਕੁਝ ਸਮਾਂ ਪ੍ਰਤਾਪ ਨਗਰ ਵੀ ਗੜ੍ਹਵਾਲ ਦੀ ਰਾਜਧਾਨੀ ਰਹੀ।ਕੀਰਤੀ ਸ਼ਾਹ ਨੇ ਆਪਣੇ ਪੁਰਖਿਆਂ ਦੀ ਰਾਜਧਾਨੀ ਸ਼੍ਰੀਨਗਰ ਤੋਂ ਚਾਰ ਕਿਲੋਮੀਟਰ ਦੀ ਦੂਰੀ 'ਤੇ ਭਾਗੀਰਥੀ ਨਦੀ ਦੇ ਸੱਜੇ ਕਿਨਾਰੇ ਕੀਰਤੀ ਨਗਰ ਵਸਾਇਆ। ਭਾਗੀਰਥੀ ਦੇ ਖੱਬੇ ਪਾਸੇ ਦਾ ਇਲਾਕਾ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਹੁਣ ਭਾਗੀਰਥੀ ਨਦੀ ਕੀਰਤੀ ਸ਼ਾਹ ਤੇ ਅੰਗਰੇਜ਼ਾਂ ਦੇ ਵਿਚਕਾਰ ਸਰਹੱਦ ਸੀ। ਕੀਰਤੀ ਸ਼ਾਹ ਸ੍ਰੀ ਨਗਰ ਨੂੰ ਤਾਂ ਆਪਣੀ ਰਾਜਧਾਨੀ ਬਣਾ ਨਾ ਸਕਿਆ,ਪਰ ਸ੍ਰੀ ਨਗਰ ਦੇ ਐਨ ਨਜ਼ਦੀਕ ਕੀਰਤੀ ਨਗਰ ਵਸਾ ਕੇ ਉਹਨੇ ਆਪਣੇ ਮਨ ਦਾ ਭਾਰ ਕੁਝ ਕੁ ਹਲਕਾ ਕਰ ਲਿਆ।
ਕੀਰਤੀ ਨਗਰ ਤੱਕ ਦਾ ਰਸਤਾ ਬਿਲਕੁਲ ਸ਼ਾਂਤ ਸੀ, ਪਰ ਹੁਣ ਏਥੇ ਆਕੇ ਇੱਕਦਮ ਟ੍ਰੈਫਿਕ ਦਾ ਹੜ੍ਹ ਜਿਹਾ ਆ ਜਾਂਦਾ ਹੈ।ਸੜਕ ਕੇਸਰੀ ਝੰਡਿਆਂ ਆਲੇ ਹੇਮਕੁੰਟ ਜਾਣ ਆਲ਼ੇ ਮੋਟਰਸਾਈਕਲਾਂ ਨਾਲ ਭਰੀ ਦਿਖਦੀ ਐ। ਸ੍ਰੀ ਨਗਰ ਦੇ ਬਜ਼ਾਰ ਚੋਂ ਨੰਘਣਾ ਦੁੱਭਰ ਹੋ ਜਾਂਦਾ ਏ।ਐਨੀ ਟ੍ਰੈਫਿਕ ਦੇਖਕੇ ਮੇਰਾ ਦਮ ਘੁੱਟ ਰਿਹਾ ਏ।ਸ੍ਰੀ ਨਗਰ ਦੇ ਗੁਰਦੁਆਰੇ ਵਿੱਚ ਮੁਲਖ ਈ ਮੁਲਖ ਫਿਰਦਾ। ਮੈਂ ਸੋਚਦਾ ਆ ਰਿਹਾ ਸੀ ਵੀ ਏਥੋਂ ਲੰਗਰ ਛਕੂੰਗਾ, ਪਰ ਏਥੇ ਤਾਂ ਤਿਲ਼ ਸੁੱਟਣ ਨੂੰ ਵੀ ਥਾਂ ਨੀ ਹੈਗੀ।ਐਨੀ ਭੀੜ ਦੇਖਕੇ ਮੈਂ ਬੱਕੀ ਤੋਂ ਬਿਨਾਂ ਉੱਤਰੇ ਈ ਗਾਹਾਂ ਲੰਘ ਜਾਂਦਾ ਹਾਂ।
------ਚਲਦਾ-----




Comments

  1. ਪੜ੍ਹ ਕੇ ਲੱਗਦਾ ਅਸੀਂ ਵੀ ਨਾਲ ਹੀ ਘੁੰਮ ਕੇ ਆਏ ਹਾਂ ਵੀਰ ਦੇ ਅਮੁੱਲੀ ਜਾਣਕਾਰੀ,,,ਇਹਦੇ ਨਾਲ ਜੇ ਲੋਕਲ ਖਾਣ ਪੀਣ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਊਗੀ

    ReplyDelete
    Replies
    1. ਸ਼ੁਕਰੀਆ ਬਾਈ ਇਹ ਜਾਣਕਾਰੀ ਵੀ ਹੌਲੀ ਹੌਲੀ ਕੱਠੀ ਕਰਾਂਗੇ ਬਾਈ

      Delete
  2. ਬਹੁਤ ਸੋਹਣਾ ਲਿਖਿਆ ਹੈ ਹਰਜਿੰਦਰ

    ReplyDelete
    Replies
    1. ਧੰਨਵਾਦ ਜੀ 🙏🏼🙏🏼❤️❤️

      Delete
  3. ਹਮੇਸ਼ਾ ਦੀ ਤਰ੍ਹਾਂ ਲਾਜਵਾਬ ਤੇ ਸਾਨਦਾਰ ਸਫ਼ਰਨਾਮਾ ਬਾਈ...

    ReplyDelete
  4. Replies
    1. ਸ਼ੁਕਰੀਆ ਭਾਅ ਜੀ ਬਲੌਗ ਤੇ ਗੇੜਾ ਮਾਰਨ ਲਈ ਤੇ ਉਤਸ਼ਾਹ ਦੇਣ ਲਈ

      Delete
  5. ਬਹੁਤ ਹੀ ਲੈਅਬੱਧ ਲਿਖਿਆਂ ਹੈ ਵੀਰ, ਬਹੁਤ ਹੀ ਰੌਚਕ ਜਾਣਕਾਰੀ ਲਈ ਸ਼ੁਕਰੀਆਂ

    ReplyDelete
  6. ਬਹੁਤ ਹੀ ਲੈਅਬੱਧ ਲਿਖਿਆਂ ਹੈ ਵੀਰ, ਬਹੁਤ ਹੀ ਰੌਚਕ ਜਾਣਕਾਰੀ ਲਈ ਸ਼ੁਕਰੀਆਂ

    ReplyDelete
  7. ਬਾਬਾ ਜੀ ਤੁਸੀਂ ਕਮਾਲ ਹੋ ਸ਼ਾਨਦਾਰ ਲਿਖੀਆਂ
    ਵਿਸਥਾਰ ਵਿਚ ਜਾਣਕਾਰੀ ਨਾਲ ਪਰਪੂਰ ਸਬ ਕੁਸ਼ ਅੱਖਾਂ ਦੇ ਅੱਗੇ ਜਿਵੇ ਹੁਣੇ ਹੁਣੇ ਡੈਮ ਤੋਂ ਲੰਗੇ ਹੋਵਾਂ, ਅੰਕ 1,2 ਤਾ ਮੈ ਪਹਿਲਾ ਹੀ ਪੜ੍ਹ ਰੱਖਿਆ ਸੀ ਅੱਜ 5 ਸ਼ੁਰੂ ਕੀਤਾ ਤਾ ਬਨਿਆ ਗਿਆ ਤੇ ਨਾਲ ਹੀ 3,4 ਬਿਨਾ ਰਿਹਾ ਨਾ ਗਿਆ ਤੇ ਸਾਰੇ ਪੜ੍ਹ ਕੇ ਹੀ ਚੈਨ ਆਇਆ ਸਾਰੇ ਇਕ ਤੋਂ ਵੱਧ ਇਕ ...ਸੁਵਾਦ ਆਗਿਆ... ਨਾਨੇ ਵਾਲੀ ਪੂਰੀ ਗੱਲਬਾਤ ਆ ਬਾਬਿਆਂ ਚ

    ReplyDelete
    Replies
    1. ਸ਼ੁਕਰੀਆ ਬਾਬਿਓ ਬਲੌਗ ਤੇ ਗੇੜਾ ਮਾਰਦੇ ਰਿਹਾ ਕਰੋ

      Delete
  8. ਬਹੁਤ ਸੋਹਣਾ ਜਾਣਕਾਰੀ ਭਰਪੂਰ ਸਫਰਨਾਮਾ

    ReplyDelete
  9. ਬਹੁਤ ਸੋਹਣਾ ਜਾਣਕਾਰੀ ਭਰਪੂਰ ਸਫਰਨਾਮਾ

    ReplyDelete
    Replies
    1. ਬਹੁਤ ਬਹੁਤ ਸ਼ੁਕਰੀਆ ਜੀਓ

      Delete

Post a Comment

Popular posts from this blog

ਮੁਗਲਕਾਲੀਨ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਸਰਾਏ ਅਮਾਨਤ ਖਾਂ

ਰੀਝਾਂ ਨਾਲ ਸ਼ਿੰਗਾਰੀ ਮੁਨਸਿਆਰੀ

ਉੱਤਰਾਖੰਡ ਡਾਇਰੀ--7