ਰੀਝਾਂ ਨਾਲ ਸ਼ਿੰਗਾਰੀ ਮੁਨਸਿਆਰੀ

ਜੇ ਬਰਫ਼ ਨਾਲ਼ ਢੱਕੇ ਹਿਮਾਲਿਆ ਦਾ ਅਲੌਕਿਕ ਨਜ਼ਾਰਾ ਦੇਖਣਾ ਹੋਵੇ ਜਾਂ ਫਿਰ ਟ੍ਰੈਕਿੰਗ ਕਰਨੀਂ ਹੋਵੇ ਤਾਂ ਇੱਕ ਵਾਰ ਉੱਤਰਾਖੰਡ ਦੇ ਖੂਬਸੂਰਤ ਪਿੰਡ ਮੁਨਸਿਆਰੀ ਜਾਣਾਂ ਚਾਹੀਦਾ ਹੈ।ਮੁਨਸਿਆਰੀ ਉੱਤਰਾਖੰਡ ਦੇ ਪਿਥੌਰਾਗੜ੍ਹ ਜਿਲ੍ਹੇ ਵਿੱਚ ਸਮੁੰਦਰ ਤਲ ਤੋਂ ਤਕਰੀਬਨ 2200 ਮੀਟਰ ਦੀ ਉਚਾਈ ਤੇ ਵਸਿਆ ਇੱਕ ਛੋਟਾ ਜਿਹਾ ਕਸਬਾ ਹੈ। ਇਸਦੇ ਇੱਕ ਪਾਸੇ ਚੀਨ ਦੀ ਸਰਹੱਦ ਲੱਗਦੀ ਹੈ ਅਤੇ ਦੂਜੇ ਪਾਸੇ ਨੇਪਾਲ ਦੀ। ਮੌਸਮ ਸਾਫ਼ ਹੋਵੇ ਤਾਂ ਪੰਚਾਚੁਲੀ ਦੀਆਂ ਪੰਜ ਚੋਟੀਆਂ ਦਾ ਯਾਦੂਈ ਦ੍ਰਿਸ਼ ਤੁਹਾਨੂੰ ਮੰਤ੍ਰ ਮੁਗਧ ਕਰ ਦੇਵੇਗਾ। ਗੱਲ ਕੀ ਇੱਥੋਂ ਹਰ ਗਲ਼ੀ ਤੇ ਹਰ ਘਰ ਦੀ ਖਿੜਕੀ ਤੋਂ ਪੰਚਾਚੁਲੀ ਦੀਆਂ ਚੋਟੀਆਂ ਨਜ਼ਰ ਆਉਂਦੀਆਂ ਹਨ।
ਕੁਮਾਊਂ ਦੀ ਇੱਕ ਕਹਾਵਤ ਹੈ - ਆਧਾ ਸੰਸਾਰ ਏਕ ਮੁਨਸਿਆਰ ਭਾਵ ਅੱਧੀ ਦੁਨੀਆਂ ਇੱਕ ਪਾਸੇ ਤੇ ਇਕੱਲਾ ਮੁਨਸਿਆਰੀ ਇੱਕ ਪਾਸੇ। ਹਿਮਾਲਿਆ ਦੀ ਤਲਹਟੀ ਵਿੱਚ ਵਸੇ ਇਸ ਬੇਪਨਾਹ ਖੂਬਸੂਰਤ ਪਿੰਡ ਦੀ ਤੁਲਨਾ ਅੱਧੇ ਸੰਸਾਰ ਨਾਲ਼ ਕਰਨ ਦਾ ਅਰਥ ਹੈ ਕਿ ਇਸ ਖੇਤਰ ਨੂੰ ਕੁਦਰਤ ਨੇ ਜੰਨਤ ਦੀ ਤਰ੍ਹਾਂ ਸਜਾਇਆ ਹੈ।
ਸਵੇਰੇ ਉੱਠ ਕੇ ਚਾਹ ਦੀਆਂ ਚੁਸਕੀਆਂ ਲੈਂਦਿਆਂ ਜਦੋਂ ਤੁਸੀਂ ਖਿੜਕੀ ਤੋਂ ਬਾਹਰ ਦੇਖਦੇ ਹੋ ਤਾਂ ਪੰਚਾਚੁਲੀ ਦੀਆਂ ਪੰਜ ਚੋਟੀਆਂ ਦਾ ਨਜ਼ਾਰਾ ਤੱਕ ਕੇ ਤੁਹਾਡੀ ਮੂੰਹ ਮੰਗੀ ਮੁਰਾਦ ਪੂਰੀ ਹੋ ਜਾਂਦੀ ਹੈ।ਮੁਨਸਿਆਰੀ ਨੂੰ ਇੱਕ ਸੈਲਾਨੀ ਸਥਾਨ ਵਜੋਂ ਵਿਕਸਿਤ ਕਰਨ ਦਾ ਸਿਹਰਾ ਕਲਕੱਤਾ ਦੇ ਸਦਾਨੰਦ ਬਾਬੂ ਮਾਜੂਮਦਾਰ ਅਤੇ ਨਿਊਜ਼ੀਲੈਂਡ ਦੀ ਮਾਰਕਿਲ ਕਲਾਰਕ ਨੂੰ ਜਾਂਦਾ ਹੈ। ਸਦਾਨੰਦ ਬਾਬੂ 1981 ਵਿੱਚ ਇੱਥੇ ਮੁਨਸਿਆਰੀ ਤੱਕ ਸੜਕ ਬਣਨ ਮਗਰੋਂ ਹੋਟਲ ਚਲਾਉਣ ਦੇ ਮਕਸਦ ਨਾਲ ਆਏ ਸਨ। ਉਦੋਂ ਇਹ ਇਲਾਕਾ ਹਾਲੇ ਸੈਲਾਨੀਆਂ ਦੀ ਪਹੁੰਚ ਤੋਂ ਅਛੂਤਾ ਹੀ ਸੀ। ਸਦਾਨੰਦ ਬਾਬੂ ਨੇ ਮੁਨਸਿਆਰੀ ਦੀ ਅਲੌਕਿਕ ਸੁੰਦਰਤਾ ਤੋਂ ਪ੍ਰਭਾਵਿਤ ਹੋ ਕੇ ਇਸ ਬਾਰੇ ਲੋਕਾਂ ਨੂੰ ਦੱਸਿਆ ਅਤੇ ਇਸ ਜੰਨਤਮਈ ਖੇਤਰ ਦਾ ਖੂਬ ਪ੍ਰਚਾਰ ਕੀਤਾ। ਇਸਦੇ ਫਲਸਰੂਪ ਕਲਕੱਤਾ ਤੋਂ ਨਿਕਲਣ ਵਾਲੀ 'ਭ੍ਰਮਣ' ਨਾਮਕ ਪੱਤ੍ਰਿਕਾ ਦੀ ਇੱਕ ਟੀਮ ਮੁਨਸਿਆਰੀ ਪਹੁੰਚੀ।ਇਸ ਪੱਤ੍ਰਿਕਾ ਰਾਹੀਂ ਲੋਕ ਮੁਨਸਿਆਰੀ ਦੀ ਖੂਬਸੂਰਤੀ ਤੋਂ ਜਾਣੂ ਹੋਏ। ਜਿਸਦੇ ਸਿੱਟੇ ਵਜੋਂ ਬਹੁਤ ਸਾਰੇ ਬੰਗਾਲੀ ਲੋਕ ਮੁਨਸਿਆਰੀ ਵੱਲ ਰੁੱਖ ਕਰਨ ਲੱਗੇ। 1985 ਦੇ ਆਸ ਪਾਸ ਨਿਊਜ਼ੀਲੈਂਡ ਦੀ ਮਹਿਲਾ ਘੁਮੱਕੜ ਮਾਰਕਿਲ ਕਲਾਰਕ ਮੁਨਸਿਆਰੀ ਆਈ। ਉਸਨੇ ਵੀ ਹਿਮਾਲਿਆ ਦੀ ਸੁੰਦਰਤਾ ਦਾ ਪ੍ਰਚਾਰ ਤੇ ਪ੍ਰਸਾਰ ਦੁਨੀਆਂ ਭਰ ਵਿੱਚ ਕੀਤਾ।ਇਸ ਤਰਾਂ ਸਦਾਨੰਦ ਬਾਬੂ ਅਤੇ ਮਾਰਕਿਲ ਦੀ ਪਹਿਲ ਸਦਕਾ ਮੁਨਸਿਆਰੀ ਦਾ ਇਲਾਕਾ ਸੈਲਾਨੀਆਂ ਵਿੱਚ ਪ੍ਰਸਿੱਧ ਹੋਣ ਲੱਗਿਆ।
ਨਾ ਕੋਈ ਵੱਡਾ ਬਜ਼ਾਰ, ਨਾ ਕੋਈ ਭੀੜ, ਬਜ਼ਾਰ ਦੇ ਨਾਂ ਤੇ ਥੋੜ੍ਹੀਆਂ ਜਿਹੀਆਂ ਦੁਕਾਨਾਂ ਅਤੇ ਗਿਣਤੀ ਦੇ ਹੋਟਲ, ਬੱਸ ਇਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਮੁਨਸਿਆਰੀ। ਪਰ ਹਿਮਾਲਿਆ ਦਾ ਜੋ ਖੂਬਸੂਰਤ ਨਜ਼ਾਰਾ ਇੱਥੋਂ ਦਿਖਦਾ ਹੈ, ਉਹ ਹੋਰ ਕਿਤੋਂ ਨਹੀਂ ਦੇਖਣ ਨੂੰ ਮਿਲਦਾ, ਬੱਸ ਇਹੋ ਹੀ ਇਸਦੀ ਵਿਲੱਖਣਤਾ ਹੈ। ਚਾਰੇ ਪਾਸਿਓਂ ਉੱਚੇ ਪਰਬਤਾਂ ਵਿੱਚ ਘਿਰਿਆ ਮੁਨਸਿਆਰੀ ਇੱਕ ਸੁਪਨਿਆਂ ਦੀ ਧਰਤੀ ਵਾਂਗ ਹੈ। ਸਾਹਮਣੇ ਵਿਸ਼ਵ ਪ੍ਰਸਿੱਧ ਪੰਚਾਚੁਲੀ ਦੀਆਂ ਚੋਟੀਆਂ ਤੇ ਪਿੱਛੇ ਖਲੀਆ ਟੌਪ ਦਾ ਨਜ਼ਾਰਾ ਦਿਖਦਾ ਹੈ। ਖੱਬੇ ਪਾਸੇ ਬਰਫ਼ ਨਾਲ ਲੱਦੇ ਨੰਦਾ ਦੇਵੀ ਤੇ ਤ੍ਰਿਸ਼ੂਲ ਪਰਬਤ ਅਤੇ ਸੱਜੇ ਹੱਥ ਖੂਬਸੂਰਤ ਜਗ੍ਹਾ ਡਾਨਾਧਾਰ ਇਸਦੀ ਖੂਬਸੂਰਤੀ ਨੂੰ ਚਾਰ ਚੰਨ ਲਾਉਂਦੇ ਹਨ।
ਹਿੰਦੂ ਮਿੱਥ ਅਨੁਸਾਰ ਮੁਨਸਿਆਰੀ ਨਾਮ 'ਮੁਨੀ ਕਾ ਸ਼ੇਰਾ' ਭਾਵ ਰਿਸ਼ੀ ਮੁਨੀਆਂ ਦੀ ਤਪੋ ਭੂਮੀ ਤੋਂ ਹੋਂਦ ਵਿੱਚ ਆਇਆ ਹੈ। ਕਹਿੰਦੇ ਯੁੱਗ ਯੁਗਾਂਤਰ ਪਹਿਲਾਂ ਇਸ ਧਰਤੀ ਤੇ ਰਿਸ਼ੀ ਮੁਨੀ ਤਪ ਕਰਦੇ ਸਨ।
ਇਸਨੂੰ ਹਿੰਮ ਨਗਰੀ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ ਕਿਉਂਕਿ ਸਰਦੀਆਂ ਵਿੱਚ ਇੱਥੇ ਖੂਬ ਬਰਫ਼ ਪੈਂਦੀ ਹੈ।ਮੌਜੂਦਾ ਮੁਨਸਿਆਰੀ ਚਾਰ ਗ੍ਰਾਮ ਪੰਚਾਇਤਾਂ - ਸਰਮੋਲੀ, ਘੋਰਪੱਟਾ, ਬੁੰਗਾ ਅਤੇ ਜੈਂਤੀ ਦੀ ਸੀਮਾ 'ਤੇ ਵਸਿਆ ਹੋਇਆ ਹੈ। ਇਸ ਜਗ੍ਹਾ ਨੂੰ ਪੁਰਾਣੇ ਸਮਿਆਂ ਵਿੱਚ ਤਿਕਸੇਨ ਦੇ ਨਾਂ ਨਾਲ਼ ਜਾਣਿਆਂ ਜਾਂਦਾ ਸੀ। 1962 ਦੇ ਯੁੱਧ ਤੋਂ ਪਹਿਲਾਂ ਇਹ ਭਾਰਚ-ਚੀਨ ਵਪਾਰ ਦਾ ਮੁੱਖ ਕੇਂਦਰ ਹੁੰਦਾ ਸੀ। ਤਿਕਸੇਨ ਵਿਖੇ ਦੋਵੇਂ ਪਾਸੇ ਦੇ ਵਪਾਰੀ ਆਕੇ ਠਿਕਾਣਾ ਕਰਦੇ ਸਨ। ਸ਼ਾਇਦ ਜ਼ਿਆਦਾ ਬਰਫ਼ ਪੈਣ ਕਾਰਨ ਹੀ ਹੌਲੀ ਹੌਲੀ ਤਿਕਸੇਨ ਨੂੰ ਮੁਨਸਿਆਰ ਦੇ ਨਾਂ ਨਾਲ ਬੁਲਾਇਆ ਜਾਣ ਲੱਗਾ।ਫਿਰ ਬਾਅਦ ਵਿੱਚ ਮੌਜੂਦਾ ਮੁਨਸਿਆਰੀ ਨਾਂ ਹੋਂਦ ਵਿੱਚ ਆ ਗਿਆ।
ਮੁਨਸਿਆਰੀ ਵੱਲ ਨੂੰ ਜਾਂਦਿਆਂ ਰਸਤੇ ਵਿੱਚ ਸਭ ਤੋਂ ਪਹਿਲਾਂ ਖੂਬਸੂਰਤ ਬ੍ਰਿਥੀ ਫਾਲ ਆਉਂਦਾ ਹੈ। ਇੱਕ ਖੜ੍ਹੇ ਪਹਾੜ ਤੋਂ ਪਾਣੀ ਹੇਠਾਂ ਡਿੱਗਣ ਕਾਰਨ ਇਹ ਖੂਬਸੂਰਤ ਝਰਨਾ ਹੋਂਦ ਵਿੱਚ ਆਇਆ ਹੈ। ਉਸਤੋਂ ਅੱਗੇ ਕਾਲ਼ਾ ਮੁਨੀ ਨਾਮਕ ਬਹੁਤ ਹੀ ਰਮਣੀਕ ਜਗ੍ਹਾ ਆਉਂਦੀ ਹੈ।ਇਹ ਬਾਗੇਸ਼ਵਰ ਤੋਂ ਮੁਨਸਿਆਰੀ ਦੇ ਰਸਤੇ ਦੌਰਾਨ ਸਭ ਤੋਂ ਉੱਚੀ ਜਗ੍ਹਾ ਹੈ।ਇੱਥੇ ਕਾਲ਼ੀ ਮਾਤਾ ਦਾ ਇੱਕ ਛੋਟਾ ਜਿਹਾ ਮੰਦਿਰ ਹੈ, ਜਿਸਦੇ ਪ੍ਰਤੀ ਇਸ ਖੇਤਰ ਦੇ ਲੋਕਾਂ ਅੰਦਰ ਅਥਾਹ ਸ਼ਰਧਾ ਪਾਈ ਜਾਂਦੀ ਹੈ। ਕਹਿੰਦੇ ਸਰਦੀਆਂ ਵਿੱਚ ਮੁਨਸਿਆਰੀ ਦੇ ਆਸ ਪਾਸ ਜਦੋਂ ਮੌਸਮ ਖ਼ਰਾਬ ਹੋ ਜਾਵੇ ਤਾਂ ਬਰਫ਼ ਦੇ ਤੋਦੇ ਸਭ ਤੋਂ ਪਹਿਲਾਂ ਕਾਲ਼ਾਮੁਨੀ ਟੌਪ 'ਤੇ ਡਿੱਗਣੇ ਸ਼ੁਰੂ ਹੁੰਦੇ ਹਨ। ਇੱਥੇ ਮੁਨਸਿਆਰੀ ਦੇ ਮੁਕਾਬਲੇ ਮੌਸਮ ਵੀ ਕਾਫ਼ੀ ਠੰਢਾ ਰਹਿੰਦਾ ਹੈ।
ਮੁਨਸਿਆਰੀ ਪਹੁੰਚ ਕੇ ਸਭ ਤੋਂ ਪਹਿਲਾਂ ਮੈਂ ਟੈਂਟ ਲਗਾਉਣ ਕੋਈ ਸੁਰੱਖਿਅਤ ਥਾਂ ਲੱਭਣ ਲੱਗਾ। ਇੱਕ ਸਥਾਨਿਕ ਨੇ ਦੱਸਿਆ ਕਿ ਥੋੜ੍ਹੀ ਦੂਰ ਨੰਦਾ ਦੇਵੀ ਮੰਦਰ ਹੈ।ਇਹੋ ਕੈਂਪਿੰਗ ਵਾਸਤੇ ਮੁਨਸਿਆਰੀ ਦੀ ਸਭ ਤੋਂ ਖੂਬਸੂਰਤ ਤੇ ਸੁਰੱਖਿਅਤ ਥਾਂ ਹੈ।ਉਹਦੀ ਗੱਲ ਸੁਣ ਕੇ ਮੈਂ ਨੰਦਾ ਦੇਵੀ ਮੰਦਿਰ ਪਹੁੰਚ ਗਿਆ। ਵਾਕਿਆ ਹੀ ਇੱਥੋਂ ਦਾ ਨਜ਼ਾਰਾ ਦਿਲ ਨੂੰ ਛੋਹਣ ਵਾਲ਼ਾ ਸੀ। ਇੱਕ ਹਰਾ ਭਰਾ ਘਾਹ ਦਾ ਮੈਦਾਨ, ਵਿਚਕਾਰ ਮੰਦਿਰ ਵੱਲ ਨੂੰ ਜਾਂਦੀ ਪੱਕੀ ਪਗਡੰਡੀ, ਮੈਦਾਨ ਦੇ ਵਿਚਕਾਰ ਛੋਟਾ ਜਾ ਮੰਦਿਰ ਤੇ ਸਾਹਮਣੇ ਚਾਂਦੀ ਵਾਂਗਰ ਚਮਕਦੀਆਂ ਪੰਚਾਚੁਲੀ ਦੀਆਂ ਬਰਫ਼ ਲੱਦੀਆਂ ਚੋਟੀਆਂ।ਇਹ ਕਾਲਪਨਿਕ ਸਵਰਗ ਵਰਗਾ ਦ੍ਰਿਸ਼ ਸੀ।ਇਸ ਜਗ੍ਹਾ ਨੂੰ ਡਾਨਾਧਾਰ ਵੀ ਆਖਦੇ ਹਨ। ਇੱਥੇ ਆਲ਼ੇ ਦੁਆਲ਼ੇ ਦੇ ਨਜ਼ਾਰਿਆਂ ਨੂੰ ਦੇਖਣ ਲਈ ਇੱਕ ਉੱਚਾ ਵਾਚ ਟਾਵਰ ਬਣਿਆਂ ਹੈ। ਜਿਸ ਉੱਪਰ ਚੜ੍ਹ ਕੇ ਚਾਰ ਚੁਫੇਰੇ ਕੁਦਰਤ ਦੇ ਅਥਾਹ ਰੰਗ ਦੇਖਣ ਨੂੰ ਮਿਲਦੇ ਹਨ।
ਚਾਰ ਪੰਜ ਸਾਲਾਂ ਤੋਂ ਇਸ ਮੰਦਿਰ ਦੀ ਸਾਂਭ ਸੰਭਾਲ ਦੇਵ ਸਿੰਘ ਪਾਪੜਾ ਨਾਂ ਦਾ ਇੱਕ ਸਾਬਕਾ ਫੌਜੀ ਕਰਦਾ ਆ ਰਿਹਾ ਹੈ। ਕਹਿੰਦੇ ਹਨ ਕਿ 2013 ਤੋਂ ਪਹਿਲਾਂ ਇਸ ਥਾਂ 'ਤੇ ਕੋਈ ਨਹੀਂ ਆਉਂਦਾ ਸੀ।ਚਾਰੇ ਪਾਸੇ ਜੰਗਲੀ ਝਾੜੀਆਂ ਅਤੇ ਘਾਹ ਫੂਸ ਉੱਗਿਆ ਹੋਇਆ ਸੀ। 2013 ਵਿੱਚ ਦੇਵ ਸਿੰਘ ਪਾਪੜਾ ਨੇ ਨੰਦਾ ਦੇਵੀ ਮੰਦਿਰ ਆਕੇ ਰਹਿਣਾ ਸ਼ੁਰੂ ਕੀਤਾ ਅਤੇ ਇਕੱਲਿਆਂ ਹੀ ਆਵਦੇ ਦਮ ਉੱਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਕਰਨ ਲੱਗਿਆ। ਕਿਸੇ ਤੋਂ ਕੋਈ ਆਰਥਿਕ ਮੱਦਦ ਨਹੀਂ ਮੰਗੀ ਬੱਸ ਇਸ ਜਗ੍ਹਾ ਨੂੰ ਸੰਵਾਰਨ ਵਿੱਚ ਜੁਟ ਗਿਆ। ਥਾਂ ਪੱਧਰੀ ਕੀਤੀ, ਫੇਰ ਘਾਹ ਤੇ ਫੁੱਲ ਬੂਟੇ ਲਗਾਏ। ਇਸ ਤਰਾਂ ਉਸਨੇ ਆਪਣੀ ਮਿਹਨਤ ਨਾਲ਼ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਡਾਨਾਧਾਰ ਨੂੰ ਮੁਨਸਿਆਰੀ ਦੀ ਖੂਬਸੂਰਤ ਪਿਕਨਿਕ ਸਪੌਟ ਬਣਾ ਦਿੱਤਾ। ਇੱਥੇ ਟੈਂਟ ਲਾਉਣ ਵਾਸਤੇ ਦੇਵ ਸਿੰਘ ਤੋਂ ਇਜਾਜ਼ਤ ਲੈਣੀ ਜ਼ਰੂਰੀ ਸੀ। ਬਦਕਿਸਮਤੀ ਨੂੰ ਉਹ ਆਪਣੇ ਪਿੰਡ ਚਲਾ ਗਿਆ ਸੀ। ਜਿਸ ਕਰਕੇ ਉਸ ਕਰਮਯੋਗੀ ਦੇ ਦਰਸ਼ਨ ਵੀ ਨਹੀਂ ਹੋ ਸਕੇ ਅਤੇ ਇਸ ਜੰਨਤ ਵਿੱਚ ਇੱਕ ਰਾਤ ਗੁਜ਼ਾਰਨ ਦਾ ਮੌਕਾ ਵੀ ਖੁੰਝ ਗਿਆ।
ਜਨਜਾਤੀ ਲੋਕਾਂ ਦੀ ਜੀਵਨ ਸ਼ੈਲੀ ਅਤੇ ਵਿਰਾਸਤ ਵਿੱਚ ਰੁਚੀ ਰੱਖਣ ਵਾਲਿਆਂ ਲਈ ਇੱਥੇ ਜਨਜਾਤੀ ਹੈਰੀਟੇਜ ਮਿਊਜ਼ੀਅਮ ਹੈ। ਮੁਨਸਿਆਰੀ ਅਤੇ ਆਸ ਪਾਸ ਦੇ ਖੇਤਰ ਵਿੱਚ ਜ਼ਿਆਦਾਤਰ ਜਨਜਾਤੀ ਲੋਕ ਰਹਿੰਦੇ ਹਨ। ਇੱਥੇ ਸੌ ਤੋਂ ਵੀ ਜ਼ਿਆਦਾ ਜਨਜਾਤੀਆਂ ਦੇ ਲੋਕ ਵਸਦੇ ਹਨ। ਇੱਥੋਂ ਦੇ ਮੂਲ ਨਿਵਾਸੀ ਸ਼ੌਰਾ ਅਤੇ ਭੋਟੀਆ ਜਨਜਾਤੀ ਨਾਲ਼ ਸਬੰਧਤ ਹਨ। ਇਹ ਲੋਕ ਆਪਣੀ ਮੂਲ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਬਹੁਤ ਪਿਆਰ ਕਰਦੇ ਹਨ। ਆਪਣੀ ਜੀਵਨ ਸ਼ੈਲੀ ਅਤੇ ਵਿਰਾਸਤ ਨੂੰ ਸੰਭਾਲਣ ਵਿੱਚ ਇਹ ਆਪਣੀ ਸ਼ਾਨ ਸਮਝਦੇ ਹਨ। ਜਨਜਾਤੀ ਹੈਰੀਟੇਜ ਮਿਊਜ਼ੀਅਮ ਇਹਨਾਂ ਲੋਕਾਂ ਦੀ ਸ਼ਾਨ ਦਾ ਪ੍ਰਤੀਕ ਹੀ ਤਾਂ ਹੈ। ਇਹ ਇੱਕ ਨਿੱਜੀ ਮਿਊਜ਼ੀਅਮ ਹੈ, ਜੋ ਸਥਾਨਕ ਨਿਵਾਸੀ ਸੁਰਿੰਦਰ ਸਿੰਘ ਪਾਂਗਤੀ ਦੇ ਘਰ ਵਿੱਚ ਸਥਿਤ ਹੈ। ਇਸ ਅੰਦਰ ਭੋਟੀਆ ਜਨਜਾਤੀ ਦੇ ਜੀਵਨ ਢੰਗ ਅਤੇ ਵਿਰਾਸਤ ਨੂੰ ਬੜੇ ਸੁੰਦਰ ਤਰੀਕੇ ਨਾਲ਼ ਸੰਭਾਲ ਕੇ ਰੱਖਿਆ ਗਿਆ ਹੈ। ਇੱਥੇ ਤੁਸੀਂ ਭੋਟੀਆ ਜਨਜਾਤੀ ਦੇ ਲੋਕਾਂ ਦਾ ਪਰੰਪਰਿਕ ਹਾਰ ਸ਼ਿੰਗਾਰ ਦਾ ਸਮਾਨ, ਲੱਕੜੀ ਦੇ ਬਣੇ ਕਟੋਰੇ, ਖਾਣੇ ਦੇ ਬਰਤਨ, ਭੋਟੀਆ ਲੋਕਾਂ ਦੇ ਹੁੱਕੇ ਆਦਿ ਦੇਖ ਸਕਦੇ ਹੋ।
ਮੁਨਸਿਆਰੀ ਟਰੈਕਿੰਗ ਦੇ ਸ਼ੌਕੀਨਾਂ ਲਈ ਵੀ ਸਵਰਗ ਹੈ। ਜੇ ਤੁਸੀਂ ਟਰੈਕਿੰਗ ਦੀ ਸ਼ੁਰੂਆਤ ਕਰਨੀਂ ਹੈ ਤਾਂ ਇੱਥੋਂ ਪੰਜ ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਕੇ ਖਲੀਆ ਟੌਪ ਪਹੁੰਚ ਸਕਦੇ ਹੋ। ਤਕਰੀਬਨ ਸਾਢੇ ਦਸ ਹਜ਼ਾਰ ਫੁੱਟ ਦੀ ਉੱਚਾਈ ਤੇ ਸਥਿਤ ਖਲੀਆ ਟੌਪ ਮੁਨਸਿਆਰੀ ਦੀ ਬੇਹੱਦ ਖੂਬਸੂਰਤ ਜਗ੍ਹਾ ਹੈ। ਇੱਥੇ ਖੜ੍ਹ ਕੇ ਹਿਮਾਲਿਆ ਦਾ ਜੋ ਦ੍ਰਿਸ਼ ਨਜ਼ਰ ਆਉਂਦਾ ਹੈ, ਉਸਨੂੰ ਤੱਕ ਕੇ ਅੱਖਾਂ ਚੁੰਧਿਆ ਜਾਂਦੀਆਂ ਹਨ। ਕੈਂਪਿੰਗ ਦੇ ਸ਼ੌਕੀਨਾਂ ਲਈ ਇਹ ਜਗ੍ਹਾ ਕਿਸੇ ਸਵਰਗ ਤੋਂ ਘੱਟ ਨਹੀਂ। ਰਾਤ ਦੇ ਹਨੇਰੇ ਵਿੱਚ ਜਦੋਂ ਚੰਦਰਮਾ ਦੀਆਂ ਰਿਸ਼ਮਾਂ ਹਿਮਾਲਿਆ ਦੀਆਂ ਬਰਫ਼ਾਨੀ ਚੋਟੀਆਂ ਤੇ ਪੈਂਦੀਆਂ ਹਨ ਤਾਂ ਇਹ ਨਜ਼ਾਰਾ ਦੇਖਕੇ ਆਪ ਮੁਹਾਰੇ ਉਸ ਬੇਅੰਤ ਕੁਦਰਤ ਦੇ ਬਲਿਹਾਰੇ ਜਾਣ ਨੂੰ ਦਿਲ ਕਰਦਾ ਹੈ। ਇਸ ਪੰਜ ਕਿਲੋਮੀਟਰ ਦੇ ਟ੍ਰੈਕ ਦੌਰਾਨ ਕਦਮ ਕਦਮ ਤੇ ਪ੍ਰਾਕਿਰਤੀ ਦੇ ਰੰਗਾਂ ਨੂੰ ਮਾਨਣ ਦਾ ਮੌਕਾ ਮਿਲਦਾ ਹੈ। ਰਸਤੇ ਵਿੱਚ ਮੁਨਸਿਆਰੀ ਦਾ ਖੂਬਸੂਰਤ ਦ੍ਰਿਸ਼ ਨਜ਼ਰੀਂ ਪੈਂਦਾ ਹੈ। ਉੱਪਰ ਸ਼ਾਨਦਾਰ ਘਾਹ ਦੇ ਮੈਦਾਨ ਦੇਖਕੇ ਜਾਪਦਾ ਹੈ ਜਿਵੇਂ ਕੁਦਰਤ ਨੇ ਪਹਾੜ ਦੀ ਟੀਸੀ 'ਤੇ ਹਰੇ ਰੰਗ ਦੀ ਚਾਦਰ ਵਿਛਾ ਦਿੱਤੀ ਹੋਵੇ। ਇੱਥੇ ਭੇਡਾਂ ਬੱਕਰੀਆਂ ਦੇ ਝੁੰਡ ਆਮ ਹੀ ਵੇਖਣ ਨੂੰ ਮਿਲਦੇ ਹਨ। ਸਰਦੀਆਂ ਵਿੱਚ ਜਦੋਂ ਖਲੀਆ ਟੌਪ ਬਰਫ਼ ਨਾਲ਼ ਢੱਕਿਆ ਜਾਂਦਾ ਹੈ ਤਾਂ ਇੱਥੇ ਬਰਫ਼ ਦੀ ਖੇਡ ਸਕੀਇੰਗ ਵੀ ਕਰਵਾਈ ਜਾਂਦੀ ਹੈ। ਤੁਸੀਂ ਇੱਥੋਂ ਥਾਮਰੀ ਕੁੰਡ ਨਾਂ ਦੀ ਛੋਟੀ ਜਿਹੀ ਝੀਲ ਦਾ ਟ੍ਰੈਕ ਵੀ ਕਰ ਸਕਦੇ ਹੋ। ਇਹ ਤਾਜ਼ੇ ਪਾਣੀ ਦੀ ਝੀਲ ਬਿਲਕੁਲ ਇਕਾਂਤ ਜੰਗਲ ਵਿੱਚ ਸਥਿਤ ਹੈ।
ਜੇਕਰ ਤੁਸੀਂ ਟਰੈਕਿੰਗ ਵਿੱਚ ਹੰਢ ਚੁੱਕੇ ਹੋ ਅਤੇ ਕੋਈ ਲੰਮਾ ਅਤੇ ਕਠਿਨ ਟ੍ਰੈਕ ਕਰਨਾ ਚਾਹੁੰਦੇ ਹੋ ਤਾਂ ਮਿਲਮ ਗਲੇਸ਼ੀਅਰ, ਰਾਲਮ ਗਲੇਸ਼ੀਅਰ, ਨਾਮਿਕ ਗਲੇਸ਼ੀਅਰ ਅਤੇ ਨੰਦਾ ਦੇਵੀ ਬੇਸ ਕੈਂਪ ਵਰਗੇ ਵਿਸ਼ਵ ਪ੍ਰਸਿੱਧ ਟ੍ਰੈਕ ਇੱਥੋਂ ਹੀ ਸ਼ੁਰੂ ਹੁੰਦੇ ਹਨ। ਗੋਰੀ ਗੰਗਾ ਨਦੀ ਮਿਲਮ ਗਲੇਸ਼ੀਅਰ ਤੋਂ ਹੀ ਜਨਮ ਲੈਂਦੀ ਹੈ ਅਤੇ ਜੌਲਜੀਬੀ ਕੋਲ਼ ਕਾਲ਼ੀ ਨਦੀ ਵਿੱਚ ਸਮਾ ਜਾਂਦੀ ਹੈ।ਮਿਲਮ ਗਲੇਸ਼ੀਅਰ ਤੱਕ ਜਾਣ ਲਈ ਲਗਭਗ 66 ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ। ਰਾਲਮ ਗਲੇਸ਼ੀਅਰ ਇਸ ਖੇਤਰ ਦਾ ਸਭ ਤੋਂ ਕਠਿਨ ਟ੍ਰੈਕ ਹੈ।ਲਗਭਗ 80 ਕਿਲੋਮੀਟਰ ਦੇ ਇਸ ਟ੍ਰੈਕ ਦੌਰਾਨ ਆਪਣੇ ਖਾਣ ਪੀਣ ਅਤੇ ਰਹਿਣ ਦਾ ਪ੍ਰਬੰਧ ਤੁਹਾਨੂੰ ਖੁਦ ਹੀ ਕਰਨਾ ਪਵੇਗਾ। ਵਿਸ਼ਵ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਵਿੱਚ ਸ਼ੁਮਾਰ ਨੰਦਾ ਦੇਵੀ ਦੇ ਬੇਸ ਤੱਕ ਦਾ ਪੈਦਲ ਸਫ਼ਰ ਵੀ ਖੂਬਸੂਰਤ ਅਤੇ ਰੁਮਾਂਚ ਭਰਿਆ ਹੈ। ਇਸ ਤਰਾਂ ਮੁਨਸਿਆਰੀ ਇੱਕ ਆਦਰਸ਼ ਪਹਾੜੀ ਥਾਂ ਹੈ, ਜਿੱਥੇ ਆਕੇ ਸੈਲਾਨੀਆਂ ਨੂੰ ਕੁਦਰਤ ਦਾ ਹਰ ਰੰਗ ਦੇਖਣ ਨੂੰ ਮਿਲਦਾ ਹੈ।

Comments

Popular posts from this blog

ਮੁਗਲਕਾਲੀਨ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਸਰਾਏ ਅਮਾਨਤ ਖਾਂ

ਉੱਤਰਾਖੰਡ ਡਾਇਰੀ--7