ਉੱਤਰਾਖੰਡ ਦਾ ਸਵਰਗ ਹਿੰਮ ਨਗਰੀ ਮੁਨਸਿਆਰੀ
ਇਸ ਯਾਤਰਾ ਦਾ ਪਿਛਲਾ ਭਾਗ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ
https://anoopgarh43.blogspot.com/2018/12/blog-post.html?m=1
 |
| ਵਾਚ ਟਾਵਰ ਉੱਤੋਂ ਖਿੱਚੀ ਫੋਟੋ |
ਮੈਂ ਸੋਚਦਾ ਸੀ ਕਿ ਮੁਨਸਿਆਰੀ ਕੋਈ ਵੱਡਾ ਸਾਰਾ ਕਸਬਾ ਹੋਊਗਾ। ਸੈਲਾਨੀਆਂ ਦੀ ਭੀੜ ਹੋਊਗੀ ਤੇ ਬਜ਼ਾਰ ਵਿੱਚ ਚਾਰੇ ਪਾਸੇ ਚਹਿਲ ਪਹਿਲ ਲੱਗੀ ਹੋਊ। ਪਰ ਇਹ ਤਾਂ ਇੱਕ ਪਿੰਡ ਜਾ ਈ ਨਿਕਲਿਆ। ਨਾ ਕੋਈ ਵੱਡਾ ਬਜ਼ਾਰ, ਨਾ ਕੋਈ ਭੀੜ, ਬਜ਼ਾਰ ਦੇ ਨਾਂ ਤੇ ਥੋੜ੍ਹੀਆਂ ਜੀਆਂ ਦੁਕਾਨਾਂ ਤੇ ਪੰਜ ਚਾਰ ਹੋਟਲ, ਬੱਸ ਇਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਮੁਨਸਿਆਰੀ। ਪਰ ਹਿਮਾਲਿਆ ਦਾ ਜੋ ਖੂਬਸੂਰਤ ਨਜ਼ਾਰਾ ਏਥੋਂ ਦਿਖਦੈ, ਉਹ ਹੋਰ ਕਿਤੋਂ ਨੀ ਦੇਖਣ ਨੂੰ ਮਿਲਦਾ, ਬੱਸ ਏਹੀ ਇਸਦੀ ਵਿਲੱਖਣਤਾ ਹੈ। ਇਸਨੂੰ ਹਿੰਮ ਨਗਰੀ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ ਕਿਉਂਕਿ ਸਰਦੀਆਂ ਵਿੱਚ ਏਥੇ ਖੂਬ ਬਰਫ਼ ਪੈਂਦੀ ਆ।ਅਸਲ ਵਿੱਚ ਮੁਨਸਿਆਰੀ ਦਾ ਸ਼ਾਬਦਿਕ ਅਰਥ ਈ 'ਬਰਫ ਦੀ ਧਰਤੀ' ਐ। ਚਾਰੇ ਪਾਸਿਓਂ ਉੱਚੇ ਪਰਬਤਾਂ ਵਿੱਚ ਘਿਰਿਆ ਮੁਨਸਿਆਰੀ ਇੱਕ ਸੁਪਨਿਆਂ ਦੀ ਧਰਤੀ ਵਾਂਗ ਐ। ਸਾਹਮਣੇ ਵਿਸ਼ਵ ਪ੍ਰਸਿੱਧ ਪੰਚਾਚੁਲੀ ਦੀਆਂ ਚੋਟੀਆਂ ਤੇ ਪਿੱਛੇ ਖਲੀਆ ਟੌਪ ਦਾ ਨਜ਼ਾਰਾ ਦਿਖਦੈ। ਖੱਬੇ ਪਾਸੇ ਬਰਫ਼ ਨਾਲ ਲੱਦੇ ਨੰਦਾ ਦੇਵੀ ਤੇ ਤ੍ਰਿਸ਼ੂਲ ਪਰਬਤ ਤੇ ਸੱਜੇ ਹੱਥ ਖੂਬਸੂਰਤ ਪਿਕਨਿਕ ਸਪੌਟ ਡਾਨਾਧਾਰ ਹੈ। ਮੁਨਸਿਆਰੀ ਨੂੰ ਨਾਮਿਕ, ਰਾਲਮ ਤੇ ਮਿਲਮ ਗਲੇਸ਼ੀਅਰਾਂ ਦੇ ਬੇਸ ਵਜੋਂ ਜਾਣਿਆਂ ਜਾਂਦਾ ਐ।ਸਭ ਤੋਂ ਪਹਿਲਾਂ ਤਾਂ ਮੈਂ ਰਾਤ ਕੱਟਣ ਦਾ ਜੁਗਾੜ ਕਰਨਾ ਗਾ ਤੇ ਕੋਈ ਪੱਧਰੀ ਤੇ ਸੇਫ ਜਗ੍ਹਾ ਦੇਖਕੇ ਆਵਦਾ ਟੈਂਟ ਜੜਨਾ ਗਾ। ਜਿਸ ਕਰਕੇ ਕੲੀ ਬੰਦਿਆਂ ਤੋਂ ਮੈਂ ਟੈਂਟ ਜੜਨ ਵਾਸਤੇ ਜਗ੍ਹਾ ਬਾਰੇ ਪਤਾ ਕਰਦਾ ਹਾਂ।ਪਰ ਏਥੇ ਕਿਤੇ ਵੀ ਮੈਨੂੰ ਟੈਂਟ ਲਾਉਣ ਲਈ ਥਾਂ ਨੀ ਲੱਭਦੀ। ਫੁੱਟਬਾਲ ਟੂਰਨਾਮੈਂਟ ਚੱਲਦਾ ਹੋਣ ਕਰਕੇ ਅੱਜ ਗਰਾਉਂਡ ਵੀ ਨੀ ਵਿਹਲਾ ਹੈਗਾ ਨਹੀਂ ਤਾਂ ਓਥੇ ਡੇਰੇ ਜਾ ਲਾਉਣੇ ਸੀ। ਦੂਰੋਂ ਦੂਰੋਂ ਟੀਮਾਂ ਆਈਆਂ ਹੋਈਆਂ ਨੇ ਪਿਥੌਰਾਗੜ੍ਹ, ਦੇਹਰਾਦੂਨ, ਅਲਮੋੜਾ ਤੇ ਹੋਰ ਸ਼ਹਿਰਾਂ ਤੋਂ। ਖਿਡਾਰੀਆਂ ਦੇ ਰਾਤ ਰੁਕਣ ਦਾ ਜੁਗਾੜ ਵੀ ਗਰਾਉਂਡ ਵਿੱਚ ਈ ਕੀਤਾ ਹੋਇਐ। ਢੁੱਕਵੀਂ ਥਾਂ ਭਾਲਦਾ ਹੋਇਆ ਮੈਂ ਇੱਕ ਕਿਲੋਮੀਟਰ ਗਾਹਾਂ ਲੰਘ ਜਾਂਦਾ ਹਾਂ। ਇੱਕ ਥਾਂ ਸੜਕ ਤੋਂ ਥੋੜ੍ਹਾ ਹਟਵਾਂ ਇੱਕ ਖੁੱਲ੍ਹਾ ਮੈਦਾਨ ਦਿਖਾਈ ਦਿੰਦਾ ਹੈ। ਏਥੇ ਕੁਝ ਔਰਤਾਂ ਇੱਕ ਉੱਚੇ ਥੜ੍ਹੇ 'ਤੇ ਬੈਠੀਆਂ ਗੱਪਸ਼ੱਪ ਕਰ ਰਹੀਆਂ ਨੇ।ਉਹਨਾਂ ਦੇ ਕੋਲ਼ ਈ ਤਿੰਨ ਚਾਰ ਜਵਾਕ ਵੀ ਖੇਡੀ ਜਾਂਦੇ ਨੇ।

ਬੱਕੀ ਸੈੜ ਤੇ ਲਾਕੇ ਮੈਂ ਉਹਨਾਂ ਕੋਲ ਜਾਕੇ ਪੁੱਛਦਾ ਹਾਂ ਕਿ ਜੇ ਮੈਂ ਐਥੇ ਟੈਂਟ ਲਾ ਲਵਾਂ ਤਾਂ ਕੋਈ ਤਰਾਜ਼ ਤਾਂ ਨਹੀਂ? ਉਹ ਕਹਿੰਦੀਆਂ ਹਨ ਸਾਨੂੰ ਭਲਾ ਕੀ ਤਰਾਜ਼ ਹੋਣਾ ਬੱਸ ਇੱਕ ਬੇਨਤੀ ਆ ਵੀ ਕਚਰਾ ਨਾ ਖਿਲਾਰੀਂ।ਏਨੇ ਨੂੰ ਇੱਕ ਹੈਟ ਆਲ਼ਾ ਬੰਦਾ ਵੀ ਓਥੇ ਆ ਜਾਂਦਾ ਹੈ। ਨਾਲ਼ ਈ ਸੜਕ ਦੇ ਦੂਜੇ ਪਾਸੇ ਉਹਦਾ ਘਰ ਹੈ।ਉਹ ਪਹਿਲਾਂ ਤਾਂ ਮੇਰਾ ਅਤਾ ਪਤਾ ਪੁੱਛਦਾ ਹੈ ਤੇ ਫੇਰ ਬੜੇ ਪਿਆਰ ਨਾਲ ਸਲਾਹ ਦਿੰਦਾ ਹੈ ਕਿ ਐਥੇ ਟੈਂਟ ਤਾਂ ਲਾ ਲੈ, ਪਰ ਟੂਰਨਾਮੈਂਟ ਕਰਕੇ ਅੱਜ ਪਤਾ ਨੀ ਕਿੱਥੋਂ ਕਿੱਥੋਂ ਦੇ ਲੋਫਰ ਏਥੇ ਫਿਰਦੇ ਨੇ। ਲੋਕਲ ਬੰਦਿਆਂ ਦਾ ਤਾਂ ਕੋਈ ਡਰ ਨੀ ਪਰ ਬਾਹਰਲੇ ਨਸ਼ੇੜੀਆਂ ਦਾ ਕੀ ਪਤਾ ਕੀ ਕਰ ਦੇਣ।ਏਸ ਕਰਕੇ ਤੂੰ ਅੱਗੇ ਨੰਦਾ ਦੇਵੀ ਮੰਦਰ ਚਲਿਆ ਜਾ, ਓਥੇ ਸੇਫ ਵੀ ਰਹੇਂਗਾ ਤੇ ਜਗ੍ਹਾ ਵੀ ਬੇਹੱਦ ਖੂਬਸੂਰਤ ਐ।ਉਹਦੀ ਗੱਲ ਸੁਣ ਕੇ ਮੈਂ ਬੱਕੀ ਨੰਦਾ ਦੇਵੀ ਮੰਦਰ ਅੱਲ ਨੂੰ ਹੱਕ ਦਿੰਨਾ।ਵਾਕਿਆ ਈ ਏਥੋਂ ਦਾ ਨਜ਼ਾਰਾ ਦਿਲ ਨੂੰ ਛੋਹਣ ਆਲ਼ਾ ਏ। ਇੱਕ ਹਰਾ ਭਰਾ ਘਾਹ ਦਾ ਮੈਦਾਨ, ਵਿਚਕਾਰੋਂ ਮੰਦਿਰ ਅੱਲ ਨੂੰ ਜਾਂਦੀ ਪੱਕੀ ਪਗਡੰਡੀ, ਮੈਦਾਨ ਦੇ ਵਿਚਕਾਰ ਛੋਟਾ ਜਾ ਮੰਦਿਰ ਤੇ ਸਾਹਮਣੇ ਚਾਂਦੀ ਵਾਂਗਰ ਚਮਕਦੀਆਂ ਪੰਚਾਚੁਲੀ ਦੀਆਂ ਬਰਫ਼ ਲੱਦੀਆਂ ਚੋਟੀਆਂ। ਕਾਲਪਨਿਕ ਸੁਰਗ ਵਰਗਾ ਐ ਸਭ ਕੁਝ।ਏਸ ਜਗ੍ਹਾ ਨੂੰ ਡਾਨਾਧਾਰ ਵੀ ਆਹਦੇ ਨੇ।




ਆਲ਼ੇ ਦੁਆਲ਼ੇ ਦੇ ਨਜ਼ਾਰਿਆਂ ਨੂੰ ਦੇਖਣ ਲਈ ਏਥੇ ਇੱਕ ਵਾਚ ਟਾਵਰ ਬਣਿਆਂ ਹੋਇਆ ਹੈ। ਜਦੋਂ ਏਹਦੇ ਉੱਪਰ ਚੜ੍ਹੀਂਦੈ ਤਾਂ ਇਹ ਲਚਕ ਨਾਲ਼ ਹਿੱਲਣ ਲਗਦਾ ਹੈ। ਏਹਦੇ ਉੱਪਰ ਕਾਫੀ ਰੌਣਕ ਮੇਲਾ ਲੱਗਿਆ ਹੋਇਆ ਐ। ਜਦੋਂ ਸ਼ਹਿਰੀ ਜੀਆਂ ਕੁੜੀਆਂ ਹੇਠਾਂ ਉੱਤਰਨ ਲੱਗਦੀਆਂ ਨੇ ਤਾਂ ਟਾਵਰ ਹਿੱਲਣ ਲੱਗਦਾ ਹੈ। ਉਹਨਾਂ ਦੀਆਂ ਚੀਕਾਂ ਦੂਰ ਦੂਰ ਤੱਕ ਪਹਾੜਾਂ ਵਿੱਚ ਗੂੰਜਣ ਲੱਗਦੀਆਂ ਨੇ।ਸਾਰੇ ਉਹਨਾਂ ਨੂੰ ਦੇਖਕੇ ਹੱਸਣ ਲੱਗਦੇ ਨੇ।
 |
| Photo by my Facebook friend Akhilesh Pardhan |
 |
| This is also clicked by Akhilesh bhai |

ਮੈਂ ਹੇਠਾਂ ਉੱਤਰ ਕੇ ਮੰਦਿਰ ਦੀ ਦੇਖਭਾਲ ਕਰਨ ਆਲੇ ਸਾਬਕਾ ਫੌਜੀ ਦੇਵ ਸਿੰਘ ਪਾਪੜਾ ਨੂੰ ਏਧਰ ਓਧਰ ਲੱਭਣ ਲੱਗਦਾ ਹਾਂ ਤਾਂ ਕਿ ਉਹਤੋਂ ਟੈਂਟ ਲਾਉਣ ਦੀ ਇਜਾਜ਼ਤ ਲੈ ਸਕਾਂ। ਪਰ ਫੌਜੀ ਸਾਬ੍ਹ ਦੇ ਕਮਰੇ ਨੂੰ ਜਿੰਦਾ ਲੱਗਿਆ ਹੋਇਆ ਗਾ। ਆਹਦੇ 2013 ਤੋਂ ਪਹਿਲਾਂ ਏਹ ਥਾਂ ਤੇ ਕੋਈ ਨੀ ਆਉਂਦਾ ਸੀ।ਚਾਰੇ ਪਾਸੇ ਜੰਗਲੀ ਝਾੜੀਆਂ ਤੇ ਘਾਹ ਫੂਸ ਉੱਗਿਆ ਹੋਇਆ ਸੀ। 2013 ਵਿੱਚ ਦੇਵ ਸਿੰਘ ਪਾਪੜਾ ਨੇ ਨੰਦਾ ਦੇਵੀ ਮੰਦਰ ਆਕੇ ਰਹਿਣਾ ਸ਼ੁਰੂ ਕੀਤਾ ਤੇ ਇਕੱਲਿਆਂ ਹੀ ਆਵਦੇ ਦਮ ਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਕਰਨ ਲੱਗਿਆ। ਕਿਸੇ ਤੋਂ ਕੋਈ ਆਰਥਿਕ ਮੱਦਦ ਨਹੀਂ ਮੰਗੀ ਬੱਸ ਏਹਨੂੰ ਸੰਵਾਰਨ ਵਿੱਚ ਜੁਟ ਗਿਆ। ਥਾਂ ਪੱਧਰੀ ਕੀਤੀ, ਫੇਰ ਘਾਹ ਤੇ ਫੁੱਲ ਬੂਟੇ ਲਾਏ। ਲੋਕ ਸੋਚਦੇ ਹੁੰਦੇ ਸੀ ਕਮਲਾ ਫੌਜੀ ਐਵੇਂ ਮੱਥਾ ਮਾਰੀ ਜਾਂਦਾ ਐਥੇ ਦੋ ਚਾਰ ਮਹੀਨਿਆਂ ਨੂੰ ਅੱਕ ਕੇ ਆਪੇ ਭੱਜ ਜਾਉ। ਪਰ ਦੇਵ ਸਿੰਘ ਹੁਣ ਵੀ ਓਥੇ ਈ ਡਟਿਆ ਹੋਇਆ ਗਾ। ਉਹਨੇ ਆਪਣੀ ਮਿਹਨਤ ਨਾਲ਼ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਡਾਨਾਧਾਰ ਨੂੰ ਮੁਨਸਿਆਰੀ ਦੀ ਖੂਬਸੂਰਤ ਪਿਕਨਿਕ ਸਪੌਟ ਬਣਾ ਦਿੱਤਾ ਐ। ਏਥੋਂ ਦੇ ਹੁਸੀਨ ਨਜ਼ਾਰਿਆਂ ਨੂੰ ਦੇਖਕੇ ਮੱਲੋਮੱਲੀ ਦੇਵ ਸਿੰਘ ਪਾਪੜਾ ਨੂੰ ਸਲੂਟ ਵੱਜਦੈ। ਬਦਕਿਸਮਤੀ ਐ ਕਿ ਅੱਜ ਉਸ ਕਰਮਯੋਗੀ ਦੇ ਦਰਸ਼ਨ ਵੀ ਨਹੀਂ ਹੋ ਸਕੇ ਤੇ ਇਸ ਜੰਨਤ ਵਿੱਚ ਇੱਕ ਰਾਤ ਗੁਜ਼ਾਰਨ ਦਾ ਮੌਕਾ ਵੀ ਖੁੰਝ ਗਿਆ। ਏਥੇ ਕੁਝ ਸਮਾਂ ਨਜਾਨ ਮਾਨਣ ਮਗਰੋਂ ਮੈਂ ਭਰੇ ਜੇ ਮਨ ਨਾਲ ਵਾਪਸ ਤੁਰ ਪੈਂਦਾ ਹਾਂ ਅਤੇ ਵਾਪਸ ਓਥੇ ਈ ਆ ਜਾਨੈਂ ਜਿੱਥੇ ਹੈਟ ਆਲ਼ਾ ਬਾਈ ਮਿਲਿਆ ਸੀ।ਉਹ ਹੈਟ ਆਲੇ ਬਾਈ ਦਾ ਨਾਮ ਬਹਾਦਰ ਸਿੰਘ ਐ।

ਉਹਦਾ ਜੱਦੀ ਪਿੰਡ ਮੁਨਸ਼ਿਆਰੀ ਤੋਂ ਸੱਠ ਕਿਲੋਮੀਟਰ ਦੂਰ ਬਿਲਕੁਲ ਰਮੋਟ ਏਰੀਏ ਵਿੱਚ ਪੈਂਦਾ। ਬੇਬੇ ਬਾਪੂ ਤੇ ਘਰ ਆਲ਼ੀ ਓਥੇ ਈ ਰਹਿੰਦੇ ਨੇ। ਬਹਾਦਰ ਸਿੰਘ ਆਵਦੇ ਦੋ ਮੁੰਡਿਆਂ ਨਾਲ਼ ਏਥੇ ਰਹਿੰਦਾ ਗਾ। ਇੱਕ ਮੁੰਡਾ ਗਿਆਰਵੀਂ ਚ ਤੇ ਦੂਆ ਛੇਵੀਂ ਚ ਪੜ੍ਹਦੈ। ਇਹਨਾਂ ਦੀ ਪੜ੍ਹਾਈ ਤੇ ਰੁਜ਼ਗਾਰ ਦੀ ਖਾਤਰ ਈ ਬਹਾਦਰ ਸਿੰਘ ਪਰਿਵਾਰ ਨੂੰ ਛੱਡ ਕੇ ਏਥੇ ਆਇਆ ਹੈ। ਕਦੇ ਕਦੇ ਉਹਦੇ ਘਰ ਆਲੀ ਦਸ ਪੰਦਰਾਂ ਦਿਨ ਇੱਥੇ ਆ ਜਾਂਦੀ ਆ। ਬਹਾਦਰ ਵੀ ਦੋ ਢਾਈ ਮਹੀਨੇ ਬਾਅਦ ਪਿੰਡ ਗੇੜਾ ਮਾਰ ਆਉਂਦਾ ਗਾ।ਏਹੋ ਜੇ ਹੋਰ ਵੀ ਪਤਾ ਨੀ ਕਿੰਨੇ ਈ ਬਹਾਦਰ ਨੇ, ਜੋ ਬੱਚਿਆਂ ਦੀ ਪੜ੍ਹਾਈ ਜਾਂ ਰੁਜ਼ਗਾਰ ਖਾਤਰ ਘਰ ਪਰਿਵਾਰ ਦਾ ਵਿਛੋੜਾ ਝੱਲ ਰਹੇ ਨੇ। ਬਹਾਦਰ ਸਿੰਘ ਦਾ ਵੱਡਾ ਮੁੰਡਾ ਫੁੱਟਬਾਲ ਦਾ ਖਿਡਾਰੀ ਐ, ਪਰ ਅਫਸੋਸ ਖੇਡਦੇ ਸਮੇਂ ਡਿੱਗਣ ਕਰਕੇ ਉਹਦੀ ਲੱਤ ਟੁੱਟ ਗਈ। ਹੁਣ ਲੱਤ ਨੂੰ ਪਲੱਸਤਰ ਲੱਗਿਆ ਹੋਇਆ ਗਾ, ਨਹੀਂ ਤਾਂ ਉਹਨੇ ਟੂਰਨਾਮੈਂਟ ਵਿੱਚ ਧੂੜਾਂ ਪੱਟਣੀਆਂ ਸੀ। ਬਹਾਦਰ ਸਿੰਘ ਮੈਨੂੰ ਹੌਂਸਲਾ ਦਿੰਦਾ ਹੈ ਕਿ ਡਰੀਂ ਨਾ ਜੇ ਕੋਈ ਵੀ ਦਿੱਕਤ ਹੋਈ ਤਾਂ ਬੋਲ ਮਾਰਦੀਂ। ਫੇਰ ਸਾਰੇ ਜਵਾਕ ਰਲ਼ ਕੇ ਮੇਰੇ ਨਾਲ ਟੈਂਟ ਜੜਾਉਣ ਲੱਗਦੇ ਨੇ। ਟੈਂਟ ਜੜਕੇ ਤਿਆਰ ਹੈ ਤੇ ਬੱਕੀ ਤੋਂ ਸਾਰਾ ਸਮਾਨ ਲਾਹ ਕੇ ਮੈਂ ਅੰਦਰ ਰੱਖ ਦਿੰਦਾ ਹਾਂ।




ਏਥੇ ਏਅਰਟੈੱਲ ਦੀ ਮਾੜੀ ਮੋਟੀ ਰੇਂਜ ਹੈਗੀ ਜਿਸ ਕਰਕੇ ਤਿੰਨ ਦਿਨਾਂ ਬਾਅਦ ਵਟਸਐਪ ਦਾ ਹਾਲ ਦੇਖਦਾਂ ਤੇ ਮਿੱਤਰ ਪਿਆਰਿਆਂ ਨੂੰ ਸੁੱਖ ਸਲਾਮਤੀ ਦਾ ਸੁਨੇਹਾ ਭੇਜਦਾ ਹਾਂ।ਸੂਰਜ ਢਲਣ ਲੱਗਦਾ ਹੈ, ਪੰਚਾਚੁਲੀ ਦੀਆਂ ਚੋਟੀਆਂ ਠੀਕ ਮੇਰੇ ਟੈਂਟ ਦੇ ਪਿੱਛੇ ਨੇ। ਨਜ਼ਾਰਾ ਖੂਬਸੂਰਤ ਹੋ ਚੱਲਿਆ ਗਾ, ਮੈਂ ਆਵਦਾ ਯੰਤਰ ਮੰਤਰ ਕਲੀ ਕਲੰਤਰ ਆਲ਼ਾ ਲਿਫ਼ਾਫ਼ਾ ਕੱਢਦਾ ਹਾਂ ਅਤੇ ਟੈਂਸ਼ਨ ਭਜਾਊ ਜਾਦੂਈ ਸ਼ਕਤੀ ਦਾ ਅੱਧਾ ਕੁ ਗਲਾਸ ਅੰਦਰ ਸਿੱਟ ਲੈਂਦਾ ਹਾਂ। ਦਸ ਕੁ ਮਿੰਟਾਂ ਬਾਅਦ ਸਾਰੀ ਟੈਂਸ਼ਨ ਉੱਡ ਜਾਂਦੀ ਐ ਤੇ ਸਾਰੀ ਦੁਨੀਆਂ ਆਪਣੀ ਆਪਣੀ ਜਿਹੀ ਲੱਗਣ ਲੱਗਦੀ ਆ। ਹੁਣ ਮੈਂ ਸਭ ਕੁਝ ਰੱਬ ਆਸਰੇ ਛੱਡ ਕੇ ਖਾਣ ਪੀਣ ਦਾ ਸਮਾਨ ਲੈਣ ਮੁਨਸਿਆਰੀ ਨੂੰ ਵਗ ਜਾਂਦਾ ਹਾਂ।ਜਾਦੂਈ ਸ਼ਕਤੀ ਦਾ ਈ ਅਸਰ ਐ ਨਹੀਂ ਤਾਂ ਲੱਗ ਰਿਹਾ ਸੀ ਵੀ ਕੋਈ ਆਹ ਨਾ ਚਾਕੇ ਲੈਜੇ ਔਹ ਨਾ ਚਾਕੇ ਲੈਜੇ। ਸਲਾਦ, ਨਮਕੀਨ, ਚਾਓਮਿਨ ਤੇ ਆਂਡਿਆਂ ਦੀ ਭੁਰਜੀ ਲੈਕੇ ਮੈਂ ਵਾਪਸ ਟੈਂਟ ਕੋਲ਼ ਆ ਜਾਂਦਾ ਹਾਂ। ਹੁਣ ਮੈਂ ਬਹਾਦਰ ਸਿੰਘ ਨੂੰ ਆਪਣੇ ਕੋਲ ਬੁਲਾਉਂਦਾ ਹਾਂ ਤੇ ਜਾਦੂਈ ਸ਼ਕਤੀ ਪੀਣ ਲਈ ਆਖਦਾ ਹਾਂ।ਪਰ ਉਹ ਇਹ ਕਹਿ ਕੇ ਨਾਂਹ ਕਰ ਦਿੰਦਾ ਹੈ ਕਿ ਰਾਤ ਨੂੰ ਬੇਟੇ ਨੂੰ ਕੲੀ ਵਾਰ ਫੜਕੇ ਉਠਾਉਣਾ ਪੈਂਦਾ ਗਾ, ਜੇ ਮੈਂ ਪੀ ਲਈ ਫੇਰ ਜਾਗ ਨੀ ਆਉਣੀ ਮੁੜਕੇ।ਉਹ ਮੈਨੂੰ ਪਾਣੀ ਲਿਆ ਕੇ ਦਿੰਦਾ ਹੈ ਅਤੇ ਮੇਰਾ ਪਾਵਰ ਬੈਂਕ ਤੇ ਮੁਬਾਇਲ ਵੀ ਚਾਰਜ ਤੇ ਲਾ ਦਿੰਦਾ ਹੈ।ਨਾਲ ਈ ਦਾਲ਼ ਤੇ ਰੋਟੀਆਂ ਵੀ ਰੱਖ ਜਾਂਦਾ ਏ। ਮੈਂ ਦੇਰ ਰਾਤ ਤੱਕ ਕੱਲਾ ਈ ਮਹਿਫ਼ਲ ਲਾਈ ਰੱਖਦਾ ਹਾਂ। ਛਿਲਕੇ ਤੇ ਲਿਫਾਫੇ ਆਦਿ ਜੋ ਵੀ ਕਚਰਾ ਹੈ,ਉਹ ਮੈਂ ਇੱਕ ਵੱਡੇ ਲਿਫਾਫੇ ਚ ਪਾਕੇ ਰੱਖ ਦਿੰਦਾ ਹਾਂ।




ਸਵੇਰੇ ਜਲਦੀ ਈ ਅੱਖ ਖੁੱਲ੍ਹ ਜਾਂਦੀ ਆ। ਆਸਮਾਨ ਵਿੱਚ ਬੱਦਲ ਛਾਏ ਹੋਏ ਨੇ ਤੇ ਤੇਜ਼ ਹਵਾ ਚੱਲ ਰਹੀ ਆ। ਉੱਥੋਂ ਲੰਘ ਰਿਹਾ ਇੱਕ ਅੰਕਲ ਆਸ ਪਾਸ ਖਿੱਲਰੀਆਂ ਬੋਤਲਾਂ ਤੇ ਕਾਗਜ਼ ਦੇਖਕੇ ਮੇਰੇ ਗਲ਼ ਪੈ ਜਾਂਦਾ ਗਾ ਕਿ ਤੁਸੀਂ ਲੋਕ ਏਥੇ ਆਕੇ ਸਾਡੇ ਪਹਾੜਾਂ ਵਿੱਚ ਗੰਦ ਪਾਉਂਦੇ ਓਂ। ਮੈਂ ਅੰਕਲ ਨੂੰ ਸਮਝਾਉਂਦਾ ਹਾਂ ਕਿ ਇਹ ਸਾਰਾ ਖਿਲਾਰਾ ਰਾਤ ਸੋਡੇ ਪਹਾੜਾਂ ਆਲੇ ਖਿਡਾਰੀ ਈ ਪਾਕੇ ਗੲੇ ਨੇ। ਜਦੋਂ ਮੈਂ ਅੰਕਲ ਨੂੰ ਆਪਣਾ ਕੂੜੇ ਆਲ਼ਾ ਲਿਫ਼ਾਫ਼ਾ ਦਿਖਾਉਂਦਾ ਹਾਂ ਤਾਂ ਉਹ ਸ਼ਾਬਾਸ਼ ਦਿੰਦਾ ਹੋਇਆ ਤੁਰ ਜਾਂਦੈ ਤੇ ਮੈਂ ਉੱਪਰ ਦਿਖ ਰਹੇ ਇੱਕ ਛੋਟੇ ਜੇ ਝਰਨੇ ਅੱਲ ਟਹਿਲਣ ਨਿਕਲ ਜਾਂਦਾ ਹਾਂ।ਵਾਪਸ ਮੁੜਦੇ ਨੂੰ ਦਿਨ ਚੜ੍ਹ ਜਾਂਦਾ ਐ। ਬਹਾਦਰ ਸਿੰਘ ਚਾਹ ਦਾ ਗਲਾਸ ਲਿਆ ਕੇ ਫੜਾ ਦਿੰਦਾ ਹੈ। ਬਹਾਦਰ ਸਿੰਘ ਮੈਨੂੰ ਅਗਲੇ ਸਾਲ ਫਿਰ ਇੱਥੇ ਆਉਣ ਲਈ ਆਖਦਾ ਹੈ।ਉਹ ਆਖਦਾ ਹੈ ਕਿ ਅਗਲੇ ਸਾਲ ਮੇਰੇ ਪਿੰਡ ਚੱਲਾਂਗੇ। ਓਥੇ ਇੱਕ ਹਫ਼ਤਾ ਮੇਰੇ ਘਰੇ ਈ ਰਹਾਂਗੇ ਤੇ ਆਸ ਪਾਸ ਦੇ ਪਿੰਡਾਂ ਵਿੱਚ ਪੈਦਲ ਘੁੰਮਾਂਗੇ।ਚਾਹ ਪੀਕੇ ਮੈਂ ਆਪਣਾ ਸਮਾਨ ਸਮੇਟਣ ਲੱਗਦਾ ਹਾਂ। ਹੁਣ ਚੱਲਣ ਦਾ ਵੇਲਾ ਆ ਗਿਆ ਹੈ। ਮੈਂ ਬਹਾਦਰ ਸਿੰਘ ਨੂੰ ਅਲਵਿਦਾ ਕਹਿਣ ਰੁਕਦਾ ਹਾਂ।ਉਹ ਬੜੇ ਪ੍ਰੇਮ ਨਾਲ ਆਖਰੀ ਵਾਰ ਗਲ਼ੇ ਮਿਲਦਾ ਹੈ ਅਤੇ ਅਗਲੇ ਸਾਲ ਜ਼ਰੂਰ ਆਉਣ ਲਈ ਆਖਦਾ ਹੈ। ਮੈਂ ਵੀ ਉਸਨੂੰ ਪੰਜਾਬ ਆਉਣ ਦਾ ਸੱਦਾ ਦਿੰਦਾ ਹਾਂ। ਅਸਲ ਵਿੱਚ ਸਰਬੱਤ ਦਾ ਭਲਾ ਮੰਗਣ ਆਲੇ ਬਹਾਦਰ ਸਿੰਘ ਵਰਗੇ ਲੋਕ ਈ ਨੇ। ਨਾ ਕੋਈ ਗਰਜ਼, ਨਾ ਰਿਸ਼ਤੇਦਾਰੀ, ਨਾ ਜਾਣ ਪਛਾਣ, ਨਾ ਕਦੇ ਮਿਲੇ, ਨਾ ਕਦੇ ਫੇਰ ਮਿਲਣ ਦੀ ਆਸ ਪਰ ਫੇਰ ਵੀ ਕਿੰਨਾ ਅਪਣੱਤ ਤੇ ਮੋਹ ਭਰਿਆ ਵਤੀਰਾ।
ਮੁਨਸਿਆਰੀ ਵਰਗੀ ਸੋਹਣੀ ਥਾਂ ਤੇ ਬਹਾਦਰ ਵਰਗੇ ਦਰਵੇਸ਼ ਲੋਕਾਂ ਕੋਲੋਂ ਵਾਪਸ ਜਾਣ ਨੂੰ ਉੱਕਾ ਹੀ ਦਿਲ ਨੀ ਕਰਦਾ।ਪਰ ਜਾਣਾ ਤਾਂ ਪੈਂਦਾ ਈ ਐ।ਸੋ ਮੈਂ ਵੀ ਬਹਾਦਰ ਸਿੰਘ ਨੂੰ ਆਖ਼ਰੀ ਸਲਾਮ ਕਰਕੇ ਆਪਣੇ ਆਦਿ ਕੈਲਾਸ਼ ਯਾਤਰਾ ਦੇ ਸਾਥੀਆਂ ਨੂੰ ਮਿਲਣ ਲਈ ਧਾਰਚੂਲਾ ਦੇ ਰਾਹ ਪੈ ਜਾਂਦਾ ਹਾਂ। ਜਿਹਨਾਂ ਨੂੰ ਮੈਂ ਮਿਲਣਾ ਹੈ ਇਹ ਸਾਰੇ ਉਹ ਲੋਕ ਨੇ ਜਿਹਨਾਂ ਨੂੰ ਮੈਂ ਜ਼ਿੰਦਗੀ ਵਿੱਚ ਕਦੇ ਨਹੀਂ ਮਿਲਿਆ, ਸਿਰਫ ਸੋਸ਼ਲ ਮੀਡੀਆ ਰਾਹੀਂ ਉਹਨਾਂ ਨਾਲ਼ ਜਾਣ ਪਛਾਣ ਹੈ।
 |
| ਮੁਨਸਿਆਰੀ |
 |
| Khaliya Top (Pic- Akhilesh bhai) |
 |
| Khaliya Top trek- (Pc by Akhilesh bhai) |
 |
| Pic by Akhilesh bhai |
 |
| Khaliya Top |
 |
| Khaliya Top |
 |
| Khaliya Top |
ਬਹੁਤ ਵਧੀਆ
ReplyDeleteThanks dear
Deleteਸ਼ਾਨਦਾਰ ਵਰਨਣ ਬਾਈ
ReplyDeleteਧੰਨਵਾਦ ਬਾਈ ਜੀ
Delete