ਉੱਤਰਾਖੰਡ ਡਾਇਰੀ--10


ਮੁਨਸਿਆਰੀ ਤੋਂ ਧਾਰਚੂਲਾ ਵਾਇਆ ਜੌਹਾਰ ਘਾਟੀ

ਇਸ ਯਾਤਰਾ ਬਾਰੇ ਪਿਛਲੀ ਕਿਸ਼ਤ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ
https://anoopgarh43.blogspot.com/2019/01/9.html?m=1

ਅੱਜ ਸਭ ਨੇ ਧਾਰਚੂਲਾ ਇਕੱਠੇ ਹੋਣ ਦਾ ਪਲਾਨ ਬਣਾਇਆ ਹੋਇਆ ਹੈ ਜਿਸ ਕਰਕੇ ਮੇਰਾ ਧਾਰਚੂਲਾ ਪਹੁੰਚਣਾ ਲਾਜ਼ਮੀ ਹੈ।ਸਾਢੇ ਕੁ ਸੱਤ ਦਾ ਟਾਇਮ ਆਂ। ਮੈਂ ਸੋਚਦਾਂ ਵੀ ਚਾਹ ਦੇ ਨਾਲ ਈ ਬ੍ਰੇਕਫਾਸਟ ਦਾ ਕੰਮ ਵੀ ਨਿਬੇੜ ਈ ਜਾਵਾਂ।ਉੱਥੋਂ ਚੱਲ ਕੇ ਮੈਂ ਮੁਨਸਿਆਰੀ ਦੇ ਮੇਨ ਚੌਕ ਵਿੱਚ ਜਾ ਰੁਕਦਾਂ ਗਾ। ਹਾਲੇ ਤੱਕ ਕੋਈ ਦੁਕਾਨ ਜਾਂ ਢਾਬਾ ਨੀ ਖੁੱਲ੍ਹਿਆ। ਸਿਰਫ਼ ਇੱਕੋ ਫਾਸਟ ਫੂਡ ਦੀ ਦੁਕਾਨ ਖੁੱਲੀ ਆ।ਇਹ ਓਹੀ ਦੁਕਾਨ ਆਂ ਜਿੱਥੋਂ ਮੈਂ ਰਾਤ ਚਾਉਮਿਨ ਤੇ ਭੁਰਜੀ ਲੈਤੀ ਸੀ।ਰਾਤ ਆਲ਼ੀ ਚਾਉਮਿਨ 'ਚ ਮਿਰਚਾਂ ਐਨੀਆਂ ਤੇਜ਼ ਸੀ ਬੱਸ ਪੁੱਛੋ ਨਾ।ਅੱਧੀ ਕੁ ਖਾਕੇ ਬਾਕੀ ਓਵੇਂ ਈ ਛੱਡਤੀ ਸੀ। ਇਹ ਦੁਕਾਨ ਨੂੰ ਦੋ ਨੌਜਵਾਨ ਪਤੀ ਪਤਨੀ ਚਲਾਉਂਦੇ ਨੇ। ਪਤੀ ਤਗੜਾ ਮੋਟਾ ਫੀਨ੍ਹੇ ਜੇ ਨੱਕ ਆਲ਼ਾ ਜਵਾਨ ਐ ਤੇ ਪਤਨੀ ਇੱਕ ਖੂਬਸੂਰਤ ਅਪਸਰਾ ਵਰਗੀ ਐ। ਸਵੇਰੇ ਸਵੇਰੇ ਠੰਢ ਬਹੁਤ ਐ ਤੇ ਪਤਨੀ ਠੰਢੇ ਪਾਣੀ ਨਾਲ ਭਾਂਡੇ ਧੋਈ ਜਾਂਦੀ ਐ। ਮੈਂ ਜਾਕੇ ਦੱਸਦਾਂ ਕਿ ਰਾਤ ਸੋਡੀ ਚਾਉਮਿਨ ਨੇ ਅੰਦਰ ਫੂਕ ਕੇ ਰੱਖਤਾ ਜਮਾਂ ਈ। ਪਤਨੀ ਨੇ ਦੱਸਿਆ ਕਿ ਏਥੇ ਜ਼ਿਆਦਾ ਠੰਢ ਕਾਰਨ ਪਹਾੜੀ ਲੋਕ ਤੇਜ਼ ਮਿਰਚ ਖਾਂਦੇ ਨੇ।ਉਹ ਮਾਫ਼ੀ ਮੰਗਦੀ ਹੋਈ ਆਖਦੀ ਐ ਕਿ ਹੁਣ ਸਪੈਸ਼ਲ ਘੱਟ ਮਿਰਚ ਆਲ਼ੀ ਚਾਉਮਿਨ ਬਣਾ ਕੇ ਖਵਾਉਨੇ ਆਂ।ਉਹ ਪਤੀ ਨੂੰ ਚਾਉਮਿਨ ਬਣਾਉਣ ਵਾਸਤੇ ਆਖਦੀ ਆ, ਪਰ ਪਤੀ ਕਿਸੇ ਨਾਲ਼ ਗੱਲਾਂ ਵਿੱਚ ਉਲਝਿਆ ਪਿਆ ਗਾ। ਦੋਹਾਂ ਵਿੱਚ ਨੋਕ ਝੋਕ ਵੀ ਹੁੰਦੀ ਆ। ਇਹ ਲੜਦੇ ਵੀ ਬੜੇ ਸਲੀਕੇ ਜੇ ਨਾਲ ਨੇ ਜਿਵੇਂ ਸੁਭਾਵਿਕ ਗੱਲਾਂ ਕਰਦੇ ਹੋਣ। ਏਸ ਵਾਰ ਬਿਲਕੁਲ ਮੇਰੇ ਸਵਾਦ ਮੁਤਾਬਕ ਬਣੀਂ ਆਂ ਚਾਉਮਿਨ। ਜਦੋਂ ਖਾਕੇ ਮੈਂ ਪੈਸੇ ਫੜਾਉਂਦਾ ਹਾਂ ਤਾਂ ਪੈਸੇ ਲੈਣ ਤੋਂ ਇਨਕਾਰ ਕਰ ਦਿੰਦੇ ਨੇ।ਆਹਦੇ ਤੂੰ ਰਾਤ ਵਾਲ਼ੀ ਚਾਉਮਿਨ ਵੀ ਤਾਂ ਨੀ ਖਾਧੀ ਤਾਂ ਕਰਕੇ ਅਸੀਂ ਹੁਣ ਪੈਸੇ ਨੀ ਲੈਣੇ। ਮੇਰੇ ਵਾਰ ਵਾਰ ਜ਼ੋਰ ਪਾਉਣ ਤੇ ਵੀ ਉਹ ਸਿਰਫ਼ ਅੱਧੀ ਪਲੇਟ ਦੇ ਈ ਪੈਸੇ ਲੈਂਦੇ ਨੇ। ਹੁਣ ਮੈਂ ਬੱਕੀ ਦੀ ਕਿੱਕ ਮਾਰਕੇ ਜੌਲਜੀਬੀ ਆਲ਼ੀ ਸੜਕ ਪੈ ਜਾਨਾ।ਸੜਕ ਕਾਫ਼ੀ ਟੁੱਟੀ ਫੁੱਟੀ ਐ। ਪੰਜ ਸੱਤ ਕਿਲੋਮੀਟਰ ਜਾਕੇ ਇੱਕ ਲਿੰਕ ਸੜਕ ਖੱਬੇ ਹੱਥ ਪਾਟਦੀ ਐ। ਓਥੇ ਸ਼ਾਈਨ ਬੋਰਡ ਤੇ ਤੀਰ ➡ ਲੱਗਿਆ ਹੈ ਮਿਲਮ ਗਲੇਸ਼ੀਅਰ ਏਧਰ ਨੂੰ। ਏਥੋਂ ਈ ਜੌਹਾਰ ਘਾਟੀ ਵੀ ਸ਼ੁਰੂ ਹੁੰਦੀ ਐ।ਏਸੇ ਕਰਕੇ ਹੀ ਮੁਨਸਿਆਰੀ ਨੂੰ ਜੌਹਾਰ ਘਾਟੀ ਦਾ ਗੇਟਵੇਅ ਵੀ ਆਖਦੇ ਨੇ। ਮੈਂਨੂੰ ਨੀ ਪਤਾ ਸੜਕ ਕਿੱਥੇ ਤੱਕ ਜਾਂਦੀ ਆ, ਪਰ ਇਸ ਅਣਛੋਹੀ ਘਾਟੀ ਨੂੰ ਥੋੜ੍ਹਾ ਬਹੁਤਾ ਦੇਖਣਾ ਚਾਹੁੰਦਾ ਹਾਂ। ਮੈਂ ਫੈਸਲਾ ਕਰਦਾ ਹਾਂ ਕਿ ਜਿੱਥੇ ਤੱਕ ਵੀ ਬੱਕੀ ਜਾ ਸਕਦੀ ਐ ਓਥੋਂ ਤੱਕ ਤਾਂ ਲਾਜ਼ਮੀ ਜਾਊਂਗਾ। ਏਸੇ ਰਾਦੇ ਨਾਲ਼ ਮੈਂ ਬੱਕੀ ਜੌਹਾਰ ਘਾਟੀ ਵੱਲ ਨੂੰ ਹੱਕ ਦਿੰਦਾ ਹਾਂ।
ਇਹ ਖੂਬਸੂਰਤ ਘਾਟੀ ਗੋਰੀ ਨਦੀ ਦੇ ਇਰਦ ਗਿਰਦ ਵਸੀ ਹੋਈ ਐ। ਘਾਟੀ ਦੇ ਬਾਰਾਂ ਪਿੰਡ ਪ੍ਰਵਾਸ ਦੀ ਮਾਰ ਝੱਲ ਰਹੇ ਨੇ। 1962 ਤੋਂ ਪਹਿਲਾਂ ਤਿੱਬਤ ਨਾਲ਼ ਨਮਕ ਅਤੇ ਹੋਰ ਚੀਜ਼ਾਂ ਦਾ ਵਪਾਰ ਜੌਹਾਰ ਘਾਟੀ ਰਾਹੀਂ ਹੁੰਦਾ ਸੀ।ਪਰ ਬਾਹਟ ਦੀ ਜੰਗ ਤੋਂ ਬਾਅਦ ਚੀਨ ਨਾਲ਼ ਸਬੰਧ ਸੁਖਾਵੇਂ ਨਾ ਰਹੇ ਅਤੇ ਇਹ ਵਪਾਰਕ ਰਸਤਾ ਬੰਦ ਹੋ ਗਿਆ। ਉਹਤੋਂ ਮਗਰੋਂ ਇਹਨਾਂ ਪਿੰਡਾਂ ਦੇ ਲੋਕਾਂ ਨੇ ਰੁਜ਼ਗਾਰ ਤੇ ਕਾਰੋਬਾਰ ਲਈ ਸ਼ਹਿਰਾਂ ਅੱਲ ਜਾਣਾ ਸ਼ੁਰੂ ਕਰਤਾ।ਇਸ ਘਾਟੀ ਦੇ ਆਖਰੀ ਪਿੰਡ ਮਿਲਮ ਤੱਕ ਜਾਣ ਲਈ ਪੰਜਾਹ ਸੱਠ ਕਿਲੋਮੀਟਰ ਪੈਦਲ ਯਾਤਰਾ ਕਰਨੀ ਪੈਂਦੀ ਹੈ। ਇਹ ਪੂਰਾ ਰਸਤਾ ਗੋਰੀ ਨਦੀ ਦੇ ਨਾਲ਼ ਨਾਲ਼ ਜਾਂਦੈ। ਗੋਰੀ ਨਦੀ ਮਿਲਮ ਗਲੇਸ਼ੀਅਰ ਤੋਂ ਈ ਨਿਕਲ ਕੇ ਆਉਂਦੀ ਐ।ਏਸ ਟ੍ਰੈਕ ਨੂੰ ਮਿਲਮ ਗਲੇਸ਼ੀਅਰ ਟ੍ਰੈਕ ਵੀ ਆਖਦੇ ਨੇ। ਵੱਖ ਵੱਖ ਪੜਾਵਾਂ ਤੋਂ ਹੁੰਦੇ ਹੋਏ ਟ੍ਰੈਕਰ ਤਕਰੀਬਨ ਪੰਜ ਦਿਨਾਂ ਵਿੱਚ ਮਿਲਮ ਗਲੇਸ਼ੀਅਰ ਜ਼ੀਰੋ ਪੁਆਇੰਟ ਤੇ ਪਹੁੰਚਦੇ ਨੇ। ਮਿਲਮ ਪਿੰਡ ਦੇ ਨਾਂ ਤੇ ਈ ਇਸ ਗਲੇਸ਼ੀਅਰ ਨੂੰ ਇਹ ਨਾਮ ਦਿੱਤਾ ਗਿਆ ਹੈ ਕਿਉਂਕਿ ਮਿਲਮ ਇਸ ਟ੍ਰੈਕ ਤੇ ਆਖ਼ਰੀ ਪਿੰਡ ਹੈ।
ਰਸਤੇ ਵਿੱਚ ਬਿਲਕੁਲ ਵੀ ਆਵਾਜਾਈ ਨੀ ਹੈਗੀ ਹਰ ਪਾਸੇ ਸ਼ਾਂਤ ਮਾਹੌਲ। ਹੇਠਾਂ ਡੂੰਘੀ ਖੱਡ ਵਿੱਚ ਗੋਰੀ ਨਦੀ ਚਾਂਦੀ ਦੀ ਲਕੀਰ ਵਰਗੀ ਦਿਖ ਰਹੀ ਆ। ਰਸਤੇ ਵਿੱਚ ਛੋਟੇ ਛੋਟੇ ਦੋ ਪਿੰਡ ਵੀ ਆਉਂਦੇ ਨੇ। ਭੇਡਾਂ ਬੱਕਰੀਆਂ ਆਲੇ ਚਰਵਾਹਿਆਂ ਤੋਂ ਬਿਨਾਂ ਹੋਰ ਕੋਈ ਨੀ ਮਿਲਦਾ। ਚਾਰ ਪੰਜ ਕਿਲੋਮੀਟਰ ਬਾਅਦ ਈ ਸੜਕ ਖਤਮ ਹੋ ਜਾਂਦੀ ਆ ਤੇ ਕੱਚਾ ਰਾਹ ਸ਼ੁਰੂ ਹੋ ਜਾਂਦਾ ਐ। ਕੁਝ ਦੂਰ ਸੜਕ ਦਾ ਕੰਮ ਕਰਦੇ ਮਜ਼ਦੂਰ ਦਿਖਾਈ ਦਿੰਦੇ ਨੇ।ਸੜਕ ਤੇ ਹੁਣ ਵੱਡੇ ਵੱਡੇ ਪੱਥਰ ਪਾਏ ਹੋਏ ਨੇ ਤੇ ਬੱਕੀ ਮਸਾਂ ਈ ਤੁਰ ਰਹੀ ਆ।ਸੜਕ ਆਲਿਆਂ ਤੋਂ ਮੈਂ ਅਗਲੇ ਰਸਤੇ ਬਾਰੇ ਪੁੱਛਦਾ ਹਾਂ ਤਾਂ ਉਹ ਦੱਸਦੇ ਨੇ ਕਿ ਬੱਸ ਇੱਕ ਕਿਲੋਮੀਟਰ ਤੱਕ ਈ ਰਾਹ ਬਣਿਆਂ ਉਸਤੋਂ ਅੱਗੇ ਪੈਦਲ ਰਾਹ ਗਾ। ਅੱਗੇ ਜਾਕੇ ਰਸਤਾ ਬੰਦ ਹੋ ਜਾਂਦੈ। ਬੱਸ ਏਥੋਂ ਈ ਮਿਲਮ ਗਲੇਸ਼ੀਅਰ ਟ੍ਰੈਕ ਸ਼ੁਰੂ ਹੁੰਦਾ ਗਾ। ਇੱਥੇ ਇੱਕ ਮੋਮੀ ਕਾਗਜ਼ ਦੀ ਤਰਪਾਲ ਪਾਕੇ ਆਰਜ਼ੀ ਜਾ ਢਾਬਾ ਬਣਾਇਆ ਹੋਇਆ ਹੈ। ਏਥੇ ਪੰਜ ਸੱਤ ਬੰਦੇ ਰਾਤ ਨੂੰ ਵੀ ਰੁਕ ਸਕਦੇ ਨੇ। ਢਾਬੇ ਤੇ ਤਿੰਨ ਬੰਦੇ ਬੈਠੇ ਚਾਹ ਪੀ ਰਹੇ ਨੇ। ਕੋਲ਼ ਈ ਉਹਨਾਂ ਦੇ ਰੁਕਸੈਕ ਪੲੇ ਨੇ। ਉਹ ਕੇਰਲਾ ਤੋਂ ਮਿਲਮ ਗਲੇਸ਼ੀਅਰ ਟ੍ਰੈਕ ਕਰਨ ਆਏ ਨੇ ਤੇ ਅੱਜ ਆਪਣੇ ਗਾਈਡ ਨਾਲ਼ ਇੱਥੋਂ ਟਰੈਕਿੰਗ ਸ਼ੁਰੂ ਕਰਨਗੇ। ਮੈਂ ਵੀ ਥੋੜ੍ਹੀ ਦੂਰ ਤੱਕ ਟ੍ਰੈਕ ਦੇਖਣ ਨੀਚੇ ਉੱਤਰ ਜਾਂਦਾ ਹਾਂ। ਸ਼ੁਰੂ ਵਿੱਚ ਕਾਫ਼ੀ ਢਾਲ ਹੈ ਕਿਉਂਕਿ ਇੱਕ ਵਾਰ ਗੋਰੀ ਨਦੀ ਤੱਕ ਹੇਠਾਂ ਉੱਤਰਨਾ ਹੈ ਤੇ ਫੇਰ ਨਦੀ ਦਾ ਪੁਲ ਪਾਰ ਕਰਕੇ ਨਦੀ ਦੇ ਨਾਲ਼ ਨਾਲ਼ ਉੱਪਰ ਵੱਲ ਨੂੰ ਚੜ੍ਹਨਾ ਪੈਂਦਾ ਹੈ। ਦਿਲ ਤਾਂ ਕਰ ਰਿਹੈ ਕਿ ਗੋਰੀ ਨਦੀ ਦੇ ਕਿਨਾਰੇ ਕਿਨਾਰੇ ਮਿਲਮ ਗਲੇਸ਼ੀਅਰ ਤੱਕ ਤੁਰਿਆ ਜਾਵਾਂ ਪਰ ਸਮਾਂ ਸਾਥ ਨੀ ਦੇ ਰਿਹਾ। ਜਲਦੀ ਹੀ ਵਾਪਸ ਆਕੇ ਢਾਬੇ ਤੋਂ ਇੱਕ ਕੱਪ ਚਾਹ ਪੀਕੇ ਮੈਂ ਵਾਪਸ ਤੁਰ ਪੈਂਦਾ ਹਾਂ। ਹੁਣ ਦੂਰ ਤੱਕ ਗੋਰੀ ਨਦੀ ਮੇਰੀ ਸਾਥਣ ਬਣੇਗੀ। ਸੜਕ ਗੋਰੀ ਨਦੀ ਅੱਲ ਹੇਠਾਂ ਨੂੰ ਉੱਤਰਨ ਲੱਗਦੀ ਆ ਅਤੇ ਪੁਲ ਪਾਰ ਕਰਕੇ ਤੰਗ ਘਾਟੀ ਵਿੱਚ ਵਗਦੀ ਨਦੀ ਦੇ ਕਿਨਾਰੇ ਚੱਲਣ ਲਗਦੀ ਐ। ਉੱਤੇ ਬਿਲਕੁਲ ਸਿੱਧੇ ਖੜ੍ਹੇ ਪਹਾੜਾਂ ਨੂੰ ਦੇਖਕੇ  ਮਨ ਨੂੰ ਭੈਅ ਵੀ ਲੱਗ ਰਿਹੈ ਵੀ ਜੇ ਸਾਲ਼ਾ ਉੱਤੇ ਆ ਡਿੱਗਿਆ ਤਾਂ ਕੀ ਵੱਟਿਆ ਜਾਊ? ਤਕਰੀਬਨ ਇੱਕ ਘੰਟੇ ਬਾਅਦ ਮਦਕੋਟ ਨਾਂ ਦਾ ਕਸਬਾ ਆਉਂਦਾ ਹੈ।ਇਹ ਗੋਰੀ ਨਦੀ ਅਤੇ ਇੱਕ ਹੋਰ ਨਦੀ ਦੇ ਸੰਗਮ ਤੇ ਵਸਿਆ ਹੋਇਐ। ਦੂਜੀ ਨਦੀ ਦਾ ਨਾਮ ਇੱਕ ਰਾਹੀ ਨੇ ਸ਼ਾਇਦ ਮੰਦਾਕਿਨੀ ਜਾਂ ਮੰਦਕਿਆਨੀ ਦੱਸਿਆ। ਇੱਥੇ ਗਰਮ ਪਾਣੀ ਦੇ ਚਸ਼ਮੇ ਵੀ ਨੇ ਪਰ ਉਹਨਾਂ ਬਾਰੇ ਮੈਨੂੰ ਬਾਅਦ ਵਿੱਚ ਪਤਾ ਲੱਗਦੈ।ਮਦਕੋਟ ਦੇ ਸ਼ਾਂਤ ਜਿਹੇ ਬਜ਼ਾਰ ਵਿੱਚੋਂ ਲੰਘਕੇ ਗੋਰੀ ਨਦੀ ਦੇ ਨਾਲ਼ ਨਾਲ਼ ਮੈਂ ਅੱਗੇ ਚੱਲ ਪੈਂਦਾ ਹਾਂ।
ਰਸਤੇ ਵਿੱਚ ਬਿਲਕੁਲ ਵੀ ਟ੍ਰੈਫਿਕ ਨਹੀਂ। ਧਾਰਚੂਲਾ ਵੀ ਹੁਣ ਕੋਈ ਬਹੁਤਾ ਦੂਰ ਨੀ ਹੈਗਾ ਜਿਸ ਕਰਕੇ ਮੈਂ ਬੜੇ ਰਾਮ ਨਾਲ਼ ਕੁਦਰਤ ਦੇ ਰੰਗਾਂ ਨੂੰ ਦੇਖਦਾ ਹੋਇਆ ਜਾ ਰਿਹਾਂ। ਗੋਰੀ ਨਦੀ ਵੀ ਗਰਜਦੀ ਸ਼ੋਰ ਮਚਾਉਂਦੀ ਨਾਲ਼ ਨਾਲ਼ ਈ ਜਾ ਰਹੀ ਆ। ਅੱਗੇ ਚੱਲ ਕੇ ਇੱਕ ਬੇਹੱਦ ਸ਼ਾਂਤ ਜਿਹਾ ਪਿੰਡ ਬੰਗਾਪਾਣੀ ਆਉਂਦੈ।ਪਿੰਡ ਦੇ ਬਾਹਰਵਾਰ ਟੂਰਿਸਟ ਰੈਸਟ ਹਾਊਸ ਵੀ ਐ। ਕੁਝ ਦੂਰ ਨਦੀ ਉੱਤੇ ਝੂਲਾ ਪੁਲ ਬਣਿਆਂ। ਨਦੀ ਏਥੇ ਕਾਫ਼ੀ ਚੌੜੀ ਹੋ ਜਾਂਦੀ ਐ, ਜਿਸ ਕਰਕੇ ਪੁਲ ਵੀ ਕਾਫ਼ੀ ਲੰਬਾ ਗਾ। ਪੁਲ ਦਾ ਦ੍ਰਿਸ਼ ਮੇਰੇ ਦਿਲ ਨੂੰ ਛੂਹ ਜਾਂਦਾ ਏ। ਆਸੇ ਪਾਸੇ ਨੱਬੇ ਡਿਗਰੀ ਤੇ ਸਿੱਧੇ ਖੜ੍ਹੇ ਪਹਾੜ ਨੇ, ਵਿਚਾਲੇ ਗੋਰੀ ਗੰਗਾ ਨਦੀ ਤੇ ਨਦੀ ਉੱਤੇ ਪੁਲ।ਇਹ ਨਜ਼ਾਰਾ ਤੱਕਣ ਲਈ ਮੈਂ ਰੁਕ ਜਾਂਦਾ ਹਾਂ। ਅਚਾਨਕ ਮੌਸਮ ਇੱਕ ਦਮ ਬਦਲਣ ਲੱਗਦੈ। ਮੈਂ ਵੀ ਬੱਕੀ ਧਾਰਚੂਲਾ ਕੰਨੀਂ ਖਿੱਚ ਦਿੰਨਾਂ। ਦੇਖਦੇ ਈ ਦੇਖਦੇ ਅਸਮਾਨ ਵਿੱਚ ਬੱਦਲ ਛਾਅ ਜਾਂਦੇ ਆ। ਬਿਜਲੀ ਲਿਸ਼ਕਣ ਲੱਗਦੀ ਐ, ਬੱਦਲ ਗਰਜਣ ਲੱਗਦੇ ਨੇ ਤੇ ਕਿਣਮਿਣ ਸ਼ੁਰੂ ਹੋ ਜਾਂਦੀ ਐ। ਮੈਂ ਬੱਕੀ ਦੀ ਰੇਸ ਨੱਪੀ ਰੱਖਦਾਂ ਗਾ, ਪਰ ਥੋੜ੍ਹੀ ਦੂਰ ਜਾਕੇ ਈ ਮੀਂਹ ਤੇਜ਼ ਹੋ ਜਾਂਦਾ ਏ। ਮੈਂ ਇੱਕ ਚੱਟਾਨ ਦੀ ਓਟ ਵਿੱਚ ਬੱਕੀ ਰੋਕ ਕੇ ਆਪਣਾ ਰੇਨ ਸੂਟ ਪਾਉਂਦਾ ਹਾਂ ਤੇ ਵਰ੍ਹਦੇ ਮੀਂਹ ਵਿੱਚ ਹੀ ਤੁਰ ਪੈਨਾਂ। ਪੰਜ ਸੱਤ ਮਿੰਟ ਬਾਅਦ ਈ ਮੀਂਹ ਰੁਕ ਜਾਂਦਾ ਏ। ਹੁਣ ਮੈਂ ਓਸ ਥਾਂ ਪਹੁੰਚ ਜਾਂਦਾ ਹਾਂ ਜਿੱਥੋਂ ਇੱਕ ਸੜਕ ਸਿੱਧੀ ਧਾਰਚੂਲਾ ਨੂੰ ਤੇ ਦੂਜੀ ਸੜਕ ਸੱਜੇ ਹੱਥ ਨਦੀ ਦਾ ਪੁਲ ਪਾਰ ਕਰਕੇ ਪਿਥੌਰਾਗੜ੍ਹ ਨੂੰ ਜਾਂਦੀ ਐ।ਜੌਲਜੀਬੀ ਏਥੋਂ ਇੱਕ ਕਿਲੋਮੀਟਰ ਦੂਰ ਹੈ। ਮੈਂ ਬੱਕੀ ਟੇਢੇ ਸਟੈਂਡ ਤੇ ਲਾਕੇ ਘਾਹ ਉੱਤੇ ਬੈਠ ਜਾਂਦਾ ਹਾਂ। ਅਚਾਨਕ ਸਟੈਂਡ ਮਿੱਟੀ ਵਿੱਚ ਧੱਸਣ ਕਾਰਨ ਬੱਕੀ ਦੜਾਕ ਕਰਕੇ ਮੇਰੇ ਉੱਤੇ ਡਿੱਗ ਪੈਂਦੀ ਹੈ। ਮੇਰੀ ਬਾਂਹ ਨੂੰ ਕਾਫ਼ੀ ਝਟਕਾ ਲਗਦੈ ਪਰ ਬੱਚਤ ਰਹਿ ਜਾਂਦੀ ਐ। ਮੇਰੇ ਕੋਲ ਈ ਖੜ੍ਹੇ ਭੇਡਾਂ ਵਾਲੇ ਭੱਜਕੇ ਆਕੇ ਬੱਕੀ ਖੜ੍ਹੀ ਕਰਾਉਂਦੇ ਨੇ। ਬੱਕੀ ਦਾ ਇੱਕ ਐਂਡੀਗੇਟਰ ਹੇਠਾਂ ਵੱਜਕੇ ਟੁੱਟ ਜਾਂਦਾ। ਚਾਹੇ ਮੈਂ ਹੁਣ ਮੁਨਸਿਆਰੀ ਤੋਂ ਹੇਠਾਂ ਉੱਤਰਦਾ ਹੋਇਆ ਹਜ਼ਾਰ ਮੀਟਰ ਤੋਂ ਵੀ ਘੱਟ ਉਚਾਈ ਤੇ ਪਹੁੰਚ ਗਿਆ ਹਾਂ। ਪਰ ਮੀਂਹ ਕਾਰਨ ਹੁਣ ਵੀ ਠੰਢ ਲੱਗ ਰਹੀ ਏ। ਜੌਲਜੀਬੀ ਆਕੇ ਮੈਂ ਚਾਹ ਪੀਣ ਲਈ ਤੇ ਬੱਕੀ ਦਾ ਐਂਡੀਕੇਟਰ ਲੱਭਣ ਵਾਸਤੇ ਰੁਕ ਜਾਨੈਂ।ਜੌਲਜੀਬੀ ਕਸਬਾ ਜਿਆ ਹੈ, ਕਾਫ਼ੀ ਵੱਡਾ ਬਜ਼ਾਰ ਵੀ ਐ।ਐਂਡੀਗੇਟਰ ਤਾਂ ਨੀ ਮਿਲਦਾ, ਪਰ ਚਾਹ ਦੀ ਘੁੱਟ ਜ਼ਰੂਰ ਮਿਲ ਜਾਂਦੀ ਏ।ਟੁੱਟਿਆ ਹੋਇਆ ਐਂਡੀਗੇਟਰ ਜਾ ਪੱਟ ਕੇ ਨਦੀ ਵਿੱਚ ਸੁੱਟਦਿਆਂ ਮੈਂ ਧਾਰਚੂਲਾ ਦੇ ਰਾਹ ਪੈ ਜਾਂਦਾ ਹਾਂ।ਰਸਤੇ ਵਿੱਚ ਕੲੀ ਛੋਟੇ ਛੋਟੇ ਪਿੰਡ ਆਉਂਦੇ ਨੇ। ਦੁਪਹਿਰ ਦੇ ਡੇਢ ਕੁ ਵਜੇ ਮੈਂ ਧਾਰਚੂਲਾ ਦੇ ਇੱਕ ਚੌਂਕ ਵਿੱਚ ਬੱਕੀ ਜਾ ਰੋਕਦਾ ਹਾਂ। ਏਥੇ ਬੈਠ ਕੇ ਵਟਸਐਪ ਗਰੁੱਪ ਤੇ ਆਦਿ ਕੈਲਾਸ਼ ਜਾਣ ਵਾਲੇ ਬਾਕੀ ਮੈਂਬਰਾਂ ਦੀ ਅੱਪਡੇਟ ਚੈੱਕ ਕਰਦਾ ਹਾਂ। ਸਿਰਫ਼ ਇੱਕ ਬੰਦਾ ਹੀ ਅਜੇ ਧਾਰਚੂਲਾ ਪਹੁੰਚਿਆ ਗਾ ਸੁਨੀਲ ਪਰਿਹਾਰ। ਕੁਝ ਬੰਦੇ ਆਥਣ ਤੱਕ ਪਹੁੰਚਣਗੇ। ਮੈਂ ਵੀ ਗਰੁੱਪ ਵਿੱਚ ਆਪਣਾ ਸਟੇਟਸ ਦੱਸਦਾ ਹਾਂ ਕਿ ਧਾਰਚੂਲਾ ਪਹੁੰਚ ਗਿਆ। ਅੱਗੋਂ ਸਾਥੀਆਂ ਦਾ ਮੈਸਜ਼ ਮਿਲਦੈ ਕਿ ਸਾਨੂੰ ਹਨੇਰਾ ਹੋ ਜਾਣਾ, ਤੂੰ ਉਦੋਂ ਤੱਕ ਰਾਤ ਕੱਟਣ ਲਈ ਆਪਣਾ ਨਾਲੇ ਸਾਡਾ ਜੁਗਾੜ ਕਰ।ਆਪਾਂ ਕਿਸੇ ਪੰਜ ਤਾਰਾ ਹੋਟਲ ਵਿੱਚ ਤਾਂ ਰੁਕਣਾ ਨੀ, ਫ੍ਰੀ ਆਲ਼ਾ ਜਾਂ ਫੇਰ ਸਭ ਤੋਂ ਸਸਤਾ ਜੁਗਾੜ ਚਾਹੀਦਾ ਆਪਾਂ ਨੂੰ ਤਾਂ। ਮੈਂ ਚੌਂਕ ਵਿੱਚ ਖੜ੍ਹੇ ਪੁਲਿਸ ਆਲੇ ਤੋਂ ਕੋਈ ਧਰਮਸ਼ਾਲਾ ਜਾਂ ਕਿਸੇ ਸਸਤੇ ਜਿਹੇ ਹੋਟਲ ਬਾਰੇ ਪੁੱਛਦਾ ਹਾਂ। ਉਹ ਦਸਦੈ ਕਿ ਫ੍ਰੀ ਆਲ਼ਾ ਤਾਂ ਨੀ ਮਿਲਣਾ, ਅੱਗੇ ਹੋਟਲ ਹੈਗੇ ਨੇ, ਓਥੇ ਢਾਈ ਤਿੰਨ ਸੌ ਦਾ ਕਮਰਾ ਮਿਲ ਜਾਣਾ। ਬੱਕੀ ਚਾਕੇ ਉਹਦੇ ਦੱਸੇ ਰਾਹ ਤੇ ਧਾਰਚੂਲਾ ਦੇ ਭੀੜੇ ਜੇ ਬਜ਼ਾਰ ਵਿਚਦੀ ਕਮਰਾ ਲੱਭਣ ਤੁਰ ਪੈਂਦਾ ਹਾਂ।
ਧਾਰਚੂਲਾ ਵੀ ਇੱਕ ਵਿਲੱਖਣ ਸ਼ਹਿਰ ਐ। ਮਹਾਂਕਾਲੀ ਨਦੀ ਦੇ ਕਿਨਾਰੇ ਕਿਨਾਰੇ ਵਸਿਆ। ਨਦੀ ਤੇ ਬਣਿਆਂ ਝੂਲਾ ਪੁਲ ਨਾ ਸਿਰਫ਼ ਦੋ ਦੇਸ਼ਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦੈ ਬਲਕਿ ਦੋ ਸੱਭਿਆਚਾਰਾਂ ਨੂੰ ਵੀ ਜੋੜਦਾ ਹੈ।ਜੇ ਆਪਾਂ ਨਦੀ ਦੇ ਐਧਰ ਖੜ੍ਹੇ ਆਂ ਤਾਂ ਇਹ ਧਾਰਚੂਲਾ ਹੈ ਤੇ ਜੇ ਝੂਲਾ ਪੁਲ ਲੰਘਕੇ ਪਰਲੇ ਪਾਸੇ ਚਲੇ ਗਏ ਤਾਂ ਇਹ ਦਾਰਚੂਲਾ ਬਣ ਜਾਂਦੈ।ਅਗਲੀ ਕਿਸ਼ਤ ਵਿੱਚ ਧਾਰਚੂਲਾ ਬਾਰੇ ਡਿਟੇਲ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ।ਏਨੇ ਫੋਟੋਆਂ ਦੇਖ ਕੇ ਡੰਗ ਲਾਹੋ।



ਮਿਲਮ ਗਲੇਸ਼ੀਅਰ ਵੱਲ ਜਾਂਦੀ ਸੜਕ ਤੇ ਆਪਣੀ ਬੱਕੀ

ਜੌਹਾਰ ਘਾਟੀ 

ਮਿਲਮ ਗਲੇਸ਼ੀਅਰ ਟ੍ਰੈਕ ਤੇ ਦਾਸ

ਜੌਹਾਰ ਘਾਟੀ 

ਮਿਲਮ ਗਲੇਸ਼ੀਅਰ ਟ੍ਰੈਕ

ਏਥੋਂ ਸ਼ੁਰੂ ਹੁੰਦਾ ਮਿਲਮ ਗਲੇਸ਼ੀਅਰ ਟ੍ਰੈਕ








ਮਹਾਂਕਾਲੀ ਨਦੀ ਤੇ ਬਣਿਆਂ ਭਾਰਤ ਨੇਪਾਲ ਨੂੰ ਜੋੜਨ ਆਲਾ ਪੁਲ 

ਧਾਰਚੂਲਾ ਦਾ ਮੇਨ ਚੌਕ

ਨੇਪਾਲ ਆਲਾ ਦਾਰਚੂਲਾ







Comments

  1. ਬਹੁਤ ਨਜ਼ਾਰੇਦਾਰ ਸਫ਼ਰਨਾਮਾ ਬਾਈ...

    ReplyDelete

Post a Comment

Popular posts from this blog

ਮੁਗਲਕਾਲੀਨ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਸਰਾਏ ਅਮਾਨਤ ਖਾਂ

ਰੀਝਾਂ ਨਾਲ ਸ਼ਿੰਗਾਰੀ ਮੁਨਸਿਆਰੀ

ਉੱਤਰਾਖੰਡ ਡਾਇਰੀ--7