ਉੱਤਰਾਖੰਡ ਡਾਇਰੀ---8

#ਬਾਗੇਸ਼ਵਰ ਤੋਂ ਮੁਨਸਿਆਰੀ ਵਾਇਆ ਸਾਮਾ#
ਪਿਛਲਾ ਅੰਕ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ
https://anoopgarh43.blogspot.com/2018/10/7.html?m=1

ਦੋਸਤੋ ਪਿਛਲੀ ਕਿਸ਼ਤ ਵਿੱਚ ਤੁਸੀਂ ਕੌਸਾਨੀ ਤੋਂ ਬਾਗੇਸ਼ਵਰ ਦੇ ਸਫ਼ਰ ਬਾਰੇ ਪੜ੍ਹਿਆ ਸੀ। ਅਧਿਆਪਕਾਂ ਦੇ ਚੱਲ ਰਹੇ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਇਸੇ ਕਾਰਨ ਸਰਕਾਰ ਦੁਆਰਾ ਜ਼ਬਰੀ ਨਵਾਂ ਸ਼ਹਿਰ ਦੀ ਬਦਲੀ ਕਰ ਦੇਣ ਕਾਰਨ ਅੱਗੇ ਦੇ ਸਫ਼ਰ ਬਾਰੇ ਲਿਖਣ ਦਾ ਵਕ਼ਤ ਈ ਨੀ ਮਿਲ ਸਕਿਆ।ਸੋ ਮੁਆਫੀ ਮੰਗਦਿਆਂ ਹੁਣ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਹਾਂ।
ਕਪਕੋਟ ਤੋਂ ਸਾਮਾ ਵਾਲੀ ਸੜਕ ਦਾ ਦ੍ਰਿਸ਼
ਵਰ੍ਹਦੇ ਮੀਂਹ ਵਿੱਚ ਬਾਗੇਸ਼ਵਰ ਦੇ ਇੱਕ ਢਾਬੇ ਤੇ ਖਾਣਾ ਖਾਕੇ ਮੈਂ ਮੁਨਸਿਆਰੀ ਵੱਲ ਚੱਲ ਪੈਂਦਾ ਹਾਂ।ਬਾਗੇਸ਼ਵਰ ਉੱਤਰਾਖੰਡ ਦੇ ਕੁਮਾਊਂ ਮੰਡਲ ਦਾ ਇੱਕ ਜ਼ਿਲ੍ਹਾ ਵੀ ਐ।ਇੱਥੇ ਸਰਿਊ ਤੇ ਗੋਮਤੀ ਨਦੀਆਂ ਦਾ ਸੰਗਮ ਹੁੰਦੈ। ਸਮੁੰਦਰ ਤਲ ਤੋਂ ਮਹਿਜ਼ ਇੱਕ ਹਜ਼ਾਰ ਮੀਟਰ ਦੀ ਉਚਾਈ ਤੇ ਸਥਿਤ ਹੋਣ ਕਾਰਨ ਇੱਥੇ ਜ਼ਿਆਦਾ ਠੰਢ ਤਾਂ ਨਹੀਂ ਹੁੰਦੀ ਪਰ ਗਰਮੀ ਵੀ ਨੀ ਹੁੰਦੀ।
ਬਾਗੇਸ਼ਵਰ ਦਾ ਬਜ਼ਾਰ
ਏਥੇ ਵੀ ਬੈਜਨਾਥ ਆਂਗੂੰ ਬਾਗਨਾਥ ਨਾਂ ਦਾ ਇੱਕ ਪੁਰਾਣਾ ਮੰਦਰ ਐ, ਜੋ ਸ਼ਿਵ ਜੀ ਨੂੰ ਸਮਰਪਿਤ ਐ। ਏਸੇ ਮੰਦਿਰ ਤੋਂ ਈ ਸ਼ਹਿਰ ਦਾ ਨਾਮ ਬਾਗੇਸ਼ਵਰ ਪਿਆ।
ਮੰਦਿਰ ਦਾ ਨਾਮ ਬਾਗਨਾਥ ਕਿਵੇਂ ਪਿਆ ਏਹਦੇ ਪਿੱਛੇ ਵੀ ਇੱਕ ਕਾਲਪਨਿਕ ਕਹਾਣੀ ਏ। ਆਹਦੇ ਏਥੇ ਗੋਮਤੀ ਤੇ ਸਰਿਊ ਨਦੀਆਂ ਦੇ ਸੰਗਮ ਵਿਖੇ ਮਾਰਕੰਡੇ ਰਿਸ਼ੀ ਨੇ ਭਗਵਾਨ ਸ਼ਿਵ ਦੀ ਤਪੱਸਿਆ ਕੀਤੀ ਸੀ। ਤਪੱਸਿਆ ਤੋਂ ਖੁਸ਼ ਹੋਕੇ ਸ਼ਿਵ ਜੀ ਮਹਾਰਾਜ ਇੱਕ ਬਾਘ ਦਾ ਰੂਪ ਧਾਰ ਕੇ ਮਾਰਕੰਡੇ ਰਿਸ਼ੀ ਨੂੰ ਦਰਸ਼ਨ ਦੇਣ ਆਏ। ਭਗਵਾਨ ਸ਼ਿਵ ਦੇ ਏਸ ਰੂਪ ਨੂੰ ਬਾਘ ਨਾਥ ਦਾ ਨਾਮ ਦਿੱਤਾ ਗਿਆ। ਏਸੇ ਕਰਕੇ ਇਸ ਮੰਦਿਰ ਦਾ ਨਾਮ ਵੀ ਬਾਘ ਨਾਥ ਪੈ ਗਿਆ। ਹੌਲੀ ਹੌਲੀ ਬਾਘ ਨਾਥ ਤੋਂ ਵਿਗੜ ਕੇ ਬਾਗ ਨਾਥ ਬਣ ਗਿਆ। ਭਗਵਾਨ ਸ਼ਿਵ ਬਾਘ ਦੇ ਰੂਪ ਵਿੱਚ ਈ ਕਿਉਂ ਆਏ? ਏਹਦੇ ਬਾਰੇ ਹਾਲੇ ਖੋਜ਼ ਕਾਰਜ ਚੱਲ ਰਹੇ ਨੇ। ਬਾਗੇਸ਼ਵਰ ਨਾਲ਼ ਮੇਰਾ ਲਗਾਓ ਉਦੋਂ ਤੋਂ ਆਂ ਜਦੋਂ ਦਸੰਬਰ 2016 ਵਿੱਚ ਮੈਂ ਕੱਲਾ ਕਿਨੌਰ ਯਾਤਰਾ 'ਤੇ ਗਿਆ ਸੀ। ਜਦੋਂ ਮੈਂ ਸਰਾਹਨ ਰੁਕਿਆ ਹੋਇਆ ਸੀ ਤਾਂ ਮੈਂ ਆਥਣੇ ਜੇ ਬੱਕੀ ਚਾਕੇ ਲਵੇ ਆਲ਼ੇ ਪਿੰਡਾਂ ਕੰਨੀਂ ਗੇੜਾ ਘੱਤਣ ਨਿਕਲ ਗਿਆ।ਸਰਾਹਨ ਤੋਂ ਦੋ ਤਿੰਨ ਪਿੰਡ ਲੰਘਕੇ ਰਸਤਾ ਖਤਮ ਹੋ ਗਿਆ। ਏਥੋਂ ਤੱਕ ਫੁੱਲ ਢਾਲ ਸੀ ਤੇ ਰਾਹ ਵੀ ਉੱਖਲੀਆਂ ਤੇ ਵੱਡੇ ਵੱਡੇ ਪੱਥਰਾਂ ਆਲ਼ਾ ਸੀ। ਹੇਠਾਂ ਇੱਕ ਛੋਟਾ ਜਾ ਪਿੰਡ ਦਿਖ ਰਿਹਾ ਸੀ। ਜਦੋਂ ਮੈਂ ਏਥੇ ਖੜ੍ਹਾ ਉਸ ਪਿੰਡ ਜਾਣ ਬਾਰੇ ਸੋਚ ਰਿਹਾ ਸੀ ਤਾਂ ਇੱਕ ਪ੍ਰਵਾਸੀ ਮਜ਼ਦੂਰ ਮੇਰੇ ਕੋਲ ਆਕੇ ਰੁਕ ਗਿਆ। ਉਹਨੇ ਦੱਸਿਆ ਕਿ ਇਹ ਪਿੰਡ ਦਾ ਨਾਮ ਪ੍ਰਿਥਵੀ ਆ। ਮੈਂ ਉਹਤੋਂ ਓਸ ਪਿੰਡ ਦੇ ਰਾਹ ਬਾਰੇ ਪੁੱਛਿਆ ਤਾਂ ਉਹ ਆਹਦਾ ਚੱਲ ਮੈਂ ਤੇਰੇ ਨਾਲ ਈ ਚਲਦਾਂ। ਉਸਨੇ ਆਵਦਾ ਨਾਂ ਰਤਨ ਦੱਸਿਆ ਤੇ ਪਿੰਡ ਉੱਤਰਾਖੰਡ ਵਿੱਚ ਬਾਗੇਸ਼ਵਰ ਲਾਗੇ।
ਰਤਨ ਦਾ ਪੈੱਗ ਕਸ਼ ਅੰਦਾਜ਼
ਮੇਰੇ ਕੋਲ ਲਿਫਾਫੇ 'ਚ ਬੋਤਲ, ਸਲਾਦ ਤੇ ਭੁਜੀਆ ਵੀ ਸੀ। ਮੈਂ ਰਤਨ ਨੂੰ ਦੋ ਮਿੰਟ ਰੁਕਣ ਲਈ ਕਹਿ ਕੇ ਸਲਾਦ ਚੀਰਨ ਲਾਗਿਆ। ਜਦੋਂ ਮੈਂ ਬੋਤਲ ਕੱਢੀ ਲਿਫਾਫੇ ਚੋਂ ਤਾਂ ਦੇਖਕੇ ਰਤਨ ਦੀਆਂ ਵੀ ਲਾਲਾਂ ਡਿੱਗਪੀਆਂ।ਆਹਦਾ ਏਕ ਪੈੱਗ ਮੁਝੇ ਵੀ ਲਗਵਾ ਦੋ ਸਰਦਾਰ ਜੀ। ਮੈਂ ਇੱਕ ਮੋਟਾ ਜਾ ਉਹਨੂੰ ਵੀ ਪਾਕੇ ਦੇਤਾ। ਫੇਰ ਸਮਾਨ ਲਿਫਾਫੇ 'ਚ ਪਾਕੇ ਅਸੀਂ ਪ੍ਰਿਥਵੀ ਪਿੰਡ ਨੂੰ ਜਾਂਦੀ ਪਗਡੰਡੀ ਅੱਲ ਤੁਰਪੇ। ਥੋੜ੍ਹੀ ਕ ਦੂਰ ਜਾਣ ਮਗਰੋਂ ਰਤਨ ਆਹਦਾ ਏਕ ਏਕ ਔਰ ਹੋ ਜਾਏ। ਇੱਕ ਪੱਥਰ ਤੇ ਬਹਿ ਕੇ ਅਸੀਂ ਫੇਰ ਖਾੜਾ ਚੱਕਤਾ। ਉੱਤੋਂ ਨੇਰ੍ਹਾ ਵੀ ਹੋ ਗਿਆ।ਦੂਜਾ ਲਾਉਣ ਸਾਰ ਈ ਰਤਨ ਤਾਂ ਤੁਰਿਆ ਜਾਂਦਾ ਆਠੇ ਜੇ ਪਾਉਣ ਲਾਗਿਆ। ਜੀਹਨੂੰ ਰਤਨ ਦਸ ਪੰਦਰਾਂ ਮਿੰਟ ਦਾ ਰਾਹ ਆਹਦਾ ਸੀ, ਸਾਲ਼ਾ ਓਥੇ ਅੱਧਾ ਪੌਣਾ ਘੰਟਾ ਤੁਰਨ ਮਗਰੋਂ ਵੀ ਪਹੁੰਚੇ। ਸਮਾਂ ਹੁਣ ਤਾਂ ਲਾਈਟਾਂ ਜੀਆਂ ਵੀ ਨੇੜੇ ਤੇੜੇ ਦਿਖਣੋਂ ਹਟ ਗੀਆਂ। ਮੈਂ ਰਤਨ ਨੂੰ ਪੁੱਛਿਆ ਯਰ ਕਿਤੇ ਹੋਰ ਈ ਕਿੱਧਰੇ ਤਾਂ ਨੀ ਲੈ ਤੁਰਿਆ? ਪਿੰਡ ਤਾਂ ਕੋਈ ਦੀਂਹਦਾ ਨੀ ਅੱਗੇ। ਰਤਨ ਡੱਕਿਆ ਹੋਇਆ ਆਹਦਾ, ਮੈਂ ਤੋ ਬਿਨਾਂ ਰਾਸਤਾ ਪੂਛੇ ਚੰਦਰਮਾ ਪਰ ਵੀ ਪਹੁੰਚਾ ਦੂੰ, ਯਹਾਂ ਪਰ ਤੋ ਰੋਜ਼ ਕਾ ਆਨਾ ਜਾਨਾ ਹੈ। ਚਲੋ ਐਂ ਜੇ ਕਰਦੇ ਕਰਦੇ ਅਗਲੇ ਮੋੜ ਤੋਂ ਨੇੜੇ ਈ ਲਾਈਟ ਜਗਦੀ ਦਿਖਣ ਲਾਗੀ।ਮਖਿਆਂ ਚਲੋ ਓਥੇ ਜਾਕੇ ਪੁੱਛਦੇ ਆਂ। ਜਦੋਂ ਅਸੀਂ ਲਾਈਟ ਆਲੇ ਘਰ ਪਹੁੰਚੇ ਤਾਂ ਘਰ ਆਲ਼ਿਆਂ ਨੇ ਦੱਸਿਆ ਬਈ ਪ੍ਰਿਥਵੀ ਪਿੰਡ ਤਾਂ ਬਹੁਤ ਪਿੱਛੇ ਰਹਿ ਗਿਆ, ਤੁਸੀਂ ਗਲਤ ਰਾਹ ਆਗੇ। ਓਧਰ ਰਤਨ ਆਹਦਾ ਮੁਝੇ ਪੈੱਗ ਚਾਹੀਏ। ਜਦੋਂ ਮੈਂ ਨਾ ਦਿੱਤਾ ਤਾਂ ਘਰ ਆਲ਼ੇ ਅੰਕਲ ਤੋਂ ਮੰਗਣ ਲਾਗਿਆ। ਅੰਕਲ ਨੂੰ ਮੈਂ ਮਨਾਂ ਕਰਤਾ। ਫੇਰ ਅੰਕਲ ਸਾਡੇ ਨਾਲ ਆਇਆ ਤੇ ਸੌਰਟ ਕੱਟ ਰਾਹ ਦੱਸਕੇ ਵਾਪਸ ਮੁੜ ਗਿਆ। ਜਿਵੇਂ ਕਿਵੇਂ ਅਸੀਂ ਬੱਕੀ ਕੋਲ਼ ਪਹੁੰਚਗੇ। ਹੁਣ ਸਾਲ਼ਾ ਵਾਪਸੀ ਵੇਲੇ ਇੱਕ ਤਾਂ ਚੜ੍ਹਾਈ ਬਾਹਲੀ ਤੇ ਦੂਜਾ ਰਾਹ ਬਾਹਲਾ ਖ਼ਰਾਬ, ਬੱਕੀ ਚੜ੍ਹਨ ਤੋਂ ਜਵਾਬ ਦੇ ਜਿਆ ਕਰੇ। ਰਤਨ ਨੂੰ ਧੱਕਾ ਮਾਰਨ ਤੇ ਲਾਇਆ ਹੋਇਆ।ਉਹ ਦੋ ਢਾਈ ਕਿਲੋਮੀਟਰ ਦਾ ਮਾੜਾ ਟੋਟਾ ਮਸਾਂ ਲੰਘਾਇਆ ਧੱਕ ਧੁੰਮ ਕੇ।ਵਾਪਸੀ 'ਤੇ ਰਾਹ ਵਿੱਚ ਇੱਕ ਝਰਨਾ ਸੀ।ਜਾਣ ਵੇਲੇ ਵੀ ਮੈਂ ਏਥੇ ਬਹਿ ਕੇ ਰੰਗ ਬੰਨ੍ਹਿਆਂ ਸੀ। ਹੁਣ ਫੇਰ ਮੈਂ ਤੇ ਰਤਨ ਝਰਨੇ ਕੋਲ਼ ਬਹਿਗੇ।ਇੱਕ ਸੇਬ ਕੱਟਿਆ ਤੇ ਇੱਕ ਇੱਕ ਹੋਰ ਮਾਰਿਆ।ਵਾਪਸੀ 'ਤੇ ਸ਼ਾਇਦ ਰੰਗੋਰੀ ਪਿੰਡ ਪਹੁੰਚ ਕੇ ਰਤਨ ਨੇ ਰੋਕ ਲਿਆ ਆਹਦਾ ਮੈਂ ਇਸੀ ਗਾਓਂ ਮੇਂ ਰਹਿਤਾ ਹੂੰ। ਫੇਰ ਉਹ ਮੈਨੂੰ ਆਵਦੇ ਕਮਰੇ ਵਿੱਚ ਲੈ ਗਿਆ। ਪਊਆ ਕੁ ਉਹਦੇ ਕੋਲ ਰਿਜ਼ਰਵ ਕੋਟਾ ਬਚਿਆ ਪਿਆ ਸੀ ਹਿਮਾਚਲ ਦੀ ਠੇਕਾ ਸ਼ਰਾਬ ਦੇਸੀ।ਉਹ ਆਹਦਾ ਅਬ ਮੇਰੇ ਵਾਲ਼ੀ ਸੇ ਵੀ ਏਕ ਪੈੱਗ ਤੋ ਲਗਾਨਾ ਪੜੇਗਾ ਵਰਨਾ ਮੈਂ ਸਮਝੂੰਗਾ ਕਿ ਆਪ ਮੁਝਸੇ ਨਰਾਜ਼ ਹੈਂ।ਰਤਨ ਵੱਡੇ ਗਲਾਸ ਵਿੱਚ ਸਾਰੀ ਉਲਟਾ ਕੇ ਆਹਦਾ ਆਪਕੇ ਸਾਥ ਲਵਲੀ ਕਰਨਾ ਹੈ ਲਾਸਟ ਪੈੱਗ। ਹੁਣ ਉਹਨੂੰ ਨਰਾਜ਼ ਥੋੜ੍ਹਾ ਕਰਨਾ ਸੀ। ਮੈਂ ਫੜਕੇ ਅੱਧਾ ਪੈੱਗ ਅੰਦਰ ਮਾਰਿਆ ਇੱਕੋ ਹੱਲੇ ਤੇ ਜਾਣ ਵਾਸਤੇ ਉੱਠ ਖੜ੍ਹਾ ਹੋਇਆ। ਰਤਨ ਨੇ ਇੱਕ ਪੈੱਨ ਲਿਆਂਦਾ ਤੇ ਮੈਨੂੰ ਆਪਣਾ ਨੰਬਰ ਲਿਖਕੇ ਦੇਣ ਨੂੰ ਕਿਹਾ।ਆਹਦਾ ਮੈਂ ਆਪਕੇ ਗਾਓਂ ਆਊਂਗਾ ਮੁਝੇ ਕਾਮ ਪਰ ਰਖ ਲੇਨਾ ਆਪ। ਪੈਸੇ ਵੈਸੇ ਕੁਸ਼ ਨੀ ਚਾਹੀਏ ਮੇਰੇ ਕੋ ਬੱਸ ਦੋ ਵਕਤ ਕੀ ਰੋਟੀ ਔਰ ਏਕ ਪਊਆ ਐਸੀ ਦਾਰੂ ਕਾ ਦੇ ਦੀਆ ਕਰਨਾਂ ਰੋਜ਼। ਰਤਨ ਨੂੰ ਅਲਵਿਦਾ ਕਹਿ ਕੇ ਮੈਂ ਸਰਾਹਨ ਆਪਣੇ ਹੋਟਲ ਅੱਲ ਨੂੰ ਚੱਲ ਪਿਆ। ਰਾਤ ਦੇ ਸਾਢੇ ਦਸ ਗਿਆਰਾਂ ਵਜੇ ਕਿਤੇ ਕਮਰੇ ਵਿੱਚ ਪਹੁੰਚਿਆ।ਉਹ ਰਤਨ ਦੇ ਕਰਕੇ ਈ ਪਤਾ ਨੀ ਕਿਉਂ ਮੈਨੂੰ ਬਾਗੇਸ਼ਵਰ ਵਧੀਆ ਵਧੀਆ ਲੱਗਦਾ ਸੀ। ਅੱਜ ਵੀ ਏਥੇ ਆਕੇ ਮੇਰੀਆਂ ਨਜ਼ਰਾਂ ਰਤਨ ਨੂੰ ਭਾਲਦੀਆਂ ਰਹੀਆਂ, ਪਰ ਉਹ ਤਾਂ ਓਡਾਂ ਦੀ ਗਧੀ ਆ ਕੀ ਪਤਾ ਹੁਣ ਕਿੱਥੇ ਹੋਊਗਾ।

ਬਾਗੇਸ਼ਵਰ ਲਾਗੇ ਪੱਧਰਾ ਇਲਾਕਾ 

ਬਾਗੇਸ਼ਵਰ ਤੋਂ ਮੁਨਸਿਆਰੀ ਜਾਣ ਦੇ ਦੋ ਰਾਹ ਨੇ। ਪਹਿਲਾ ਰਾਹ ਵਾਇਆ ਥਲ, ਨਾਚਨੀ ਹੋਕੇ ਜਾਂਦਾ, ਆਮ ਪ੍ਰਚੱਲਤ ਰਾਹ ਗਾ ਤੇ ਦੂਜਾ ਰਾਹ ਵਾਇਆ ਕਪਕੋਟ, ਸਾਮਾ ਹੋਕੇ ਜਾਂਦਾ। ਪਿੰਡਾਰੀ ਗਲੇਸ਼ੀਅਰ ਜਾਣਾ ਹੋਵੇ ਤਾਂ ਕਪਕੋਟ ਭਰਾੜੀ ਤੱਕ ਏਸੇ ਰਸਤਿਉਂ ਹੋਕੇ ਜਾਈਂਦੈ।ਏਸ ਰਾਹ ਬਾਰੇ ਕੌਸਾਨੀ ਵਿਖੇ ਜੰਗਲਾਤ ਵਿਭਾਗ ਆਲ਼ੇ ਅੰਕਲ ਨੇ ਪਹਿਲਾਂ ਈ ਕਹਿਤਾ ਸੀ ਵੀ ਰਿਸਕੀ ਆ ਤੇ ਮੈਂ ਵੀ ਰਿਸਕ ਲੈਣ ਦਾ ਫੈਸਲਾ ਪਹਿਲਾਂ ਈ ਕਰ ਲਿਆ ਸੀ। ਸੋ ਹੁਣ ਮੈਂ ਸਰਿਊ ਨਦੀ ਦੇ ਨਾਲ਼ ਨਾਲ਼ ਕਪਕੋਟ ਆਲ਼ੀ ਸੜਕ ਪੈ ਜਾਂਦਾ ਹਾਂ।ਸੜਕ ਵਧੀਆ ਬਣੀ ਹੋਈ ਆ।ਏਧਰ ਨੂੰ ਬਾਗੇਸ਼ਵਰ ਤੋਂ ਸ਼ੇਅਰ ਜੀਪਾਂ ਚੱਲਦੀਆਂ ਨੇ, ਬੱਸ ਤਾਂ ਮੈਨੂੰ ਕੋਈ ਨੀ ਮਿਲੀ, ਸ਼ਾਇਦ ਟਾਵੀਂ ਟਾਵੀਂ ਚੱਲਦੀ ਹੋਣੀਂ। ਜੀਪਾਂ ਨੂੰ ਦੇਖਕੇ ਮੇਰਾ ਹੌਂਸਲਾ ਵੀ ਸੱਤਵੇਂ ਅਸਮਾਨ ਤੇ ਪਹੁੰਚ ਜਾਂਦਾ ਏ, ਵੀ ਜਦੋਂ ਜੀਪਾਂ ਜਾ ਸਕਦੀਆਂ ਫੇਰ ਆਪਣੀ ਬੱਕੀ ਕਿਉਂ ਨੀ ਜਾ ਸਕਦੀ ਏਧਰ ਦੀ।ਜਿਵੇਂ ਜਿਵੇਂ ਬਾਗੇਸ਼ਵਰ ਤੋਂ ਦੂਰ ਜਾਈ ਜਾਨਾ ਮੌਸਮ ਬੇਈਮਾਨ ਹੁੰਦਾ ਜਾਂਦਾ ਤੇ ਪਹਾੜਾਂ ਦੀ ਖੂਬਸੂਰਤੀ ਵਿੱਚ ਵੀ ਵਾਧਾ ਹੁੰਦਾ ਜਾਂਦਾ ਐ। ਇੱਕ ਥਾਂ ਦੋ ਸੜਕਾਂ ਪਾਟਦੀਆਂ ਨੇ, ਜਿੱਥੇ ਦੋਹਾਂ ਸੜਕਾਂ ਤੇ ਸਵਾਗਤੀ ਗੇਟ ਲੱਗੇ ਹੋਏ ਨੇ। ਇੱਕ ਗੇਟ ਉੱਪਰ ਲਿਖਿਆ ਐ, ''ਸੁਤੰਤਰਤਾ ਸੈਨਾਨੀਆਂ ਤੇ ਵੀਰ ਸ਼ਹੀਦਾਂ ਦੀ ਭੂਮੀ ਅਤੇ ਵਿਸ਼ਵ ਪ੍ਰਸਿੱਧ ਸੈਲਾਨੀ ਕੇਂਦਰ ਪਿੰਡਾਰੀ, ਸੁੰਦਰਢੂੰਗਾ, ਕਫ਼ਨੀ ਅਤੇ ਹੀਰਾਮਣੀ ਗਲੇਸ਼ੀਅਰਾਂ ਦੀ ਦਾਨਪੁਰ ਘਾਟੀ ਵਿੱਚ ਤੁਹਾਡਾ ਸਵਾਗਤ ਹੈ।" ਦੂਜੇ ਗੇਟ ਤੇ ਵੀ ਇਹੋ ਲਿਖਿਆ ਕਿ ਸੁਤੰਤਰਤਾ ਸੰਗਰਾਮ ਸੈਨਾਨੀਆਂ ਤੇ ਵੀਰ ਸ਼ਹੀਦਾਂ ਦੀ ਭੂਮੀ ਨਾਕੁਰੀ ਪੱਟੀ ਆਉਣ ਤੇ ਸਭ ਦਾ ਸਵਾਗਤ ਐ।

ਇੱਕ ਦੋ ਥਾਵਾਂ ਤੇ ਰੁਕਦਾ ਰੁਕਾਉਂਦਾ ਮੈਂ ਘੰਟੇ ਕੁ ਬਾਅਦ ਕਪਕੋਟ ਪਹੁੰਚ ਜਾਨਾ। ਆਸੇ ਪਾਸਿਓਂ ਪਹਾੜਾਂ ਵਿੱਚ ਘਿਰਿਆ ਕਪਕੋਟ ਮੈਨੂੰ ਬਹੁਤ ਈ ਵੱਖਰਾ ਜਾ ਲੱਗਿਆ। ਸ਼ਾਂਤ ਮਾਹੌਲ, ਚੁੱਪ ਚੁਪੀਤੇ ਜੇ ਲੋਕ, ਕੋਲ਼ ਲੰਘਦੀ ਸਰਿਊ ਨਦੀ ਦਾ ਨੀਲਾ ਨੀਲਾ ਪਾਣੀ, ਖੇਤਾਂ ਵਿੱਚ ਗੁੱਡ ਗੁਡਾਈ ਕਰਦੀਆਂ ਔਰਤਾਂ ਆਦਿ ਸਭ ਨੂੰ ਦੇਖਕੇ ਮੇਰਾ ਮਨ ਕੁਝ ਦਿਨ ਏਥੇ ਈ ਰੁਕਣ ਨੂੰ ਕਰਦੈ।
ਕਪਕੋਟ ਦਾ ਖੂਬਸੂਰਤ ਦ੍ਰਿਸ਼

ਸਰਿਊ ਨਦੀ
ਕਪਕੋਟ ਬਾਗੇਸ਼ਵਰ ਜਿਲ੍ਹੇ ਦੀ ਸਭ ਤੋਂ ਵੱਡੀ ਤਹਿਸੀਲ ਐ, ਏਹਦੇ ਅੰਡਰ ਦੋ ਸੌ ਤੋਂ ਵੀ ਜ਼ਿਆਦਾ ਪਿੰਡ ਪੈਂਦੇ ਨੇ।ਸਰਿਊ ਘਾਟੀ ਦਾ ਇਹ ਲਾਕਾ ਕਾਫ਼ੀ ਉਪਜਾਊ ਐ, ਜੀਹਦੇ ਕਰਕੇ ਏਥੇ ਚੰਗੀ ਖੇਤੀਬਾੜੀ ਹੁੰਦੀ ਆ। ਹਰੇ ਭਰੇ ਖੇਤਾਂ ਵਚਾਲੇ ਵਗਦੀ ਸਰਿਊ ਨਦੀ ਸਿੰਜਾਈ ਦਾ ਮੁੱਖ ਸਰੋਤ ਐ। ਆਮ ਤੌਰ ਤੇ ਕਪਕੋਟ ਦਾ ਜ਼ਿਕਰ ਪਿੰਡਾਰੀ ਗਲੇਸ਼ੀਅਰ ਨਾਲ਼ ਸਬੰਧਤ ਯਾਤਰਾ ਲੇਖਾਂ ਵਿੱਚ ਹੀ ਮਿਲਦੈ ਕਿਉਂਕਿ ਪਿੰਡਾਰੀ ਜਾਣ ਲਈ ਆਖ਼ਰੀ ਬੱਸ ਸਟੇਸ਼ਨ ਕਪਕੋਟ ਹੀ ਐ।ਇਹ ਸਟੇਟ ਹਾਈਵੇ ਸੈਂਤੀ ਉੱਪਰ ਪੈਂਦਾ।ਕਪਕੋਟ ਖਤਰਨਾਕ ਭੂ-ਖਿਸਕਣ ਜੋਨ ਦੇ ਅੰਦਰ ਐ ਮਤਲਬ ਏਥੇ ਪਹਾੜ ਖਿਸਕਦੇ ਈ ਰਹਿੰਦੇ ਨੇ। ਸ਼ਾਇਦ ਏਸੇ ਕਰਕੇ ਈ ਜੰਗਲਾਤ ਆਲੇ ਅੰਕਲ ਨੇ ਏਹ ਰਸਤੇ ਨੂੰ ਰਿਸਕੀ ਆਖਿਆ ਸੀ। ਕਪਕੋਟ ਤੋਂ ਬਾਅਦ ਨਾਲ਼ ਈ ਭਰਾੜੀ ਪਿੰਡ ਆਉਂਦਾ। ਦੋਨੋਂ ਇੱਕ ਦੂਜੇ ਦੇ ਵਿੱਚ ਈ ਮਿਲੇ ਪੲੇ ਨੇ ਕਪਕੋਟ ਤੇ ਭਰਾੜੀ। ਅੱਗੇ ਇੱਕ ਤਿਰਾਹਾ ਆਉਂਦਾ ਹੈ ਜਿੱਥੋਂ ਇੱਕ ਰਸਤਾ ਖੱਬੇ ਹੱਥ ਹੇਠਾਂ ਪਿੰਡਾਰੀ ਅੱਲ ਨੂੰ ਚਲਾ ਜਾਂਦਾ ਐ ਤੇ ਸਿੱਧੀ ਸੜਕ ਸਾਮਾ ਹੋਕੇ ਮੁਨਸਿਆਰੀ ਨੂੰ ਚਲੀ ਜਾਂਦੀ ਆ।


ਪਿੰਡਾਰੀ ਗਲੇਸ਼ੀਅਰ ਜ਼ੀਰੋ ਪੁਆਇੰਟ ਏਥੋਂ ਤਕਰੀਬਨ ਪੈਂਹਟ ਕੁ ਕਿਲੋਮੀਟਰ ਦੂਰ ਐ। ਏਥੋਂ ਸੋਲਾਂ ਕਿਲੋਮੀਟਰ ਦੂਰ ਲੋਹਾਰਖੇਤ ਪਿੰਡ ਤੱਕ ਤਾਂ ਏਥੋਂ ਜੀਪਾਂ ਚੱਲਦੀਆਂ ਨੇ, ਉਸ ਤੋਂ ਅੱਗੇ ਫੇਰ ਜ਼ੀਰੋ ਪੁਆਇੰਟ ਤੱਕ ਲਗਭਗ ਪੰਜਾਹ ਕਿਲੋਮੀਟਰ ਟਰੈਕਿੰਗ ਕਰਨੀ ਪੈਂਦੀ ਆ। ਏਥੇ ਰੁਕ ਕੇ ਪਿੰਡਾਰੀ ਗਲੇਸ਼ੀਅਰ ਬਾਰੇ ਜਾਣਕਾਰੀ ਲੈਕੇ ਮੈਂ ਸਾਮਾ ਅੱਲ ਚੱਲ ਪੈਂਦਾ ਹਾਂ। ਹੁਣ ਇਸਤੋਂ ਅੱਗੇ ਸਾਮਾ ਤੱਕ ਲਗਾਤਾਰ ਚੜ੍ਹਾਈ ਹੀ ਆਉਂਣੀ ਆਂ। ਉੱਪਰ ਸੜਕ ਤੋਂ ਕਪਕੋਟ ਤੇ ਭਰਾੜੀ ਦਾ ਦ੍ਰਿਸ਼ ਐਨਾ ਸੋਹਣਾ ਲੱਗ ਰਿਹਾ ਐ ਬਈ ਦੇਖੀ ਜਾਵਾਂ ਬੱਸ।

ਮੌਸਮ ਤੇ ਰਸਤਾ ਹੋਰ ਵੀ ਖੂਬਸੂਰਤ ਹੋ ਚੱਲਿਆ ਏ। ਉੱਪਰੋਂ ਛੋਟੇ ਛੋਟੇ ਪਹਾੜੀ ਪਿੰਡ ਕਿੰਨੇ ਸੋਹਣੇ ਲੱਗ ਰਹੇ ਨੇ, ਕਿਸੇ ਸੀਨਰੀ ਵਾਂਗ। ਹਰ ਮੋੜ ਮੁੜਕੇ ਕੁਦਰਤੀ ਸੁਹੱਪਣ ਦਾ ਨਵਾਂ ਤੇ ਨਿੱਖਰਿਆ ਹੋਇਆ ਰੂਪ ਸਾਹਮਣੇ ਆਉਂਦਾ ਹੈ। ਸੜਕ ਐਨੀ ਵਧੀਆ ਤੇ ਸਾਫ਼ ਐ ਕਿ ਮੈਨੂੰ ਅੰਕਲ ਤੇ ਗੁੱਸਾ ਆ ਰਿਹੈ ਵੀ ਐਵੇਂ ਈ ਡਰਾਈ ਜਾਂਦਾ ਸੀ ਪਤੰਦਰ। ਸੱਚ ਕਹਾਂ ਤਾਂ ਮੈਨੂੰ ਹੁਣ ਤੱਕ ਦਾ ਸਭ ਤੋਂ ਖੂਬਸੂਰਤ ਰਾਹ ਲੱਗਦਾ ਏਹੇ।




ਸਾਮਾ ਤੋਂ ਇੱਕ ਡੇਢ ਕਿਲੋਮੀਟਰ ਪਹਿਲਾਂ ਇੱਕ ਬੇਹੱਦ ਖੂਬਸੂਰਤ ਜਗ੍ਹਾ ਮੇਰੇ ਦਿਲੋਂ ਦਿਮਾਗ ਨੂੰ ਛੂਹ ਜਾਂਦੀ ਆ।ਇਹ ਜਗ੍ਹਾ ਦਾ ਨਾਮ ਖੜਲੇਖ ਆ। ਇੱਥੇ ਪੰਜ ਛੇ ਸਕੂਲੀ ਕੁੜੀਆਂ ਸੜਕ ਤੇ ਜਾ ਰਹੀਆਂ ਨੇ ਅਤੇ ਇੱਕ ਅੰਕਲ ਸੜਕ ਕਿਨਾਰੇ ਖੜ੍ਹੇ ਦਿਖਦੇ ਨੇ।ਅੰਕਲ ਮੈਨੂੰ ਠਰਿਆ ਦੇਖਕੇ ਨਾਲ਼ ਈ ਆਪਣੇ ਘਰ ਲੈ ਜਾਂਦਾ ਏ‌।

ਅੰਕਲ ਕਾ ਘਰ

ਏਥੋਂ ਮੂਲ ਨਰਾਇਣ ਸਿਖ਼ਰ ਮੰਦਿਰ ਦਾ ਟ੍ਰੈਕ ਸ਼ੁਰੂ ਹੁੰਦਾ ਹੈ
ਘਾਹ ਫੂਸ ਤੇ ਪੱਥਰਾਂ ਦਾ ਛੋਟਾ ਜਿਹਾ ਘਰ ਹੈ। ਅੰਕਲ ਬੱਕਰੀ ਦੇ ਦੁੱਧ ਦੀ ਚਾਹ ਬਣਾ ਕੇ ਪਿਆਉਂਦੇ ਨੇ ਤੇ ਘਰ ਦੀ ਪੰਜੀਰੀ ਵੀ ਮੈਨੂੰ ਖਾਣ ਨੂੰ ਦਿੰਦੇ ਨੇ। ਜੇ ਟੈਮ ਖੁੱਲ੍ਹਾ ਹੁੰਦਾ ਤਾਂ ਮੈਂ ਲਾਜ਼ਮੀ ਇਸ ਜੰਨਤਮਈ ਥਾਂ ਤੇ ਇੱਕ ਰਾਤ ਜ਼ਰੂਰ ਰਹਿਣਾ ਸੀ।ਪਰ ਕੱਲ੍ਹ ਦਸ ਜੂਨ ਨੂੰ ਸਭ ਨੇ ਧਾਰਚੂਲਾ ਇਕੱਠੇ ਹੋਣਾ ਹੈ ਜਿਸ ਕਰਕੇ ਅੱਜ ਰਾਤ ਮੇਰਾ ਮੁਨਸਿਆਰੀ ਰਹਿਣ ਦਾ ਮਨ ਹੈ। ਇਸ ਪਿੰਡ ਤੋਂ ਇੱਕ ਛੋਟਾ ਜਿਹਾ ਪੰਜ ਕਿਲੋਮੀਟਰ ਦਾ ਟਰੈਕ ਉੱਪਰ ਮੂਲ ਨਰਾਇਣ ਸਿਖ਼ਰ ਮੰਦਿਰ ਨੂੰ ਜਾਂਦਾ ਹੈ।ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਇਹ ਟਰੈਕ ਬਹੁਤ ਹੀ ਖੂਬਸੂਰਤ ਤੇ ਮਨਮੋਹਕ ਦ੍ਰਿਸ਼ਾਂ ਨਾਲ਼ ਭਰਪੂਰ ਹੈ। ਅੱਗੇ ਇੱਕ ਪਹਾੜੀ ਦਾ ਅੱਧਾ ਚੱਕਰ ਕੱਟਕੇ ਸਾਮਾ ਆ ਜਾਂਦੈ।
ਔਹ ਸਾਹਮਣੀ ਪਹਾੜੀ ਦਾ ਚੱਕਰ ਕੱਟ ਕੇ ਸਾਮਾ ਆ ਜਾਂਦੈ
ਇਹ ਇਸ ਰਸਤੇ ਦੀ ਸਭ ਤੋਂ ਉੱਚੀ ਜਗ੍ਹਾ ਤੇ ਵਸਿਆ ਹੋਇਐ। ਬਿਲਕੁਲ ਈ ਸ਼ਾਂਤ ਤੇ ਇਕਾਂਤ ਜਿਹਾ ਪਿੰਡ।

ਰਹਿਣ ਲਈ ਏਥੇ ਸਿਰਫ਼ ਇੱਕ ਈ ਹੋਟਲ ਆ।ਪਰ ਆਪਣੇ ਕੋਲ ਤਾਂ ਆਵਦਾ ਟੈਂਟ ਹੁੰਦਾ ਜਿਸ ਕਰਕੇ ਹੋਟਲ ਦੀ ਲੋੜ ਈ ਨੀ। ਇੱਥੇ ਚਾਹ ਦੀ ਘੁੱਟ ਪੀ ਕੇ ਮੈਂ ਅੱਗੇ ਚੱਲ ਪੈਂਦਾ ਹਾਂ। ਇਸਤੋਂ ਬਾਅਦ ਤਿੱਖੀ ਉਤਰਾਈ ਸ਼ੁਰੂ ਹੋ ਜਾਂਦੀ ਐ। ਸੜਕ ਤਾਂ ਭਾਵੇਂ ਚੰਗੀ ਐ ਪਰ ਹੁਣ ਅੱਗੇ ਸੜਕ ਤੇ ਥਾਂ ਥਾਂ ਪੱਥਰ ਤੇ ਰੋੜੇ ਡਿੱਗੇ ਹੋਏ ਨੇ। ਕੲੀ ਥਾਵਾਂ ਤੇ ਤਾਂ ਮੇਰੇ ਸਾਹਮਣੇ ਈ ਉੱਪਰ ਤੋਂ ਪੱਥਰ ਡਿੱਗਦੇ ਨੇ। ਹੁਣ ਮਹਿਸੂਸ ਹੁੰਦੈ ਕਿ ਕੌਸਾਨੀ ਆਲ਼ਾ ਅੰਕਲ ਕਿਉਂ ਏਹ ਰਸਤੇ ਨੂੰ ਰਿਸਕੀ ਆਖਦਾ ਸੀ।ਪਰ ਧਿਆਨ ਨਾਲ ਬਚਦੇ ਬਚਾਉਂਦੇ ਮੈਂ ਮੰਸੂਰੀ ਨਗਰ ਪਹੁੰਚ ਜਾਂਦਾ ਹਾਂ। ਏਥੇ ਰਾਮ ਗੰਗਾ ਨਦੀ ਉੱਪਰ ਬਣੇ ਪੁਲ਼ ਦਾ ਦ੍ਰਿਸ਼ ਬਹੁਤ ਹੀ ਖੂਬਸੂਰਤ ਨਜ਼ਾਰਾ ਪੇਸ਼ ਕਰ ਰਿਹਾ ਹੈ। ਹੋਰ ਵੀ ਕਈ ਬਾਈਕਰ ਇਸ ਨਜ਼ਾਰੇ ਦਾ ਮਜ਼ਾ ਲੈ ਰਹੇ ਨੇ।ਰਸਤੇ ਵਿੱਚ ਮੈਨੂੰ ਜੋ ਕੇਰਲਾ ਦੇ ਬਾਈਕਰ ਵੀ ਮਿਲੇ ਸੀ, ਉਹ ਵੀ ਏਥੇ ਆਕੇ ਮੇਰੇ ਨਾਲ ਰਲ਼ ਜਾਂਦੇ ਨੇ।ਏਥੇ ਕੁਝ ਫੋਟੋਆਂ ਖਿਚਵਾ ਕੇ ਅਸੀਂ ਬ੍ਰਿਥੀ ਫਾਲ ਅੱਲ ਤੁਰ ਪੈਂਦੇ ਆਂ।
ਰਾਮ ਗੰਗਾ ਨਦੀ ਦਾ ਪੁਲ

ਸਾਮਾ ਲੰਘ ਕੇ ਇੱਕ ਖੂਬਸੂਰਤ ਨਜ਼ਾਰਾ

ਐਹੋ ਜੇ ਨਜ਼ਾਰੇ ਦੇਖ ਕੇ ਬੱਕੀ ਧੱਕੇ ਨਾਲ ਈ ਰੁਕ ਜਾਂਦੀ ਆ ਫੇਰ

ਸਾਮਾ ਤੋਂ ਤੇਜਮ ਰੋਡ ਤੇ ਰਾਮ ਗੰਗਾ ਨਦੀ
ਸਾਨੂੰ ਨੀ ਪਤਾ ਕਿ ਬ੍ਰਿਥੀ ਫਾਲ ਮੁਨਸਿਆਰੀ ਦੇ ਰਸਤੇ ਵਿੱਚ ਈ ਆਵੇਗਾ। ਅਸੀਂ ਸਮਝ ਰਹੇ ਆਂ ਕਿ ਸ਼ਾਇਦ ਇਹ ਮੁਨਸਿਆਰੀ ਰੋਡ ਤੋਂ ਹਟਕੇ ਆ। ਪਰ ਅੱਗੇ ਚੱਲਕੇ ਪੰਦਰਾਂ ਕਿਲੋਮੀਟਰ ਤੋਂ ਈ ਬ੍ਰਿਥੀ ਫਾਲ ਦਾ ਖੂਬਸੂਰਤ ਨਜ਼ਾਰਾ ਦਿਖਣ ਲੱਗ ਪੈਂਦਾ ਏ। ਕਿਸੇ ਮੋੜ ਤੋਂ ਇਹ ਗਾਇਬ ਹੋ ਜਾਂਦਾ ਤੇ ਅਗਲੇ ਮੋੜ ਤੇ ਫੇਰ ਅੱਖਾਂ ਸਾਹਮਣੇ ਪ੍ਰਗਟ ਹੋ ਜਾਂਦਾ ਏ‌। ਕੁਦਰਤ ਦੇ ਰੰਗਾਂ ਨੂੰ ਮਾਣਦਿਆਂ ਅਖ਼ੀਰ ਮੈਂ ਓਥੇ ਜਾ ਰੁਕਦਾਂ ਜਿੱਥੋਂ ਐਨ ਸਾਹਮਣੇ ਬ੍ਰਿਥੀ ਝਰਨਾ ਡਿੱਗਦਾ ਦਿਖਦਾ ਏ। ਸੜਕ ਦੇ ਉੱਪਰ ਵਾਲੇ ਪਾਸੇ ਝਰਨਾ ਤੇ ਹੇਠਾਂ ਬ੍ਰਿਥੀ ਪਿੰਡ ਦਾ ਖੂਬਸੂਰਤ ਨਜ਼ਾਰਾ ਨਜ਼ਰ ਆਉਂਦਾ ਹੈ।ਬੱਕੀ ਇੱਕ ਸਾਈਡ ਤੇ ਖੜ੍ਹੀ ਕਰਕੇ ਮੈਂ ਬ੍ਰਿਥੀ ਰੈਸਟੋਰੈਂਟ ਤੋਂ ਇੱਕ ਕੱਪ ਕੌਫੀ ਦਾ ਲੈਕੇ ਉੱਪਰ ਝਰਨੇ ਅੱਲ ਤੁਰ ਪੈਂਦਾ ਹਾਂ।ਇਸ ਤਰਾਂ ਕੁਦਰਤ ਦੀ ਗੋਦ ਵਿੱਚ ਤੁਰਦੇ ਹੋਏ ਕੌਫ਼ੀ ਪੀਣ ਦਾ ਜੋ ਆਨੰਦ ਹੈ, ਉਹ ਕਿਸੇ ਸੱਤ ਤਾਰਾ ਹੋਟਲ ਵਿੱਚ ਵੀ ਨਹੀਂ ਆ ਸਕਦਾ। ਝਰਨੇ ਦਾ ਪਾਣੀ ਇੰਨਾ ਸਪੀਡ ਨਾਲ ਹੇਠਾਂ ਡਿੱਗ ਰਿਹਾ ਹੈ ਕਿ ਇਸਦੀਆਂ ਬੌਛਾਰਾਂ ਦੂਰ ਦੂਰ ਤੱਕ ਵੀ ਮੀਂਹ ਵਾਂਗੂੰ ਵਰ੍ਹ ਰਹੀਆਂ ਨੇ। ਮੈਂ ਇਸਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਸੌ ਡੇਢ ਸੌ ਮੀਟਰ ਤੋਂ ਈ ਤੇਜ਼ ਮੀਂਹ ਵਾਂਗ ਕੱਪੜੇ ਭਿੱਜਣ ਲੱਗਦੇ ਹਨ। ਕੌਫ਼ੀ ਦਾ ਕੱਪ ਪੀ ਕੇ ਇੱਥੇ ਕੁਝ ਸਮਾਂ ਗੁਜ਼ਾਰਨ ਮਗਰੋਂ ਮੈਂ ਮੁਨਸਿਆਰੀ ਵੱਲ ਚੱਲ ਪੈਂਦਾ ਹਾਂ।
















ਦਾਸ ਦਾ ਗੂਠਾਕਸ਼ ਅੰਦਾਜ਼

ਦੂਰੋਂ ਦਿਖਦਾ ਬ੍ਰਿਥੀ ਪਿੰਡ 

ਦਾਸ ਦਾ ਝਰਨਾ ਕਸ਼ ਅੰਦਾਜ਼

ਅੱਗੇ ਕਾਲਾਮੁਨੀ ਟੌਪ ਤੱਕ ਚੜ੍ਹਾਈ ਈ ਚੜ੍ਹਾਈ ਐ। ਕਾਲਾਮੁਨੀ ਟੌਪ ਇੱਕ ਖੂਬਸੂਰਤ ਜਗ੍ਹਾ ਐ। ਇੱਥੋਂ ਪੰਚਾਚੁਲੀ ਦਾ ਬੇਹੱਦ ਮਨੋਰਮ ਦ੍ਰਿਸ਼ ਨਜ਼ਰੀਂ ਪੈਂਦਾ ਹੈ। ਇੱਥੇ ਸ਼ਾਇਦ ਇੱਕ ਛੋਟਾ ਜਿਹਾ ਮੰਦਿਰ ਵੀ ਬਣਿਆ ਹੋਇਆ, ਪਰ ਆਪਾਂ ਏਹਦੇ ਵੱਲ ਧਿਆਨ ਨਹੀਂ ਦਿੱਤਾ। ਕਾਲਾਮੁਨੀ ਤੋਂ ਅੱਗੇ ਫੇਰ ਉਤਰਾਈ ਸ਼ੁਰੂ ਹੋ ਜਾਂਦੀ ਐ। ਰਸਤੇ ਵਿੱਚ ਖੂਬਸੂਰਤ ਝਰਨੇ ਸਫ਼ਰ ਨੂੰ ਚਾਰ ਚੰਦ ਲਾਉਂਦੇ ਨੇ। ਫੇਰ ਉਹ ਥਾਂ ਆਉਂਦੀ ਆ ਜਿੱਥੋਂ ਖਲੀਆ ਟੌਪ ਨੂੰ ਟ੍ਰੈਕ ਸ਼ੁਰੂ ਹੁੰਦੈ।ਏਥੇ ਇੱਕ ਗੱਡੀ ਖੜ੍ਹੀ ਆ। ਗੱਡੀ ਵਿੱਚ ਇੱਕ ਜੈਂਟਲਮੈਨ ਸੁੱਤਾ ਪਿਆ, ਉਹਦੇ ਨਾਲ ਦੇ ਸਭ ਖਲੀਆ ਟੌਪ ਗੲੇ ਹੋਏ ਨੇ।ਖਲੀਆ ਟੌਪ ਦਸ ਗਿਆਰਾਂ ਕਿਲੋਮੀਟਰ ਦਾ ਬਹੁਤ ਹੀ ਖੂਬਸੂਰਤ ਟ੍ਰੈਕ ਐ। ਟੌਪ ਤੋਂ ਪੰਚਾਚੁਲੀ ਦੀਆਂ ਚੋਟੀਆਂ ਐਨ ਨੇੜਿਓਂ ਦਿਖਦੀਆਂ ਨੇ। ਮੈਂ ਅੱਜ ਲੇਟ ਹੋ ਗਿਆ ਨਹੀਂ ਤਾਂ ਖਲੀਆ ਟੌਪ ਜਾਣਾ ਮੇਰੀ ਲਿਸਟ ਵਿੱਚ ਸੀ।ਸ਼ਾਮ ਦੇ ਸਾਢੇ ਤਿੰਨ ਵੱਜਣ ਆਲੇ ਨੇ। ਮੈਂ ਕੱਲਾ ਵੀ ਆਂ ਤੇ ਨਾਲ ਸਮਾਨ ਵੀ ਬਹੁਤ ਆ। ਟੌਪ ਤੱਕ ਪਹੁੰਚਣ ਲਈ ਘੱਟੋ-ਘੱਟ ਤਿੰਨ ਚਾਰ ਘੰਟੇ ਲੱਗਣੇ ਨੇ, ਜਿਸ ਕਰਕੇ ਮੈਨੂੰ ਖਲੀਆ ਟੌਪ ਦਾ ਵਿਚਾਰ ਤਿਆਗਣਾ ਪੈਦਾ ਏ।
ਕਾਲਾ ਮੁਨੀ ਟੌਪ ਤੋਂ ਪੰਚਾਚੁਲੀ ਦੀਆਂ ਚੋਟੀਆਂ

ਦਾਸ ਦਾ ਖਲੀਆ ਕਸ਼ ਅੰਦਾਜ਼


ਏਥੋਂ ਮੈਂ ਮੁਨਸਿਆਰੀ ਅੱਲ ਤੁਰ ਪੈਂਦਾ ਹਾਂ।ਵੀਹ ਕੁ ਮਿੰਟ ਬਾਅਦ ਬੱਕੀ ਹਿੰਮ ਨਗਰੀ ਮੁਨਸਿਆਰੀ ਪਹੁੰਚ ਜਾਂਦੀ ਆ। ਮੁਨਸਿਆਰੀ ਕੋਈ ਬਹੁਤਾ ਵੱਡਾ ਕਸਬਾ ਜਾਂ ਨਗਰ ਨੀ। ਇਹਨੂੰ ਇੱਕ ਛੋਟਾ ਜਾ ਪਹਾੜੀ ਪਿੰਡ ਈ ਕਹਿ ਸਕਦੇ ਆਂ। ਥੋੜੇ ਬਹੁਤੇ ਹੋਟਲ ਬਣੇ ਹੋਏ ਨੇ ਰੁਕਣ ਨੂੰ।ਪਰ ਮੈਂ ਤਾਂ ਆਪਣੇ ਟੈਂਟ ਵਿੱਚ ਈ ਰੁਕਣਾ ਹੈ, ਜਿਸ ਕਰਕੇ ਮੈਂ ਕੈਂਪਿੰਗ ਲਈ ਥਾਂ ਲੱਭਣ ਲੱਗਦਾ ਹਾਂ।

-----ਚਲਦਾ-----





Comments

  1. Replies
    1. ਬਹੁਤ ਸਾਰਾ ਧੰਨਵਾਦ ਜੀ

      Delete
  2. ਬਹੁਤ ਦਿਲਚਸਪ ਤੇ ਨਜ਼ਾਰੇਦਾਰ ਸਫ਼ਰਨਾਮਾ ਬਾਈ...

    ReplyDelete
    Replies
    1. ਬਹੁਤ ਬਹੁਤ ਸ਼ੁਕਰੀਆ ਜੀਓ

      Delete
  3. ਅਨੂਪਗੜੀਆ ਪੜ੍ਹ ਕੇ ਮਨ ਖੁਸ਼ ਹੋ ਗਿਆ, ਚੱਕੀ ਚੱਲੋ ਫਟੇ ।ਕੋਈ ਨਵੇਂ ਸਟੇਸ਼ਨ ਤੇ ਸਮਸਿਆ ਹੋਈ ਤਾਂ ਯਾਦ ਕਰ ਲਈਂ,ਹਲ ਕਰ ਲਵਾਂਗੇ

    ReplyDelete
    Replies
    1. ਏਥੇ ਯਰ ਤੇਰਾ ਨਾਂ ਨੀ ਸ਼ੋਅ ਹੋ ਰਿਹਾ ਨਾ ਫੋਟੋ ਲਾਈ ਆ। ਕੌਣ ਪ੍ਰਧਾਨ ਸ਼ੁਕਰੀਆ

      Delete

Post a Comment

Popular posts from this blog

ਮੁਗਲਕਾਲੀਨ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਸਰਾਏ ਅਮਾਨਤ ਖਾਂ

ਰੀਝਾਂ ਨਾਲ ਸ਼ਿੰਗਾਰੀ ਮੁਨਸਿਆਰੀ

ਉੱਤਰਾਖੰਡ ਡਾਇਰੀ--7