ਉੱਤਰਾਖੰਡ ਡਾਇਰੀ--7

ਭਾਰਤ ਦਾ ਸਵਿਟਜ਼ਰਲੈਂਡ:ਕੌਸਾਨੀ

(ਗਰੁੜ ਤੋਂ ਕੌਸਾਨੀ ਅਤੇ ਕੌਸਾਨੀ ਤੋਂ ਬਾਗੇਸ਼ਵਰ)
ਪਿਛਲਾ ਭਾਗ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ  https://anoopgarh43.blogspot.com/2018/10/6.html?m=1


ਅੱਧੀ ਕੁ ਰਾਤ ਨੂੰ ਬਿਜਲੀ ਦੀ ਜ਼ੋਰਦਾਰ ਕੜਕ ਸੁਣਕੇ ਅੱਖ ਖੁੱਲਦੀ ਆ।ਬਾਹਰੋਂ ਖੜਕਾ ਦੱਸ ਰਿਹੈ ਵੀ ਕਿੰਨਾ ਮੀਂਹ ਪੈ ਰਿਹੈ।ਜਾਗੋ ਮੀਚੀ ਜ ਪੲੇ ਪੲੇ ਮੇਰੇ ਦਿਮਾਗ ਵਿੱਚ ਕੱਲ੍ਹ ਦੇ ਸਫ਼ਰ ਦੀ ਤਸਵੀਰ ਘੁੰਮਣ ਲੱਗਦੀ ਐ।ਜੇ ਸਵੇਰੇ ਵੀ ਐਂ ਈ ਮੀਂਹ ਪਈ ਗਿਆ ਫੇਰ..........? ਚਲੋ ਕੌਸਾਨੀ ਨਾ ਜਾਵਾਂਗੇ, ਬੱਕੀ ਏਥੋਂ ਈ ਸਿੱਧੀ ਮੁਨਸ਼ਿਆਰੀ ਨੂੰ ਹੱਕਦਾਂਗੇ ਹੋਰ ਕੀ ਐ। ਕਦੇ ਸੋਚਦਾ ਐਨੀ ਦੂਰ ਆ ਗਿਆ ਹੁਣ ਸੋਲਾਂ ਸਤਾਰਾਂ ਕਿਲੋਮੀਟਰ ਪਿੱਛੇ ਐਡਾ ਘੈਂਟ ਹਿੱਲ ਸਟੇਸ਼ਨ ਕਾਹਦੇ ਵਾਸਤੇ ਛੱਡਣੈ? ਵੱਧ ਤੋਂ ਵੱਧ ਭਿੱਜ ਜਾਏਂਗਾ ਹੋਰ ਕੀ ਹੋਜੂ? ਸੋਚਦੇ ਸੋਚਦੇ ਫੇਰ ਨੀਂਦ ਆ ਗੲੀ। ਸਵੇਰੇ ਉੱਠਣ ਸਾਰ ਜਦੋਂ ਬਾਹਰ ਨਿਕਲ ਕੇ ਦੇਖਦਾ ਹਾਂ ਤਾਂ ਮੀਂਹ ਬੰਦ ਐ ਪਰ ਅਸਮਾਨ ਵਿੱਚ ਓਵੇਂ ਈ ਬੱਦਲਾਂ ਦਾ ਰਾਜ ਐ। ਮੈਂ ਹੇਠਾਂ ਉੱਤਰਦਾ ਹਾਂ। ਹੇਠਾਂ ਦੁਕਾਨ ਅੰਦਰ ਪਾਣੀ ਈ ਪਾਣੀ ਐ ਕਿਉਂਕਿ ਪੌੜੀਆਂ ਦੇ ਉੱਪਰ ਛੱਤ ਨਾ ਹੋਣ ਕਰਕੇ ਸਾਰੀ ਰਾਤ ਮੀਂਹ ਦਾ ਪਾਣੀ ਅੰਦਰ ਈ ਜਾਈ ਗਿਆ। ਆਪਣੀ ਬੱਕੀ ਦੇ ਨਾਲ਼ ਈ ਦੋ ਮੋਟਰਸਾਈਕਲ ਹੋਰ ਖੜ੍ਹੇ ਨੇ। ਏਥੇ ਕੋਈ ਵੀ ਨੀ ਦਿਖਦਾ। ਮੈਂ ਚਾਹ ਪੀਣ ਲਈ ਬਾਹਰ ਤੁਰ ਜਾਨਾ। ਭਾਵੇਂ ਦਿਨ ਚੜ੍ਹ ਆਇਆ ਗਾ ਪਰ ਬਜ਼ਾਰ ਹਾਲੇ ਬੰਦ ਈ ਆ। ਮੈਂ ਗੇੜਾ ਕੱਢਣ ਦੀ ਮਨਸ਼ਾ ਨਾਲ ਕੌਸਾਨੀ ਵਾਲੇ ਪਾਸੇ ਚੱਲ ਪੈਂਦਾ ਹਾਂ।ਕੁਝ ਦੂਰ ਜਾਕੇ ਇੱਕ ਚਾਹ ਦੀ ਦੁਕਾਨ ਮਿਲ ਜਾਂਦੀ ਆ। "ਅੰਕਲ ਦੋ ਗਲਾਸ ਕੜਕ ਚਾਏ ਬਨਾ ਕੇ ਰਖਨਾ ਮੈਂ ਬੱਸ ਦਸ ਮਿੰਟ ਮੇਂ ਆਤਾ ਹੂੰ।ਮੀਠਾ ਬਿਲਕੁਲ ਕਮ ਔਰ ਥੋੜਾ ਅਦਰਕ ਵੀ ਡਾਲ ਦੇਨਾ।" ਕਹਿ ਕੇ ਮੈਂ ਸੜਕ ਕਿਨਾਰੇ ਤੁਰ ਪੈਂਦਾ ਹਾਂ।
ਮੌਸਮ ਕੱਲ੍ਹ ਨਾਲੋਂ ਵੀ ਜ਼ਿਆਦਾ ਰੁਮਾਂਟਿਕ ਐ। ਬੱਦਲ਼ ਜਿਵੇਂ ਪਹਾੜਾਂ ਦੇ ਨਾਲ਼ ਲੁਕਣ ਮੀਟੀ ਖੇਡ ਰਹੇ ਨੇ, ਪੰਛੀਆਂ ਦੀ ਚਹਿਚਹਾਟ ਵਾਤਾਵਰਨ ਵਿੱਚ ਸੰਗੀਤ ਘੋਲ਼ ਰਹੀ ਏ ਤੇ ਸ਼ੀਤਲ ਹਵਾਵਾਂ ਰੂਹ ਤੱਕ ਠਾਰ ਰਹੀਆਂ ਨੇ।ਕੌਸਾਨੀ ਵੱਲੋਂ ਉੱਠ ਰਿਹਾ ਬੱਦਲਾਂ ਦਾ ਝੁਰਮਟ ਤੇ ਦੂਰੋਂ ਹੀ ਰਸਤੇ ਦੀ ਖੂਬਸੂਰਤੀ ਦੇਖਕੇ ਮੈਂ ਫੈਸਲਾ ਕਰਦਾ ਹਾਂ ਕਿ ਕੌਸਾਨੀ ਤਾਂ ਜ਼ਰੂਰ ਜਾਣੈ ਚਾਹੇ ਮੀਂਹ ਆਵੇ ਜਾਂ ਨੇਰ੍ਹੀ।
ਕੌਸਾਨੀ ਜਾਣ ਦਾ ਫੈਸਲਾ ਸੁਣਦਿਆਂ ਮੇਰੇ ਕਦਮ ਆਪ ਮੁਹਾਰੇ ਈ ਵਾਪਸ ਮੁੜ ਪੈਂਦੇ ਨੇ। ਅੰਕਲ ਕੋਲ਼ ਦੋ ਕੱਪ ਚਾਹ ਦੇ ਪੀਕੇ ਮੈਂ ਆਪਣੇ ਹੋਟਲ ਵਿੱਚ ਆ ਜਾਨੈ ਅਤੇ ਸਾਰਾ ਸਮਾਨ ਕੱਠਾ ਕਰਕੇ ਬੱਕੀ ਦੀ ਸੀਟ 'ਤੇ ਬੰਨ੍ਹ ਦਿੰਦਾ ਹਾਂ।ਪਰ ਹੁਣ ਸਿਆਪਾ ਏਹ ਪੈ ਗਿਆ ਵੀ ਮੇਰਾ ਅਧਾਰ ਕਾਰਡ ਹੋਟਲ ਆਲੇ ਨੇ ਜਮਾਂ ਕਰਵਾ ਲਿਆ ਸੀ।ਹੋਟਲ ਆਲੇ ਦਾ ਕੋਈ ਅਤਾ ਪਤਾ ਨੀ ਚੱਲਦਾ। ਮੈਂ ਐਧਰ ਔਧਰ ਭਾਲਣ ਲੱਗਦਾ ਹਾਂ। ਗੁਆਂਢੀ ਘਰ ਆਲੇ ਦੱਸਦੇ ਨੇ ਵੀ ਉਹਦਾ ਘਰ ਤਾਂ ਭਾਈ ਉੱਪਰ ਪਹਾੜੀ ਤੇ ਆ।ਉਹ ਦੱਸਦੇ ਨੇ ਵੀ ਅੱਗੇ ਤਾਂ ਨੌਂ ਦਸ ਵਜੇ ਦੁਕਾਨ ਖੋਹਲਦਾ ਹੁੰਦੈ।ਬੜਾ ਪੰਗਾ ਹੋਇਆ ਯਰ ਹੁਣ ਕੀ ਕਰਾਂ? ਮੈਂ ਬੱਕੀ ਬਾਹਰ ਕੱਢ ਕੇ ਖੜ੍ਹੀ ਕਰ ਦਿੱਤੀ ਆ। ਕਿਣਮਿਣ ਵੀ ਸ਼ੁਰੂ ਹੋ ਗਈ ਆ। ਮੈਨੂੰ ਟੈਂਸ਼ਨ ਚ ਦੇਖਕੇ ਇੱਕ ਗੁਆਂਢੀ ਦੁਕਾਨ ਆਲਾ ਮੇਰੇ ਕੋਲ ਆਉਂਦਾ ਹੈ। ਮੈਂ ਉਹਨੂੰ ਸਾਰੀ ਕਹਾਣੀ ਦੱਸਦਾ ਹਾਂ ਕਿ ਮੈਂ ਜਲਦੀ ਨਿਕਲਣਾ ਗਾ ਕੌਸਾਨੀ ਨੂੰ ਪਰ ਮੇਰਾ ਅਧਾਰ ਕਾਰਡ ਹੋਟਲ ਕੋਲ਼ ਪਿਐ।ਉਹ ਹੋਟਲ ਆਲੇ ਨੂੰ ਫੋਨ ਕਰਕੇ ਪੁੱਛਦੈ ਵੀ ਕਦੋਂ ਕੁ ਆਵੇਂਗਾ ਬੰਦੇ ਨੇ ਜਾਣੈਂ। ਉਹ ਆਖਦਾ ਐ ਵੀ ਬੱਸ ਵੀਹ ਪੱਚੀ ਮਿੰਟਾਂ ਚ ਆਉਨਾ। ਗੱਲਾਂ ਗੱਲਾਂ ਵਿਚ ਜਦੋਂ ਮੈਂ ਦੱਸਦਾ ਹਾਂ ਕਿ ਮੈਂ ਬਾਗੇਸ਼ਵਰ ਹੋਕੇ ਅੱਜ ਮੁਨਸਿਆਰੀ ਪਹੁੰਚਣਾ ਐ। ਉਹ ਮੈਨੂੰ ਆਖਦਾ ਐ ਕਿ ਜੇ ਮੁਨਸਿਆਰੀ ਜਾਣਾ ਐ ਤਾਂ ਕੌਸਾਨੀ ਤੋਂ ਏਸੇ ਰਸਤੇ ਵਾਪਸ ਆਉਣਾ ਪੈਣਾ ਐ। ਫੇਰ ਅੱਧਾ ਘੰਟਾ ਕਿਉਂ ਖ਼ਰਾਬ ਕਰਨਾ ਐ ਅਧਾਰ ਕਾਰਡ ਮੁੜਦਾ ਹੋਇਆ ਫੜਲੀਂ।ਮੈਨੂੰ ਓਹਦੀ ਗੱਲ ਜਚ ਜਾਂਦੀ ਆ ਤੇ ਕੌਸਾਨੀ ਜਾਣ ਲਈ ਤਿਆਰ ਹੋ ਜਾਨੈਂ।ਪਰ ਏਨੇ ਨੂੰ ਕਿਣਮਿਣ ਵਧ ਜਾਂਦੀ ਆ। ਮੈਂ ਰੇਨ ਸੂਟ ਚਾੜ੍ਹ ਕੇ ਬੱਕੀ ਕੌਸਾਨੀ ਦੇ ਰਾਹ ਅੱਲ ਹੱਕ ਦਿੰਦਾ ਆਂ।
ਸਵੇਰ ਦੇ ਸੱਤ ਕੁ ਦਾ ਟੈਮ ਆਂ।ਕਦਮ ਕਦਮ ਕੁਦਰਤ ਦੇ ਨਜ਼ਾਰਿਆਂ ਨੂੰ ਮਾਣਦਾ ਮੈਂ ਅੱਗੇ ਵਧ ਰਿਹਾਂ।ਹਰ ਮੋੜ ਤੇ ਕੁਦਰਤੀ ਸੁਹੱਪਣ ਉੱਗਰ ਰੂਪ ਚ ਸਾਹਮਣੇ ਆ ਰਿਹੈ।


ਬੱਦਲਾਂ ਨਾਲ ਖੇਡਦੀ ਮੇਰੀ ਬੱਕੀ ਅੱਗੇ ਵਧ ਰਹੀ ਆ। ਕਿਸੇ ਮੋੜ 'ਤੇ ਬੱਦਲਾਂ ਕਾਰਨ ਸੰਘਣੀ ਧੁੰਦ ਛਾਅ ਜਾਂਦੀ ਆ ਤੇ ਸਭ ਕੁਝ ਦਿਖਣੋਂ ਹਟ ਜਾਂਦਾ ਹੈ ਤਾਂ ਅਗਲੇ ਮੋੜ ਤੇ ਚਮਕਦੇ ਸੂਰਜ ਦੇ ਦਰਸ਼ਨ ਹੁੰਦੇ ਨੇ। ਵਰ੍ਹਦੇ ਮੀਂਹ ਵਿੱਚ ਏਹ ਮੇਰਾ ਪਹਿਲਾ ਸਫ਼ਰ ਐ।ਠੰਢ ਨਾਲ਼ ਸਰੀਰ ਨੂੰ ਧੁੜਧੁੜੀਆਂ ਚੜ੍ਹ ਰਹੀਆਂ ਨੇ।ਕੌਸਾਨੀ ਦਾ ਉਂਝ ਤਾਂ ਪਤਾ ਨੀ ਕਿਹਾ ਜਾ ਹੋਊਗਾ ਪਰ ਓਥੇ ਜਾਂਦੇ ਰਾਹ ਨੂੰ ਦੇਖਕੇ ਲੱਗ ਰਿਹੈ ਸਵਰਗ ਨੂੰ ਜਾ ਰਿਹਾ ਹੋਵਾਂ। ਪਹਾੜਾਂ ਦੀ ਅਸਲੀ ਸੁੰਦਰਤਾ ਦੇਖਣ ਦਾ ਸਵਾਦ ਤਾਂ ਆਵਦੀ ਬੱਕੀ ਤੇ ਈ ਆਉਂਦੈ, ਜਿਸ ਮੋੜ ਤੇ ਦਿਲ ਕੀਤਾ ਬਰੇਗ ਮਾਰੇ। ਸੜਕ ਕਿਨਾਰੇ ਆਪਣੇ ਰੋਜ਼ਾਨਾ ਦੇ ਕੰਮਕਾਰ ਵਿੱਚ ਰੁੱਝੇ ਲੋਕਾਂ, ਪਹਾੜਾਂ ਤੇ ਫੈਲੀ ਹਰਿਆਲੀ, ਚੀੜ੍ਹ ਦੇ ਰੁੱਖਾਂ ਨਾਲ਼ ਟਕਰਾ ਕੇ ਆਉਂਦੀ ਹਵਾ ਦੀ ਮਹਿਕ, ਦੂਰ ਕਿਸੇ ਪਗਡੰਡੀ ਤੇ ਘਾਹ ਦੀ ਪੰਡ ਚੁੱਕੀ ਜਾਂਦੀਆਂ ਪਹਾੜਨਾਂ ਤੇ ਢਲਾਣਾਂ ਤੇ ਘਾਹ ਚਰਦੇ ਪਸ਼ੂਆਂ ਦੇ ਦ੍ਰਿਸ਼ਾਂ ਨੂੰ ਰੁਕ ਰੁਕ ਕੇ ਮਾਣਦਿਆਂ ਈ ਸਫ਼ਰ ਦਾ ਆਨੰਦ ਲਿਆ ਜਾ ਸਕਦੈ। ਜੰਗਲ, ਸ਼ਾਂਤੀ, ਇਕਾਂਤ, ਚਾਹ ਦੇ ਬਾਗਾਨ, ਵਿੰਗ ਵਲ਼ ਖਾਂਦੀ ਸੜਕ, ਖਾਈਆਂ ਚੋਂ ਨਿਕਲਦੇ ਬੱਦਲਾਂ ਅਤੇ ਨਸ਼ਈ ਮੌਸਮ ਦਾ ਆਨੰਦ ਮਾਣਦਿਆਂ ਮੈਂ ਕੌਸਾਨੀ ਦੇ ਸਵਾਗਤੀ ਗੇਟ ਤੇ ਪਹੁੰਚ ਜਾਂਦਾ ਹਾਂ।
ਏਥੇ ਇੱਕ ਸਥਾਨਕ ਬੰਦੇ ਤੋਂ ਕੌਸਾਨੀ ਦੀਆਂ ਦੇਖਣਯੋਗ ਥਾਵਾਂ ਬਾਰੇ ਪੁੱਛਕੇ ਅੱਗੇ ਚੱਲ ਪੈਨਾਂ।ਉਹ ਦੋ ਤਿੰਨ ਥਾਵਾਂ ਦੱਸਦੈ ਲਕਸ਼ਮੀ ਆਸ਼ਰਮ, ਅੰਨਾਸ਼ਕਤੀ ਆਸ਼ਰਮ ਤੇ ਸੁਮਿਤਰਾ ਨੰਦਨ ਪੰਤ ਅਜਾਇਬ ਘਰ। ਇਸਤੋਂ ਇਲਾਵਾ ਉਹ ਦੱਸਦੈ ਕਿ ਕੌਸਾਨੀ ਤੋਂ ਹਿਮਾਲਿਆ ਦੀਆਂ ਬਰਫ਼ ਲੱਦੀਆਂ ਚੋਟੀਆਂ ਦਾ ਬਹੁਤ ਹੀ ਖੂਬਸੂਰਤ ਨਜ਼ਾਰਾ ਦਿਖਦੈ, ਪਰ ਅੱਜ ਤਾਂ ਬੱਦਲਾਂ ਕਾਰਨ ਕੁਝ ਵੀ ਨਹੀਂ ਦਿਖੇਗਾ। ਅੱਗੇ ਚੱਲ ਇੱਕ ਬੈਰੀਕੇਟ ਲੱਗਿਆ ਹੋਇਆ ਗਾ ਜਿੱਥੇ ਮੀਲ ਪੱਥਰ ਤੇ ਕੌਸਾਨੀ ਜ਼ੀਰੋ ਕਿਲੋਮੀਟਰ ਲਿਖਿਆ ਹੋਇਐ।
ਬੈਰੀਕੇਟ ਦੇ ਨਾਲ਼ ਈ ਜੰਗਲਾਤ ਵਿਭਾਗ ਦਾ ਖੋਖਾਨੁੰਮਾ ਦਫ਼ਤਰ ਐ। ਏਥੇ ਖੜ੍ਹਕੇ ਮੈਂ ਫੋਟੋਆਂ ਖਿੱਚਣ ਲੱਗਦਾ ਹਾਂ। ਮੈਨੂੰ ਦੇਖਕੇ ਖੋਖੇ ਅੰਦਰੋਂ ਇੱਕ ਅੰਕਲ ਬਾਹਰ ਨਿਕਲਦੈ ਤੇ ਮੇਰੇ ਕੋਲ ਆਕੇ ਪੁਛਦੈ ਕੀ ਕਰ ਰਿਹੈਂ? ਕਿੱਥੋਂ ਆਇਆਂ ਤੇ ਕਿੱਥੇ ਜਾਣਾ ਵਗੈਰਾ ਵਗੈਰਾ।ਉਹ ਜੰਗਲਾਤ ਵਿਭਾਗ ਦਾ ਕਰਮਚਾਰੀ ਐ ਤੇ ਏਥੇ ਬੈਰੀਕੇਟ ਤੇ ਡਿਊਟੀ ਦੇ ਰਿਹੈ। ਗੱਲਾਂਬਾਤਾਂ ਵਿੱਚ ਉਹਦੇ ਨਾਲ ਵਾਹਵਾ ਖੁੱਲ੍ਹ ਜਾਨੈਂ। ਆਪਣਾ ਸਮਾਨ ਤੇ ਬੱਕੀ ਉਹਦੇ ਹਵਾਲੇ ਕਰਕੇ ਮੈਂ ਨਾਲ਼ ਈ ਸਥਿਤ ਕੌਸਾਨੀ ਦੇ ਛੋਟੇ ਜੇ ਬਜ਼ਾਰ ਵੱਲ ਤੁਰ ਪੈਂਦਾ ਹਾਂ।ਕੌਸਾਨੀ ਕੁਮਾਊਂ ਦੀਆਂ ਪਹਾੜੀਆਂ ਵਿੱਚ ਵਸਿਆ ਬੇਹੱਦ ਖੂਬਸੂਰਤ ਤੇ ਸ਼ਾਂਤ ਕਸਬਾ ਐ।ਇਹ ਕੋਸੀ ਅਤੇ ਗੋਮਤੀ ਨਦੀਆਂ ਦੇ ਵਿਚਕਾਰ ਸਮੁੰਦਰ ਤਲ ਤੋਂ ਤਕਰੀਬਨ 6200 ਫੁੱਟ ਉੱਚੀ ਪਿੰਗਨਾਥ ਚੋਟੀ ਦੇ ਸਿਖਰ ਤੇ ਸਥਿਤ ਐ।ਅਲਮੋੜਾ ਤੋਂ 52 ਕਿਲੋਮੀਟਰ ਤੇ ਬਾਗੇਸ਼ਵਰ ਤੋਂ 37 ਕਿਲੋਮੀਟਰ ਦੂਰ।ਕੌਸਾਨੀ ਆਪਣੇ ਖੂਬਸੂਰਤ ਮੌਸਮ, ਹਿਮਾਲਿਆ ਦੇ ਸ਼ਾਨਦਾਰ ਦ੍ਰਿਸ਼ਾਂ, ਚਾਹ ਦੇ ਬਾਗ਼ਾਂ ਕਾਰਨ ਪ੍ਰਸਿੱਧ ਐ। ਇੱਥੇ ਆਕੇ ਚੜ੍ਹਦੇ ਸੂਰਜ ਦੇ ਦ੍ਰਿਸ਼ ਨੂੰ ਦੇਖਣਾ ਹਰ ਕੁਦਰਤ ਪ੍ਰੇਮੀ ਦੀ ਚਾਹਤ ਹੁੰਦੀ ਐ।ਕੌਸਾਨੀ ਬਾਰੇ ਮਨੌਤ ਹੈ ਕਿ ਇਸ ਜਗ੍ਹਾ ਕੌਸ਼ਿਕ ਮੁਨੀ ਨੇ ਕਠੋਰ ਤਪ ਕੀਤਾ ਸੀ, ਏਸੇ ਕਰਕੇ ਇਸਦਾ ਨਾਮ ਕੌਸਾਨੀ ਰੱਖਿਆ ਗਿਆ।ਕੌਸਾਨੀ ਦੀ ਪ੍ਰਾਕ੍ਰਿਤਕ ਸੁੰਦਰਤਾ ਤੋਂ ਪ੍ਰਭਾਵਿਤ ਹੋਕੇ ਈ ਗਾਂਧੀ ਨੇ ਇਸਨੂੰ 'ਭਾਰਤ ਦਾ ਸਵਿਟਜ਼ਰਲੈਂਡ' ਆਖਿਆ ਸੀ।

ਭਿੱਜਿਆ ਹੋਣ ਕਰਕੇ ਮੇਰਾ ਸਰੀਰ ਠੰਢ ਮੰਨ ਰਿਹੈ।ਸੋ ਮੈਂ ਇੱਕ ਕੋਨੇ ਵਿੱਚ ਚਾਹ ਦੀ ਦੁਕਾਨ ਤੇ ਗਰਮਾ ਗਰਮ ਚਾਹ ਪੀਣ ਰੁਕ ਜਾਂਦਾ ਹਾਂ।ਚਾਹ ਆਲ਼ਾ ਦੱਸਦਾ ਐ ਕਿ ਔਹ ਸਾਹਮਣੇ ਉੱਪਰ ਚੜ੍ਹ ਕੇ ਪੰਤ ਅਜਾਇਬ ਘਰ ਐ। ਮੈਂ ਲੱਤਾਂ ਬਾਹਾਂ 'ਤੇ ਰਾਈਡਿੰਗ ਗਾਰਡ ਚਾੜ੍ਹੇ ਹੋਏ ਨੇ, ਜਿਸ ਕਰਕੇ ਦੁਕਾਨਾਂ ਆਲ਼ੇ ਮੇਰੇ ਕੰਨੀਂ ਓਪਰਾ ਓਪਰਾ ਝਾਕ ਰਹੇ ਨੇ ਜਿਵੇਂ ਕਿਤੇ ਮੈਂ ਦੂਏ ਗ੍ਰਹਿ ਤੋਂ ਆਇਆ ਏਲੀਅਨ ਹੋਵਾਂ। ਇੱਕ ਮੁੰਡਾ ਤਾਂ ਮੇਰੇ ਕੋਲ ਆਕੇ ਪੁੱਛ ਈ ਲੈਂਦਾ, "ਭਾਈ ਜੀ ਆਪ ਰੇਸਰ ਹੋ ਕਿਆ?"
ਮੈਂ: ਨਹੀਂ ਭਾਈ
"ਤੋ ਫੇਰ ਯੇ ਲੋਹੇ ਕੇ ਪੈਡ ਕਿਉਂ ਪਹਨ ਰਖੇ ਹੈਂ?
ਮੈਂ: ਅਰੇ ਭਾਈ ਅਪਨੀ ਸੇਫਟੀ ਕੇ ਲੀਏ ਪਹਨੇ ਹੈਂ।ਜਾਨ ਅਕੇਲੇ ਰੇਸਰੋਂ ਕੋ ਈ ਪਿਆਰੀ ਨੀ ਹੋਤੀ, ਮੁਝੇ ਵੀ ਪਿਆਰੀ ਹੈ।"
ਇੰਨਾ ਕਹਿ ਕੇ ਮੈਂ ਸੁਮਿਤਰਾ ਨੰਦਨ ਪੰਤ ਦੇ ਘਰ ਵੱਲ ਚੱਲ ਪੈਨਾਂ।ਅਸਲ ਵਿੱਚ ਪੰਤ ਦੇ ਘਰ ਨੂੰ ਈ ਅਜਾਇਬ ਘਰ ਦਾ ਰੂਪ ਦਿੱਤਾ ਗਿਆ ਹੈ। ਇਸੇ ਘਰ ਵਿੱਚ ਈ ਪੰਤ ਦਾ ਜਨਮ ਹੋਇਆ ਸੀ ਅਤੇ ਉਹਨਾਂ ਦਾ ਬਚਪਨ ਬੀਤਿਆ।ਸੜਕ ਤੋਂ ਉੱਪਰ ਪੌੜੀਆਂ ਚੜ੍ਹ ਕੇ ਇੱਕ ਭੀੜੀ ਗਲੀ ਵਿੱਚ ਕੁਝ ਮੀਟਰ ਚੱਲਣ ਮਗਰੋਂ ਈ ਮੈਂ ਸੁਮਿਤਰਾ ਨੰਦਨ ਪੰਤ ਅਜਾਇਬ ਘਰ ਦੇ ਗੇਟ ਮੂਹਰੇ ਪਹੁੰਚ ਜਾਂਦਾ ਹਾਂ।ਅੰਦਰ ਵੜਦਿਆਂ ਈ ਸਭ ਤੋਂ ਪਹਿਲਾਂ ਮੇਰੀ ਨਿਗਾ ਪੰਤ ਜੀ ਦੀ ਕਾਲ਼ੇ ਰੰਗ ਦੀ ਮੂਰਤੀ ਤੇ ਜਾਂਦੀ ਐ।

ਇਸਦੇ ਹੇਠਾਂ ਪੰਤ ਦੇ ਜਨਮ, ਮੌਤ ਅਤੇ ਮੂਰਤੀ ਸਥਾਪਤ ਕਰਨ ਬਾਰੇ ਸੂਚਨਾ ਲਿਖੀ ਹੋਈ ਆ। ਮੈਨੂੰ ਦੇਖਕੇ ਇੱਥੇ ਡਿਊਟੀ ਤੇ ਤਾਇਨਾਤ ਮੁਲਾਜ਼ਮ ਕੋਲ਼ ਆ ਜਾਂਦਾ ਏ। ਉਹ ਬੜੇ ਪ੍ਰੇਮ ਤੇ ਸਤਿਕਾਰ ਨਾਲ ਗੱਲ ਕਰਦੈ। ਇੱਕ ਰਜਿਸਟਰ ਵਿੱਚ ਮੇਰਾ ਨਾਂ ਪਤਾ ਲਿਖਾਉਣ ਮਗਰੋਂ ਮੈਨੂੰ ਅੰਦਰ ਲੈ ਜਾਂਦੈ। ਇੱਥੇ ਮੌਜੂਦ ਹਰ ਚੀਜ਼ ਬਾਰੇ ਬੜੇ ਠਰੰਮੇ ਨਾਲ਼ ਦੱਸਦੈ।
ਅਜਾਇਬ ਘਰ ਵਿੱਚ ਸ੍ਰੀ ਪੰਤ ਦੀਆਂ ਕਵਿਤਾਵਾਂ ਦੀਆਂ ਹੱਥ ਲਿਖਤਾਂ, ਉਹਨਾਂ ਦੁਆਰਾ ਹਰਿਵੰਸ਼ ਰਾਏ ਬੱਚਨ ਤੇ ਹੋਰਨਾਂ ਨੂੰ ਲਿਖੀਆਂ ਚਿੱਠੀਆਂ, ਉਹਨਾਂ ਦੀਆਂ ਰੋਜ਼ਮਰਾ ਦੀਆਂ ਚੀਜ਼ਾਂ, ਵੱਖ-ਵੱਖ ਮੌਕਿਆਂ ਤੇ ਖਿੱਚੀਆਂ ਤਸਵੀਰਾਂ ਆਦਿ ਮੌਜੂਦ ਐ।
ਲੰਬੂ ਦੇ ਪਿਓ ਹਰਿਵੰਸ਼ ਰਾਏ ਬੱਚਨ ਨਾਲ਼ ਪੰਤ ਦੀ ਪੂਰੀ ਗੂੜ੍ਹੀ ਆੜੀ ਸੀ। ਏਸੇ ਕਰਕੇ ਜ਼ਿਆਦਾ ਫੋਟੋਆਂ ਵਿੱਚ ਪੰਤ ਦੇ ਨਾਲ ਵੱਡੇ ਬੱਚਨ ਮੌਜੂਦ ਨੇ। ਇੱਕ ਫੋਟੋ ਚ ਤਾਂ ਨਾਲ਼ ਅਣਦਾੜ੍ਹੀਆ ਲੰਬੂ ਵੀ ਖੜ੍ਹਾ।


ਮੁਲਾਜ਼ਮ ਮੈਨੂੰ ਉਹ ਕਮਰਾ ਵੀ ਦਿਖਾਉਂਦਾ ਐ ਜਿਸ ਵਿੱਚ ਪੰਤ ਦਾ ਜਨਮ ਹੋਇਆ ਸੀ।ਵਾਪਸ ਜਾਣ ਤੋਂ ਪਹਿਲਾਂ ਉਹ ਮੈਨੂੰ ਰਜਿਸਟਰ ਵਿੱਚ ਕਮੈਂਟ ਦੇਣ ਲਈ ਆਖਦੈ ਕਿ ਕਿਸ ਤਰਾਂ ਮਹਿਸੂਸ ਹੋਇਆ ਇੱਥੇ ਆਕੇ।


ਕਮੈਂਟ ਲਿਖਕੇ ਮੈਂ ਅੰਨਾਸ਼ਕਤੀ ਆਸ਼ਰਮ ਬਾਰੇ ਪਤਾ ਕਰਦਾ ਹਾਂ, ਜੋ ਕਿਲੋ ਕੁ ਮੀਟਰ ਜਾਕੇ ਉੱਪਰ ਐ। ਆਸ਼ਰਮ ਤੱਕ ਸੜਕ ਬਣੀਂ ਹੋਈ ਆ।ਇਸ ਆਸ਼ਰਮ ਦਾ ਨਾਮ ਗਾਂਧੀ ਦੀ ਮਸ਼ਹੂਰ ਕਿਤਾਬ 'ਅੰਨਾਸ਼ਕਤੀ ਯੋਗ' ਤੋਂ ਲਿਆ ਹੈ। ਕਹਿੰਦੇ 1929 ਵਿੱਚ ਆਪਣੀ ਯਾਤਰਾ ਦੌਰਾਨ ਗਾਂਧੀ ਅਰਾਮ ਕਰਨ ਲਈ ਇੱਕ ਦਿਨ ਵਾਸਤੇ ਕੌਸਾਨੀ ਆਇਆ ਸੀ।ਪਰ ਏਥੋਂ ਦੇ ਸ਼ਾਂਤ ਮਾਹੌਲ ਤੇ ਕੁਦਰਤੀ ਸੁਹੱਪਣ ਨੇ ਉਹਨੂੰ ਐਨਾ ਪ੍ਰਭਾਵਿਤ ਕੀਤਾ ਕਿ ਉਹ ਚੌਦਾਂ ਦਿਨ ਏਥੇ ਈ ਰਿਹਾ।ਇਸ ਦੌਰਾਨ ਉਹ ਇੱਕ ਚਾਹ ਦੇ ਬਾਗ਼ਾਂ ਦੇ ਮਾਲਕ ਦੇ ਮਹਿਮਾਨਖਾਨੇ ਵਿੱਚ ਰੁਕਿਆ। ਏਥੇ ਈ ਉਸਨੇ ਗੀਤਾ ਉੱਤੇ ਅਧਾਰਿਤ ਆਪਣੀ ਕਿਤਾਬ 'ਅੰਨਾਸ਼ਕਤੀ ਯੋਗ' ਦੀ ਪ੍ਰਸਤਾਵਨਾ ਦੀ ਰਚਨਾ ਕੀਤੀ।ਬਾਦ ਵਿੱਚ ਗਾਂਧੀ ਦੀ ਯਾਦ ਵਿੱਚ ਉਸ ਮਹਿਮਾਨ ਖਾਨੇ ਦਾ ਨਾਮ ਉਸਦੀ ਕਿਤਾਬ ਦੇ ਨਾਂ 'ਤੇ 'ਅੰਨਾਸ਼ਕਤੀ ਆਸ਼ਰਮ' ਰੱਖਿਆ ਗਿਆ।ਰਵਾਇਤੀ ਪਹਾੜੀ ਢੰਗ ਨਾਲ ਬਣਿਆਂ ਲੱਕੜ ਦੀ ਛੱਤ ਆਲ਼ਾ ਆਸ਼ਰਮ ਬੜੀ ਹੁਸੀਨ ਥਾਂ ਤੇ ਸਥਿਤ ਆ।


ਆਸ ਪਾਸ ਹਰਾ ਭਰਾ ਫੁੱਲ ਬੂਟਿਆਂ ਨਾਲ ਲੱਦਿਆ ਪਾਰਕ। ਨਾਲ਼ ਈ ਆਸ਼ਰਮ ਦੇ ਬਾਹਰ ਸੋਟੀ ਫੜੀ ਗਾਂਧੀ ਖੜ੍ਹੈ ਮਤਲਬ ਉਹਦਾ ਬੁੱਤ ਐ। ਇੱਕ ਸੂਚਨਾ ਪੱਟ ਤੇ ਗਾਂਧੀ ਦੇ ਜੀਵਨ ਦਾ ਬਿਉਰਾ ਲਿਖਿਆ ਹੋਇਆ ਐ। ਇੱਕ ਪਾਸੇ ਛੋਟਾ ਜਾ ਪੱਥਰ ਦਾ ਥੜ੍ਹਾ ਬਣਿਆਂ ਹੋਇਐ, ਜਿੱਥੋਂ ਹਿਮਾਲਿਆ ਦੀਆਂ ਬਰਫ਼ਾਨੀ ਚੋਟੀਆਂ ਦੀਂਹਦੀਆਂ ਨੇ। ਇੱਥੇ ਦਿਖਣ ਆਲੀਆਂ ਚੋਟੀਆਂ ਦੇ ਨਾਂ ਤੇ ਉਹਨਾਂ ਦੀ ਉੱਚਾਈ ਲਿਖੀ ਹੋਈ ਆ।

ਐਹੋ ਜੀਆਂ ਥਾਵਾਂ ਬਹੁਤ ਥੋੜ੍ਹੀਆਂ ਨੇ ਜਿੱਥੋਂ ਇੱਕ ਸਾਥ ਹਿਮਾਲਿਆ ਦੀਆਂ ਏਨੀਆਂ ਸਾਰੀਆਂ ਚੋਟੀਆਂ ਦੇ ਦਰਸ਼ਨ ਹੁੰਦੇ ਹੋਣ ਕੌਸਾਨੀ ਏਹਨਾਂ ਵਿੱਚੋਂ ਇੱਕ ਆ। ਏਥੋਂ ਨੰਦਾ ਦੇਵੀ, ਤ੍ਰਿਸ਼ੂਲ, ਨੀਲਕੰਠ, ਨੰਦਾ ਘੁੱਟੀ, ਚੌਖੰਭਾ, ਪੰਚਾਚੁਲੀ, ਨੰਦਾਕੁਟ, ਨੰਦਾਘਾਟ ਤੇ ਮਿਰਗਥੁਨੀ ਵਰਗੀਆਂ ਚੋਟੀਆਂ ਦਿਖਦੀਆਂ ਨੇ।ਮਾੜੀ ਕਿਸਮਤ ਨੂੰ ਸਭ ਕੁਸ਼ ਬੱਦਲਾਂ ਨੇ ਢੱਕ ਰੱਖਿਆ। ਮੌਸਮ ਦੀ ਖੂਬਸੂਰਤੀ ਕਾਰਨ ਹਿਮਾਲਿਆ ਦੀ ਖੂਬਸੂਰਤੀ ਦਿਖਾਈ ਦੇਣੋਂ ਰਹਿ ਜਾਂਦੀ ਆ।
ਗੂਗਲ ਤੋਂ ਧੰਨਵਾਦ ਸਹਿਤ ਕਿਉਂਕਿ ਬੱਦਲਾਂ ਕਾਰਨ ਉਸ ਦਿਨ ਤਾਂ ਕੁਝ ਵੀ ਨਹੀਂ ਦਿਖ ਰਿਹਾ ਸੀ
ਫੇਸਬੁੱਕ ਤੋਂ ਇੱਕ ਮਿੱਤਰ ਦੀ ਵਾਰ ਤੋਂ
ਏਥੇ ਖੜ੍ਹੇ ਵਿਅਕਤੀ ਤੋਂ ਪਤਾ ਲੱਗਦਾ ਹੈ ਕਿ ਆਸ਼ਰਮ ਵਿੱਚ ਰਹਿਣ ਲਈ ਕਮਰਿਆਂ ਦਾ ਪ੍ਰਬੰਧ ਵੀ ਐ। ਸਾਢੇ ਪੰਜ ਸੌ ਵਿੱਚ ਕਮਰਾ ਤੇ ਸੱਤਰ ਰੁਪਏ ਵਿੱਚ ਖਾਣਾ ਮਿਲ ਜਾਂਦੈ।ਅਗਲੀ ਵਾਰ ਆਇਆ ਤਾਂ ਇੱਕ ਦੋ ਰਾਤਾਂ ਅੰਨਾਸ਼ਕਤੀ ਆਸ਼ਰਮ ਵਿੱਚ ਈ ਲਾਉਣੀਆਂ ਨੇ, ਇਹ ਸੋਚਕੇ ਮੈਂ ਵਾਪਸ ਹੇਠਾਂ ਨੂੰ ਤੁਰ ਪੈਂਦਾ ਹਾਂ।ਲਕਸ਼ਮੀ ਆਸ਼ਰਮ ਜਾਣ ਦਾ ਵੀ ਮਨ ਸੀ, ਪਰ ਅੱਜ ਦਾ ਟੀਚਾ ਮੁਨਸਿਆਰੀ ਹਾਲੇ ਬਹੁਤ ਦੂਰ ਐ। ਨਾਲੇ ਅਗਲੇ ਗੇੜੇ ਵਾਸਤੇ ਵੀ ਕੁਸ਼ ਨਾ ਕੁਸ਼ ਨਵਾਂ ਦੇਖਣ ਨੂੰ ਬਚਿਆ ਹੋਣਾ ਚਾਹੀਦਾ।ਏਹ ਆਸ਼ਰਮ ਬਾਰੇ ਦੱਸ ਦਿਆਂ; ਇਸਦਾ ਨਿਰਮਾਣ ਸਰਲਾ ਬੇਨ ਦੁਆਰਾ 1948 ਚ ਕਰਵਾਇਆ ਗਿਆ ਸੀ।ਏਸੇ ਕਰਕੇ ਇਸਨੂੰ ਸਰਲਾ ਆਸ਼ਰਮ ਵੀ ਆਹਦੇ ਨੇ। ਸਰਲਾਬੇਨ ਦਾ ਅਸਲੀ ਨਾਂ ਕੈਥਰੀਨ ਹਿਲਮੇਨ ਸੀ।ਗਾਂਧੀ ਦੀ ਭਗਤ ਬਣਕੇ ਉਹਨੇ ਆਵਦਾ ਨਾਂ ਬਦਲ ਕੇ ਸਰਲਾਬੇਨ ਧਰ ਲਿਆ। ਏਥੇ ਆਸ਼ਰਮ 'ਚ ਅਨਾਥ ਤੇ ਗਰੀਬ ਕੁੜੀਆਂ ਰਹਿ ਕੇ ਪੜ੍ਹਾਈ ਕਰਦੀਆਂ ਨੇ। ਕੁਝ ਈ ਮਿੰਟਾਂ ਚ ਮੈਂ ਹੇਠਾਂ ਖੜ੍ਹੀ ਆਵਦੀ ਬੱਕੀ ਕੋਲ਼ ਆ ਜਾਂਦਾ ਹਾਂ। ਜੰਗਲਾਤ ਵਿਭਾਗ ਦੇ ਦਫ਼ਤਰ ਚੋਂ ਆਵਦਾ ਸਮਾਨ ਚਾਕੇ ਬੱਕੀ ਤੇ ਲੱਦ ਲੈਂਦਾ ਹਾਂ।ਅਚਾਨਕ ਮੈਨੂੰ ਖਿਆਲ ਆਉਂਦਾ ਹੈ ਕਿ ਬੱਕੀ ਨੂੰ ਰਿਜ਼ਰਵ ਚ ਲੱਗਿਆਂ ਵੀਹ ਪੱਚੀ ਕਿਲੋਮੀਟਰ ਹੋਗੇ ਨੇ। ਮੈਂ ਡਿਊਟੀ ਤੇ ਹਾਜ਼ਰ ਜੰਗਲਾਤ ਵਿਭਾਗ ਵਾਲ਼ੇ ਅੰਕਲ ਤੋਂ ਪੈਟਰੋਲ ਪੰਪ ਬਾਰੇ ਪੁੱਛਦਾਂ ਵੀ ਕਿੰਨੀ ਕੁ ਦੂਰ ਐ।ਉਹ ਦਸਦੈ ਕਿ ਪੈਟਰੋਲ ਪੰਪ ਜਾਂ ਤਾਂ ਚਾਰ ਪੰਜ ਕਿਲੋਮੀਟਰ ਅੱਗੇ ਜਾਕੇ ਹੈ ਜਾਂ ਫੇਰ ਵਾਪਸ ਬੈਜਨਾਥ ਜਾਕੇ। ਬੈਜਨਾਥ ਤਾਂ ਮੈਂ ਜਾਣਾ ਈ ਐ ਤਾਂ ਫੇਰ ਪੰਜ ਕਿਲੋਮੀਟਰ ਅੱਗੇ ਜਾਕੇ ਕਿਉਂ ਟੈਮ ਖ਼ਰਾਬ ਕਰਨੈਂ। ਬਾਕੀ ਹੁਣ ਤਾਂ ਬੈਜਨਾਥ ਤੱਕ ਉਤਰਾਈ ਈ ਆ, ਬੱਕੀ ਬੰਦ ਕਰਕੇ ਵੀ ਰੁੜ੍ਹਦੀ ਜਾਊ।ਸੋ ਹੁਣ ਬੈਜਨਾਥ ਜਾਕੇ ਈ ਟੈਂਕੀ ਫੁੱਲ ਕਰਾਉਣੀਂ ਆਂ। ਗੱਲਾਂ ਗੱਲਾਂ ਵਿੱਚ ਅੰਕਲ ਇੱਕ ਹੋਰ ਰਾਇ ਵੀ ਦਿੰਦਾ ਐ ਕਿ ਜੇ ਮੁਨਸਿਆਰੀ ਜਾਣਾ ਐ ਤਾਂ ਬਾਗੇਸ਼ਵਰ ਤੋਂ ਵਾਇਆ ਥਲ, ਨਾਚਨੀ ਹੋਕੇ ਈ ਜਾਈਂ ਕਿਉਂਕਿ ਵਾਇਆ ਕਪਕੋਟ, ਸਾਮਾ ਆਲ਼ਾ ਰਸਤਾ ਬਹੁਤ ਰਿਸਕੀ ਐ। ਉਹਦੇ ਸ਼ਬਦ
"ਵਾਇਆ ਸਾਮਾ ਹੋਕਰ ਬੀਸ ਪੱਚੀਸ ਕਿਲੋਮੀਟਰ ਸੌਟ ਤੋ ਪੜੇਗਾ, ਲੇਕਿਨ ਉਧਰ ਰਾਸਤਾ ਕਾਫੀ ਰਿਸਕੀ ਹੈ।ਉਧਰ ਬਾਰਿਸ਼ ਵੀ ਬਹੁਤ ਜ਼ਿਆਦਾ ਹੋਤੀ ਹੈ, ਤੋ ਊਪਰ ਸੇ ਪੱਥਰ ਗਿਰਤੇ ਰਹਿਤੇ ਹੈਂ।ਆਜ ਤੋ ਮੌਸਮ ਵੈਸੇ ਹੀ ਖ਼ਰਾਬ ਹੈ, ਤੋ ਉੱਧਰ ਜਾਨੇ ਕਾ ਰਿਸਕ ਮੱਤ ਲੇਨਾ।ਇਸ ਰਾਸਤੇ ਬਹੁਤ ਕਮ ਲੋਗ ਜਾਤੇ ਹੈਂ, ਭਗਵਾਨ ਨਾ ਕਰੇ ਅਗਰ ਕੋਈ ਐਸੀ ਵੈਸੀ ਘਟਨਾ ਵਾਪਰ ਗਈ ਤੋ ਕਿਸੀ ਕੋ ਪਤਾ ਤੱਕ ਨਹੀਂ ਚਲੇਗਾ।ਆਪ ਤੋ ਹੋ ਵੀ ਅਕੇਲੇ ਤੋ ਕੌਣ ਲੋਗੋਂ ਕੋ ਮਦਦ ਕੇ ਲੀਏ ਬੁਲਾਏਗਾ।ਅਗਰ ਕਿਸੀ ਲੈਂਡ ਸਲਾਈਡ ਕੇ ਨੀਚੇ ਦਬ ਗਏ ਤੋ ਕੌਨ ਬਤਾਏਗਾ ਕਿ ਜਹਾਂ ਆਦਮੀ ਦਬਾ ਹੈ?"
ਉਹਦੀਆਂ ਗੱਲਾਂ ਸੁਣਕੇ ਮੈਂ ਦੋਚਿੱਤੀ ਵਿੱਚ ਪੈ ਜਾਨੈਂ। ਇੱਕ ਵਾਰ ਮੈਂ ਗਰੁੜ ਵੱਲ ਨੂੰ ਚੱਲ ਪੈਂਦਾ ਹਾਂ। ਹੋਟਲ ਆਲੇ ਤੋਂ ਅਧਾਰ ਕਾਰਡ ਵੀ ਫੜਨਾਂ ਗਾ।ਚਾਹੇ ਸਾਢੇ ਦਸ ਵੱਜਗੇ ਨੇ, ਪਰ ਸੂਰਜ ਦੇ ਹਾਲੇ ਵੀ ਦਰਸ਼ਨ ਨੀ ਹੋਏ।ਆਉਣ ਵੇਲੇ ਵੀ ਮੈਂ ਏਸੇ ਰੋਡ ਈ ਆਇਆ ਸੀ। ਉਦੋਂ ਸੁਵਖਤੇ ਹੋਣ ਕਰਕੇ ਹਾਲੇ ਲੋਕ ਘਰਾਂ ਅੰਦਰੋਂ ਨੀ ਨਿਕਲੇ ਸੀ, ਪਰ ਹੁਣ ਉਹ ਆਪੋ-ਆਪਣੇ ਕੰਮ ਧੰਦੇ ਕਰਦੇ ਫਿਰਦੇ ਨੇ।ਰਸਤੇ ਵਿੱਚ ਖੂਬਸੂਰਤ ਲੋਕੇਸਨਾਂ 'ਤੇ ਕਈ ਹੋਟਲ ਦਿਖਦੇ ਨੇ। ਤਿੰਨ ਚਾਰ ਕਿਲੋਮੀਟਰ ਚੱਲਣ ਮਗਰੋਂ ਇੱਕ ਵੱਡੀ ਸ਼ਾਲ ਫੈਕਟਰੀ ਵੀ ਐ। ਏਹਦੇ ਅੰਦਰ ਜਾਕੇ ਤੁਸੀਂ ਸਾਰੀ ਪ੍ਰੋਸੈਸਿੰਗ ਵੀ ਦੇਖ ਸਕਦੇ ਓਂ, ਪਰ ਮੈਂ ਨੀ ਦੇਖਣੀਂ। ਫੈਕਟਰੀ ਤੋਂ ਅੱਗੇ ਪਹਾੜੀ ਢਲਾਣਾਂ 'ਤੇ ਬਹੁਤ ਹੀ ਖੂਬਸੂਰਤ ਹਰੇ ਭਰੇ ਚਾਹ ਦੇ ਬਾਗ਼ ਨੇ।ਆਹਦੇ ਏਥੋਂ ਦੀ ਚਾਹ ਖੁਸ਼ਬੂਦਾਰ ਵੀ ਹੁੰਦੀ ਆ ਤੇ ਸਵਾਦ ਵੀ।ਏਥੇ ਕੋਈ ਦਿਸਦਾ ਵੀ ਨੀ ਨਹੀਂ ਤਾਂ ਟੇਸਟ ਕਰਨ ਖਾਤਰ ਮਾੜੀ ਮੋਟੀ ਚਾਹ ਈ ਖਰੀਦ ਲੈਂਦੇ।ਦੂਜਾ ਬੱਕੀ ਚ ਤੇਲ ਮੁੱਕਣ ਦਾ ਵੀ ਡਰ ਐ।ਸੋ ਜ਼ਿਆਦਾ ਦੇਰ ਨੀ ਰੁਕ ਸਕਦੇ।ਚਾਹ ਦੀ ਨਿੰਮ੍ਹੀ ਨਿੰਮ੍ਹੀ ਮਹਿਕ ਸਾਹਾਂ ਵਿੱਚ ਸੰਜੋ ਕੇ ਮੈਂ ਅੱਗੇ ਤੁਰ ਪੈਂਦਾ ਹਾਂ। ਰਸਤੇ ਵਿੱਚ ਇੱਕ ਛੋਟਾ ਜਾ ਪਿੰਡ ਆਉਂਦਾ ਐ, ਸ਼ਾਇਦ ਲੈਵਾਜ ਨਾਂ ਐ।ਏਥੇ ਸੜਕ ਦੇ ਨੇੜੇ ਈ ਝੋਨਾ ਲਾਉਣ ਦਾ ਕੰਮ ਚੱਲ ਰਿਹਾ ਐ।


ਛੋਟੀਆਂ ਛੋਟੀਆਂ ਕਿਆਰੀਆਂ ਵਿੱਚ ਕੋਈ ਬਲਦਾਂ ਮਗਰ ਹਲ਼ ਪਾਈ ਕੱਦੂ ਕਰ ਰਿਹੈ, ਕੋਈ ਦੈੜੀਆਂ ਮਾਰਨ ਚ ਰੁੱਝਿਆ ਐ, ਕੋਈ ਕਸੀਏ ਨਾਲ਼ ਖੂੰਜੇ ਕੱਢ ਰਿਹੈ। ਅੌਰਤਾਂ, ਬੱਚੇ ਤੇ ਮਰਦ ਸਭ ਧੰਦੇ ਲੱਗੇ ਨੇ। ਜਿਹਨਾਂ ਦਾ ਖੇਤ ਤਿਆਰ ਐ ਉਹ ਝੋਨਾ ਲਾਉਣ ਵਿੱਚ ਬਿਜੀ ਆ। ਆਪਣੇ ਸਭ ਕੁਸ਼ ਟਰੈਕਟਰਾਂ ਨੇ ਕਰਨਾ ਹੁੰਦਾ, ਫੇਰ ਲੋਕ ਪਿੱਟੀ ਜਾਂਦੇ ਨੇ। ਦੂਜੇ ਪਾਸੇ ਐਥੋਂ ਦੀ ਖੇਤੀ ਦੇਖੋ। ਪਹਿਲਾਂ ਹਰ ਸਾਲ ਹੱਥੀਂ ਖੇਤ ਪੱਧਰੇ ਕਰਨੇਂ ਪੈਂਦੇ ਆ। ਏਥੇ ਕਿਹੜਾ ਕੰਪਿਊਟਰ ਕਰਾਹੇ ਨੇ।ਮੀਂਹ ਦਾ ਪਾਣੀ ਖੇਤਾਂ ਵਿੱਚ ਪੱਥਰ ਵਹਾ ਕੇ ਲੈ ਆਉਂਦੈ, ਉਹਨਾਂ ਨੂੰ ਖੇਤ ਚੋਂ ਕੱਢਣ ਤੇ ਬਹੁਤ ਬਰੀਕੀ ਨਾਲ ਮੱਥਾ ਮਾਰਨਾ ਪੈਂਦਾ ਐ।ਵਾਹਣ ਦੀ ਰੌਣੀ ਵਾਸਤੇ ਝਰਨਿਆਂ ਆਦਿ ਦਾ ਪਾਣੀ ਵਰਤਿਆ ਜਾਂਦਾ, ਆਪਣੇ ਮਾਂਗੂੰ ਮੱਛੀ ਮੋਟਰਾਂ ਤੇ ਐਟੋਮੈਟਕ ਤਾਂ ਲੱਗੇ ਨੀ ਵੀ ਆਪੀ ਚੱਲਪੂ। ਬਲਦਾਂ ਨਾਲ ਕੱਦੂ ਕਰਨਾ ਵੀ ਬਹੁਤ ਔਖੈ। ਸਾਲ਼ਾ ਦੋ ਦੋ ਕਰਮਾਂ ਬਾਦ ਕਦੇ ਓਧਰ ਮੋੜਲੋ ਕਦੇ ਐਧਰ ਮੋੜਲੋ।ਸਭ ਕੁਝ ਹੱਥੀਂ ਕਰਨਾ ਪੈਂਦਾ, ਏਸੇ ਕਰਕੇ ਤਾਂ ਇਹ ਲੋਕ ਆਪਣੇ ਮੁਕਾਬਲੇ ਫਿੱਟ ਤੇ ਤੰਦਰੁਸਤ ਰਹਿੰਦੇ ਨੇ।ਇੱਕ ਮਾਈ ਆਵਦੇ ਪੋਤੇ ਨਾਲ਼ ਖੇਤ ਨੂੰ ਜਾ ਰਹੀ ਏ। ਉਹਦੇ ਦਸ ਕੁ ਸਾਲਾਂ ਦੇ ਪੋਤੇ ਦੇ ਮੋਢੇ ਤੇ ਕਸੀਆ ਧਰਿਐ। ਅੱਜ ਉਹਨੂੰ ਛੁੱਟੀ ਆ ਤਾਂ ਕਰਕੇ ਖੇਤ ਆਵਦੀ ਦਾਦੀ ਨਾਲ਼ ਹੱਥ ਵਟਾਉਣ ਜਾ ਰਿਹੈ। ਉਹਦੇ ਮੰਮੀ ਡੈਡੀ ਪਹਿਲਾਂ ਈ ਖੇਤ ਵਿੱਚ ਝੋਨਾ ਲਾਉਣ ਗੲੇ ਹੋਏ ਨੇ।ਦਾਦੀ ਪੋਤਾ ਪੂਰੇ ਬਾਗੋ ਬਾਗ ਨੇ।

ਦੋਹਾਂ ਨਾਲ਼ ਇੱਕ ਯਾਦਗਾਰੀ ਫੋਟੋ ਖਿੱਚਣ ਦਾ ਸੁਭਾਗ ਵੀ ਮਿਲ ਹੀ ਗਿਆ।ਦਾਦੀ ਦਾ ਆਸ਼ੀਰਵਾਦ ਲੈਕੇ ਮੈਂ ਬੱਕੀ ਗਰੁੜ ਅੱਲ ਨੂੰ ਖਿੱਚ ਦਿੰਦਾ ਹਾਂ। ਗਰੁੜ ਪਹੁੰਚਣ ਤੱਕ ਹੋਟਲ ਆਲ਼ਾ ਵੀ ਆ ਜਾਂਦਾ ਹੈ। ਉਹਦੇ ਕੋਲੋਂ ਆਵਦਾ ਅਧਾਰ ਕਾਰਡ ਫੜਕੇ ਤੇ ਪੇਮੈਂਟ ਕਰਕੇ ਹੁਣ ਰਾਹੀ ਬਾਗੇਸ਼ਵਰ ਅੱਲ ਚੱਲ ਪੈਂਦੇ ਨੇ।
ਬੈਜਨਾਥ ਤੋਂ ਬੱਸ ਅੱਧਾ ਕਿਲੋਮੀਟਰ ਜਾਕੇ ਈ ਪੈਟਰੋਲ ਪੰਪ ਹੈ। ਏਥੋਂ ਟੈਂਕੀ ਫੁੱਲ ਕਰਾ ਕੇ ਹੁਣ ਸਿੱਧਾ ਬਾਗੇਸ਼ਵਰ ਈ ਰੁਕਣਾ ਹੈ।ਪਰ ਪੰਜ ਕ ਕਿਲੋਮੀਟਰ ਦੂਰ ਜਾਕੇ ਮੌਸਮ ਦਾ ਮਿਜ਼ਾਜ ਇੱਕਦਮ ਬਦਲਣ ਲੱਗਦਾ ਹੈ। ਪਹਿਲਾਂ ਕਿਣਮਿਣ ਤੇ ਫੇਰ ਜ਼ੋਰਦਾਰ ਮੀਂਹ ਸ਼ੁਰੂ ਹੋ ਜਾਂਦਾ ਐ। ਮੈਂ ਵਰ੍ਹਦੇ ਮੀਂਹ ਵਿੱਚ ਈ ਚਲਦਾ ਰਹਿੰਦਾ ਹਾਂ ਕਿਉਂਕਿ ਮੌਸਮ ਤਾਂ ਹੁਣ ਏਦਾਂ ਈ ਰਹਿਣਾ ਗਾ।ਜੇ ਮੀਂਹ ਤੋਂ ਡਰਕੇ ਰੁਕਣ ਲਾਗਿਆ ਫੇਰ ਤਾਂ ਅੱਜ ਮੁਨਸਿਆਰੀ ਦੇ ਅੱਧ ਤੱਕ ਵੀ ਨੀ ਅੱਪੜਿਆ ਜਾਣਾ। ਬਾਰਾਂ ਵਜੇ ਭਿੱਜਿਆ ਭਿਜਾਇਆ ਬਾਗੇਸ਼ਵਰ ਦੇ ਬਜ਼ਾਰ ਵਿੱਚ ਅੱਪੜ ਜਾਂਦਾ ਹਾਂ।ਭੁੱਖ ਵੀ ਖੂਬ ਲੱਗੀ ਹੋਈ ਐ।ਸਭ ਤੋਂ ਪਹਿਲਾਂ ਮੈਂ ਢਾਬਾ ਭਾਲਦਾ ਹਾਂ।ਚਿਕਨ ਤਰੀ ਦੀ ਪਲੇਟ ਤੇ ਤੰਦੂਰੀ ਰੋਟੀਆਂ ਦੀ ਥਾਲ਼ੀ ਅੱਸੀ ਰਪਈਆਂ ਦੀ ਐ। ਮੈਨੂੰ ਸੌਦਾ ਜਚ ਜਾਂਦੈ ਤੇ ਔਡਰ ਦੇਕੇ ਮੈਂ ਰੀਚਾਰਜ਼ ਦੀ ਦੁਕਾਨ ਤੇ ਬੈਲੇਂਸ ਪਵਾਉਣ ਚਲਾ ਜਾਨੈਂ।ਆਉਂਦੇ ਨੂੰ ਖਾਣਾ ਤਿਆਰ ਐ। ਰੋਟੀਆਂ ਦੀ ਐਹੀ ਜੀ ਕੱਤਰੀ ਬੱਝਦੀ ਐ ਕਿ ਕੁੱਕ ਜਾ ਮੇਰੇ ਮੂੰਹ ਕੰਨੀਂ ਬਿਟਰ ਬਿਟਰ ਝਾਕਦੈ ਵੀ ਸਾਲ਼ਾ ਬੰਦੈ ਕਿ ਪਸ਼ੂ ਐ? ਬਾਹਰ ਬੱਦਲ ਵਰ੍ਹੀ ਜਾਂਦੇ ਨੇ ਤੇ ਅੰਦਰ ਰੋਟੀਆਂ ਤੇ ਮੈਂ ਵਰ੍ਹੀ ਜਾਨਾ। ਰੋਟੀਆਂ ਝੰਬਕੇ, ਗਿੱਲੇ ਕੱਪੜੇ ਝਾੜਕੇ ਤੇ ਘਰੇ ਫੂਨ ਕਰਕੇ ਹੁਣ ਅੱਗੇ ਤੁਰਨ ਵੇਲ਼ਾ ਹੈ।

-----ਚਲਦਾ------





Comments

  1. ਬਹੁਤ ਵਧੀਆ ਬਾਈ । ਬਹੁਤ ਆਨੰਦ ਆਇਆ ਪੜਕੇ ਇਓਂ ਲਗਦਾ ਜਿਵੇਂ ਤੇਰੇ ਨਾਲ ਹੀ ਘੁੰਮਦੇ ਹੋਈਏ।

    ReplyDelete
    Replies
    1. ਬਹੁਤ ਬਹੁਤ ਸ਼ੁਕਰੀਆ ਜੀਓ

      Delete
  2. ਸਫਰਨਾਮਾ ਪੜਕੇ ਮੀਹ ਵਿਚ ਘੁੰਮਣ ਦਾ ਨਜਾਰਾ ਆ ਗਿਆ

    ReplyDelete
  3. ਲਾਜਵਾਬ ਬਾਈ ਬਹੁਤ ਹੀ ਸ਼ਾਨਦਾਰ ਸਫ਼ਰਨਾਮਾ ਬਹੁਤ ਅਾਨੰਦ ਅਾਇਅਾ ਪੜ੍ਹਕੇ

    ReplyDelete
    Replies
    1. ਬਹੁਤ ਬਹੁਤ ਸ਼ੁਕਰੀਆ ਬਾਈ ਜੀ

      Delete

Post a Comment

Popular posts from this blog

ਮੁਗਲਕਾਲੀਨ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਸਰਾਏ ਅਮਾਨਤ ਖਾਂ

ਰੀਝਾਂ ਨਾਲ ਸ਼ਿੰਗਾਰੀ ਮੁਨਸਿਆਰੀ