ਉੱਤਰਾਖੰਡ ਡਾਇਰੀ--1

  • (ਜਾਣ ਪਛਾਣ ਤੇ ਤਿਆਰੀ)

ਹਰ ਸਾਲ ਜੂਨ ਦੀਆਂ ਛੁੱਟੀਆਂ ਦੀ ਏਦਾਂ ਡੀਕ ਕਰੀਂਦੀ ਆ ਜਿਵੇਂ ਪਿਛਲੇ ਸਮਿਆਂ ਵਿੱਚ ਨਵੀਆਂ ਵਿਆਹੀਆਂ ਕੁੜੀਆਂ ਤੀਆਂ ਦੀ ਡੀਕ ਕਰਦੀਆਂ ਸੀ ਵੀ ਕਦੋਂ ਤੀਆਂ ਆਉਣਗੀਆਂ ਤੇ ਕਦੋਂ ਪੇਕੀਂ ਰਹਿਣ ਨੂੰ ਖੁੱਲ੍ਹਾ ਟੈਮ ਮਿਲੂਗਾ, ਸਖ਼ੀਆਂ ਸਹੇਲੀਆਂ ਨਾਲ ਮੇਲ਼ ਗੇਲ ਹੋਊਗਾ। ਬਿਲਕੁਲ ਓਵੇਂ ਮੇਰੇ ਵਰਗੇ ਪਰਬਤ ਪ੍ਰੇਮੀ ਜੂਨ ਦੀ ਡੀਕ ਕਰਦੇ ਨੇ ਵੀ ਕਦੋਂ ਛੁੱਟੀਆਂ ਹੋਣਗੀਆਂ ਤੇ ਕਦੋਂ ਪਹਾੜਾਂ ਵਿੱਚ ਰਹਿਣ ਨੂੰ ਖੁੱਲ੍ਹਾ ਟੈਮ ਮਿਲੂਗਾ।ਦੋ ਦੋ ਮਹੀਨੇ ਪਹਿਲਾਂ ਤੋਂ ਈ ਪਲਾਨ ਬਣਨੇ ਤੇ ਢਹਿਣੇ ਸ਼ੁਰੂ ਹੋ ਜਾਂਦੇ ਨੇ ਵੀ ਫਲਾਣੇ ਥਾਂ ਜਾਵਾਂਗੇ ਢਿਮਕੇ ਥਾਂ ਜਾਵਾਂਗੇ।ਏਸ ਵਾਰ ਤਾਂ ਜਨਵਰੀ ਵਿੱਚ ਈ ਤੈਅ ਹੋ ਗਿਆ ਸੀ ਵੀ ਜੂਨ ਦੀਆਂ ਛੁੱਟੀਆਂ ਵਿੱਚ ਆਦਿ ਕੈਲਾਸ਼ ਤੇ ਓਮ ਪਰਬਤ ਅੱਲ ਨਿਕਲਣਾ ਏ।


ਓਮ ਪਰਬਤ ਦੀ ਤਸਵੀਰ

ਆਦਿ ਕੈਲਾਸ਼ ਪਰਬਤ ਤੇ ਦਾਸ
ਅੱਡੋ ਅੱਡ ਰਾਜਾਂ ਤੋਂ ਘੁੰਮਣ ਫਿਰਨ ਦੇ ਸ਼ੌਕੀਨਾਂ ਦਾ ਇੱਕ ਵਟਸਐਪ ਗਰੁੱਪ ਐ 'ਘੁਮੱਕੜੀ ਦਿਲ ਸੇ'।ਦਾਸ ਵੀ ਕਾਫ਼ੀ ਸਮੇਂ ਤੋਂ ਓਸ ਗਰੁੱਪ ਨਾਲ਼ ਜੁੜਿਆ ਹੋਇਆ ਏ।
ਘੁਮੱਕੜੀ ਦਿਲ ਸੇ ਦਾ ਲੋਗੋ
ਜਨਵਰੀ ਵਿੱਚ ਗਾਜ਼ੀਆਬਾਦ ਤੋਂ ਮਿੱਤਰ ਯੋਗੀ ਸਰਾਸ਼ਵਤ ਨੇ ਜਦੋਂ ਆਦਿ ਕੈਲਾਸ਼ ਜਾਣ ਬਾਰੇ ਵਟਸਐਪ ਗਰੁੱਪ ਵਿੱਚ ਗੱਲ ਛੇੜੀ ਤਾਂ ਮੈਂ ਵੀ ਜਾਣ ਦੀ ਇੱਛਾ ਜ਼ਾਹਰ ਕੀਤੀ।ਯੋਗੀ ਭਾਈ ਨੇ ਦੱਸਿਆ ਗਿਆ ਕਿ ਠਾਰਾਂ ਵੀਹ ਦਿਨ ਦੀ ਟਰੈਕਿੰਗ ਐ।ਐਨੀ ਲੰਮੀ ਟਰੈਕਿੰਗ ਦਾ ਤਜ਼ਰਬਾ ਨਾ ਹੋਣ ਕਾਰਨ ਮਨ ਵਿੱਚ ਇੱਕ ਡਰ ਵੀ ਸੀ ਕਿ ਕਰ ਵੀ ਪਾਊਂਗਾ ਪਤਾ ਨੀ ਨਾ।ਪਰ ਯੋਗੀ ਭਾਈ ਨੇ ਹੌਂਸਲਾ ਦਿੱਤਾ ਕਿ ਤੂੰ ਜਦੋਂ ਮੈਰਾਥਨ ਦੌੜ ਸਕਦਾਂ ਟ੍ਰੈਕਿੰਗ ਤੇਰੇ ਵਾਸਤੇ ਕੀ ਔਖੀ ਆ ਗੀ।ਸੋ ਮੈਂ ਆਪਣੇ ਵੱਲੋਂ ਡਨ ਕਰ ਦਿੱਤਾ। ਆਦਿ ਕੈਲਾਸ਼ ਟ੍ਰੈਕ ਬਾਰੇ ਬਲੌਗ ਜਾਂ ਸੋਸ਼ਲ ਮੀਡੀਆ ਤੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ ਜਿਸ ਕਰਕੇ ਸਾਨੂੰ ਨਹੀਂ ਪਤਾ ਸੀ ਕਿ ਰਸਤੇ ਵਿੱਚ ਰਹਿਣ ਜਾਂ ਖਾਣ ਪੀਣ ਦਾ ਕਿਹੋ ਜਾ ਪ੍ਰਬੰਧ ਹੋਊਗਾ, ਹੋਊਗਾ ਵੀ ਕਿ ਨਹੀਂ।ਸੋ ਅਸੀਂ ਫੈਸਲਾ ਕੀਤਾ ਕਿ ਆਪਣੇ ਟੈਂਟ ਤੇ ਸਲੀਪਿੰਗ ਬੈਗ ਨਾਲ਼ ਈ ਲੈਕੇ ਚੱਲਾਂਗੇ।ਸਭ ਨੇ ਦਸ ਜੂਨ ਦੀ ਸਵੇਰ ਕਾਠਗੋਦਾਮ ਰੇਲਵੇ ਸਟੇਸ਼ਨ ਤੇ ਕੱਠੇ ਹੋਣਾ ਸੀ।ਅੰਤ ਤੱਕ ਕੁੱਲ ਬਾਰਾਂ ਜਣੇ ਯਾਤਰਾ ਲਈ ਤਿਆਰ ਹੋਏ। ਕੁਝ ਖ਼ਾਸ ਮੈਂਬਰਾਂ ਬਾਰੇ ਸੰਖੇਪ ਜਾਣਕਾਰੀ ਦੇ ਦਿਆਂ ਜੋ ਇਸ ਯਾਤਰਾ ਦੌਰਾਨ ਕਦਮ ਕਦਮ ਤੇ ਮੇਰੇ ਹਮਰਾਹੀ ਬਣੇ ਰਹੇ।

ਦਵਿੰਦਰ ਕੋਠਾਰੀ ਜੀ :- ਕੋਠਾਰੀ ਸਰ ਦੀ ਉਮਰ ਸੱਠ ਨੂੰ ਕਰੌਸ ਕਰ ਗੲੀ ਆ।ਪਰ ਘੁੰਮਣ ਫਿਰਨ ਦਾ ਜਜ਼ਬਾ ਹਾਲੇ ਵੀ ਕਾਇਮ ਹੈ।ਹਲੇ ਦੋ ਸਾਲ ਪਹਿਲਾਂ ਈ ਐਵਰੈਸਟ ਬੇਸ ਕੈਂਪ ਯਾਤਰਾ ਕਰਕੇ ਆਏ ਨੇ। ਰਿਹਾਇਸ਼ ਰਾਜਸਥਾਨ ਦੇ ਗੁਲਾਬੀ ਸ਼ਹਿਰ ਜੈਪੁਰ ਵਿਖੇ ਆ। ਇਹਨਾਂ ਨੂੰ ਬਾਈਕ ਤੇ ਘੁੰਮਣਾ ਪਸੰਦ ਹੈ। ਹੁਣ ਵੀ ਧਾਰਚੂਲਾ ਤੱਕ ਬਾਇਕ ਤੇ ਈ ਜਾਣ ਵਾਲੇ ਨੇ। ਸੁਭਾਅ ਦੇ ਬਹੁਤ ਹੀ ਰਲੌਟੇ ਨੇ। ਸ਼ੁੱਧ ਵੈਸ਼ਨੂੰ ਨੇ ਪਰ ਮੇਰੇ ਵਰਗੇ ਖਾਣ ਪੀਣ ਆਲਿਆਂ ਨੂੰ ਕੋਈ ਡਿੱਕਾ ਵੀ ਨੀ ਲਾਉਂਦੇ।ਬੱਚੇ ਵਿਦੇਸ਼ ਸੈੱਟ ਨੇ ਤੇ ਜਨਾਬ ਕੌਲੇ ਕੱਛਣ 'ਤੇ। ਚਾਹੇ ਆਸਤਿਕ ਨੇ ਪਰ ਆਦਿ ਕੈਲਾਸ਼ ਸ਼ਰਧਾਲੂ ਬਣਕੇ ਨਹੀਂ ਪ੍ਰਕ੍ਰਿਤੀ ਪ੍ਰੇਮੀ ਵਜੋਂ ਜਾ ਰਹੇ ਨੇ। ਕੋਠਾਰੀ ਜੀ ਟਰੈਕਿੰਗ ਦੀਆਂ ਤਕਨੀਕਾਂ ਤੋਂ ਭਲੀ-ਭਾਂਤ ਜਾਣੂ ਨੇ।ਚੜ੍ਹਾਈ ਵੇਲੇ ਉਹਨਾਂ ਦੀ ਚਾਲ ਠੀਕ ਠਾਕ ਹੁੰਦੀ ਆ ਪਰ ਉੱਤਰਨ ਵੇਲੇ ਚੱਕਾ ਜਾਮ ਹੋ ਜਾਂਦਾ ਏ।
ਕੋਠਾਰੀ ਸਰ

ਭਰਤ ਜੋਸ਼ੀ ਜੀ :- ਇਹ ਮਹਾਂਰਾਸ਼ਟਰ ਦੇ ਨਾਸਿਕ ਸ਼ਹਿਰ ਤੋਂ ਨੇ। ਪੇਸ਼ੇ ਤੋਂ ਦੁਕਾਨਦਾਰ ਨੇ। ਇਹਨਾਂ ਦੀ ਰਿਹਾਇਸ਼ ਆਰਮੀ ਏਰੀਆ ਵਿੱਚ ਆ।ਏਸੇ ਕਰਕੇ ਗਰਮੀ ਹੋਵੇ ਜਾਂ ਸਰਦੀ ਕੱਲੀ ਰੰਮ ਈ ਪੀਂਦੇ ਨੇ ਤੇ ਜਿੱਥੇ ਨਾ ਵੀ ਮਿਲਦੀ ਹੋਵੇ ਓਥੇ ਵੀ ਕੋਈ ਨਾ ਕੋਈ ਜੁਗਾੜ ਕਰ ਈ ਲੈਂਦੇ ਨੇ। ਇਹ ਵੀ ਹੈਗੇ ਤਾਂ ਸ਼ਰਧਾਲੂ ਈ ਨੇ ਪਰ ਕੁਦਰਤ ਪ੍ਰੇਮੀ ਜ਼ਿਆਦਾ ਨੇ।ਚੜ੍ਹਾਈ ਵੇਲੇ ਇਹਨਾਂ ਦੇ ਪੈਰਾਂ ਵਿੱਚ ਜਿਵੇਂ ਜੂੜ ਪਾਇਆ ਹੋਵੇ ਐਂ ਤੁਰਦੇ ਨੇ ਪਰ ਉੱਤਰਨ ਵੇਲੇ ਰੇਸ ਫੜਦੇ ਨੇ।ਦੂਜੀ ਗੱਲ ਉਹ ਪੂਰਾ ਦਿਨ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਬੈਠਦੇ ਨੀ ਖੜ੍ਹੇ ਈ ਰਹਿੰਦੇ ਨੇ। ਬੱਸ ਜਿੱਥੇ ਖਾਣਾ ਵਗੈਰਾ ਖਾਣਾ ਹੋਵੇ ਓਥੇ ਈ ਬੈਠਦੇ ਨੇ।
ਜੋਸੀ ਜੀ

ਯੋਗੀ ਭਾਈ :- ਯੋਗੀ ਭਾਈ ਗਾਜ਼ੀਆਬਾਦ ਦੇ ਇੰਜੀਨੀਅਰਿੰਗ ਕਾਲਜ ਵਿੱਚ ਪ੍ਰੋ: ਨੇ। ਹਿੰਦੀ ਵਿੱਚ ਬਲਾਗ ਵੀ ਲਿਖਦੇ ਨੇ ਤੇ ਅਖਬਾਰਾਂ ਵਿੱਚ ਵੀ ਇਹਨਾਂ ਦੇ ਸਫ਼ਰਨਾਮੇ ਛਪਦੇ ਰਹਿੰਦੇ ਨੇ।ਸਾਡੀ ਇਸ ਯਾਤਰਾ ਦੇ ਮੁੱਖ ਸੂਤਰਧਾਰ ਵੀ ਏਹੀ ਨੇ ਤੇ ਟੀਮ ਲੀਡਰ ਵੀ।ਇਹ ਵੀ ਸ਼ਰਧਾਲੂ ਤਾਂ ਹਨ ਪਰ ਕੁਦਰਤ ਪ੍ਰੇਮੀ ਜ਼ਿਆਦਾ ਨੇ। ਇਹਨਾਂ ਦੀ ਯਾਤਰਾ ਦਾ ਮੁੱਖ ਮਕਸਦ ਸਿਰਫ਼ ਆਦਿ ਕੈਲਾਸ਼ ਜਾਂ ਓਮ ਪਰਬਤ ਦੇ ਦਰਸ਼ਨ ਕਰਨਾ ਹੀ ਨਹੀਂ ਬਲਕਿ ਪੂਰੇ ਰਸਤੇ ਕੁਦਰਤ ਦੇ ਵੱਖ-ਵੱਖ ਰੰਗਾਂ ਨੂੰ ਮਾਨਣਾਂ ਹੈ।ਖਾਣ ਪੀਣ ਦੇ ਮਾਮਲੇ ਵਿੱਚ ਇਹ ਵੀ ਸਾਡੇ ਸਟਾਫ਼ ਮੈਂਬਰ ਬਣਨ ਵਾਲੇ ਨੇ। ਇਹਨਾਂ ਨੇ ਪਹਿਲਾਂ ਸਤੋਪੰਥ ਤੇ ਨੰਦੀ ਕੁੰਡ ਸਮੇਤ ਕਈ ਕਠਿਨ ਟ੍ਰੈਕ ਵੀ ਕੀਤੇ ਹੋਏ ਨੇ।ਚੜ੍ਹਾਈ ਚੜ੍ਹਨ ਵੇਲੇ ਯੋਗੀ ਭਾਈ ਦੀ ਚਾਲ ਮੱਠੀ ਪੈ ਜਾਂਦੀ ਆ ਪਰ ਉੱਤਰਨ ਵੇਲੇ ਵੱਡਾ ਗੇਅਰ ਫੜਦੇ ਨੇ।
ਯੋਗੇਂਦਰ ਸਰਾਸ਼ਵਤ ਉਰਫ ਯੋਗੀ ਭਾਈ

ਸੁਰਿੰਦਰ ਮਨੀ ਤ੍ਰਿਪਾਠੀ ਜੀ :- ਇਹ ਲਖਨਊ ਤੋਂ ਨੇ ਉਮਰ 62 ਸਾਲ ਹੈ।ਇਹ ਭਗਤ ਟੈਪ ਨੇ ਹਰ ਕੰਮ ਕਰਦਿਆਂ 'ਓਮ ਨਮੋ ਸ਼ਿਵਾਏ ਓਮ ਨਮੋ ਸ਼ਿਵਾਏ' ਦੀ ਰਟ ਲਾਈ ਰੱਖਦੇ ਨੇ। ਇਹਨਾਂ ਦਾ ਮਕਸਦ ਸਿਰਫ਼ ਤੇ ਸਿਰਫ਼ ਆਦਿ ਕੈਲਾਸ਼ ਤੇ ਓਮ ਪਰਬਤ ਦੇ ਦਰਸ਼ਨ ਕਰਨਾ ਹੈ। ਰਸਤੇ ਵਿੱਚ ਜੋ ਮਰਜ਼ੀ ਹੋਵੇ ਇਹਨਾਂ ਨੂੰ ਕੋਈ ਲੈਣ-ਦੇਣ ਨੀ। ਇਹਨਾਂ ਦੀ ਅੰਤਿਮ ਇੱਛਾ ਬੱਸ ਪੰਜ ਕੈਲਾਸ਼ ਦੇਖਣ ਦੀ ਆ।'ਅਬ ਤੋ ਬੇਟਾ ਏਕ ਹੀ ਇੱਛਾ ਹੈ ਬੱਸ ਪਾਂਚੋਂ ਕੈਲਾਸ਼ ਹੋ ਜਾਏਂ ਜੈਸੇ ਕੈਸੇ।' ਸ਼੍ਰੀ ਖੰਡ ਕੈਲਾਸ਼ ਤੇ ਮਾਨਸਰੋਵਰ ਕੈਲਾਸ਼ ਪਹਿਲਾਂ ਈ ਜਾ ਚੁੱਕੇ ਨੇ। ਹੁਣ ਇਹਨਾਂ ਦਾ ਤੀਜਾ ਕੈਲਾਸ਼ ਆ। ਇਸਤੋਂ ਬਾਅਦ ਕਿੰਨਰ ਕੈਲਾਸ਼ ਤੇ ਮਨੀ ਮਹੇਸ਼ ਕੈਲਾਸ਼ ਰਹਿ ਜਾਣਗੇ। ਸ਼ਿਵ ਦੀ ਛੋਟੀ ਜੀ ਮੂਰਤੀ ਹਰ ਸਮੇਂ ਨਾਲ ਰੱਖਦੇ ਨੇ। ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਨਹਾ ਕੇ ਮੂਰਤੀ ਪੂਜਾ ਕਰਦੇ ਨੇ।ਦਾਰੂ ਮੀਟ ਤਾਂ ਦੂਰ ਲਸ੍ਹਣ ਪਿਆਜ਼ ਤੱਕ ਵੀ ਨੀ ਖਾਂਦੇ।
ਤ੍ਰਿਪਾਠੀ ਜੀ ਲਖਨਊ ਤੋਂ

ਰਾਹੁਲ ਤੇ ਵਰੁਣ ਹਾਂਡਾ :- ਇਹ ਦੋਨੋਂ ਮੁੰਡੇ ਦੁਕਾਨਦਾਰ ਨੇ। ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਰਹਿੰਦੇ ਨੇ।ਇਹ ਵੀ ਨਿਰੋਲ ਸ਼ਰਧਾਲੂ ਈ ਨੇ।

ਓਮੇਸ਼ ਜੋਸ਼ੀ ਤੇ ਦੋ ਬੱਚੇ :- ਓਮੇਸ਼ ਜੋਸ਼ੀ ਗੁਜਰਾਤ ਦੇ ਜਾਮਨਗਰ ਸ਼ਹਿਰ ਤੋਂ ਨੇ ਤੇ ਸ਼ਿਵ ਦੇ ਬਹੁਤ ਵੱਡੇ ਭਗਤ। ਇਹਨਾਂ ਵਿੱਚ ਇੱਕ ਖ਼ਾਸ ਵਿਸ਼ੇਸ਼ਤਾ ਹੈ ਜਿਸ ਕਰਕੇ ਮੇਰੇ ਮਨ ਨੂੰ ਭਾਅ ਜਾਂਦੇ ਨੇ।ਉਹ ਹੈ ਇਹਨਾਂ ਦਾ ਹੌਂਸਲਾ ਤੇ ਜਜ਼ਬਾ। ਇਹਨਾਂ ਦੇ ਨਾਲ਼ ਨੌਂ ਸਾਲ ਦਾ ਬੇਟਾ ਰਿਸ਼ੀ ਤੇ ਬਾਰਾਂ ਸਾਲ ਦਾ ਭਤੀਜਾ ਹਰਦੇਵ ਲਹਿਰੂ ਵੀ ਨੇ।ਰਿਸੀ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੈ ਤੇ ਹਰਦੇਵ ਨੌਵੀਂ ਚ। ਐਨੇ ਲੰਬੇ ਤੇ ਦੁਰਾਡੇ ਸਫ਼ਰ 'ਤੇ ਬੱਚਿਆਂ ਨੂੰ ਨਾਲ਼ ਲੈਕੇ ਚੱਲਣਾ ਇੱਕ ਵਡੇਰੇ ਹੌਂਸਲੇ ਵਾਲਾ ਕਾਰਨਾਮਾ ਈ ਹੈ।ਇਹ ਵੀ ਪੱਕੇ ਸ਼ੁੱਧ ਵੈਸ਼ਨੂੰ ਨੇ।ਚੜ੍ਹਨ ਉੱਤਰਨ ਵਿੱਚ ਤਿੰਨੋਂ ਈ ਨੇਰ੍ਹੀ ਦੇ ਬੁੱਲੇ ਨੇ। ਦੋਨੋਂ ਬੱਚੇ ਤਾਂ ਅੱਗ ਦੀਆਂ ਨਾਲਾਂ ਨੇ। ਇਹਨਾਂ ਬੱਚਿਆਂ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ।
ਲੀਜੈਂਡ ਬੱਚੇ ਹਰਦੇਵ ਤੇ ਰਿਸ਼ੀ
ਗੌਰਵ ਸ਼ਰਮਾ :- ਇਹ ਦਿੱਲੀ ਤੋਂ ਹੈ। ਉਮਰ ਪੈਂਤੀ ਕੁ ਸਾਲ ਪਰ ਹਲੇ ਕੁਆਰਾ ਈ ਆ।ਇਹ ਸ਼ਰਧਾਲੂ ਆ ਜਾਂ ਕੀ ਆ ਮੈਨੂੰ ਨੀ ਪਤਾ ਲੱਗਿਆ। ਕੰਮ ਬਾਰੇ ਵੀ ਨੀ ਕੁਸ਼ ਪਤਾ ਲੱਗਾ। ਹਾਂ ਪੈੱਗ ਸੈੱਗ ਇਹ ਵੀ ਖਿੱਚ ਲੈਂਦਾ।
ਇਹ ਆ ਗੌਰਵ ਸ਼ਰਮਾ
ਸੁਨੀਲ ਪਰਿਹਾਰ :- ਇਹ ਮੱਧ ਪ੍ਰਦੇਸ਼ ਦੇ ਝਾਂਸੀ ਦੇ ਰਹਿਣ ਵਾਲਾ ਏ। ਬੰਦਾ ਵਧੀਆ ਕੁੱਲ ਮਿਲਾ ਕੇ।ਇਹ ਬਿਜਲੀ ਮਹਿਕਮੇ ਚ ਮੁਲਾਜ਼ਮ ਆਂ। ਸ਼ਰਧਾਲੂ ਤੇ ਕੁਦਰਤ ਪ੍ਰੇਮੀ ਦੋਨੋਂ ਈ ਆ।ਖਾਣ ਪੀਣ ਦੇ ਮਾਮਲੇ ਵਿੱਚ ਰਾਸ਼ੀ ਆਪਣੇ ਨਾਲ ਈ ਮਿਲਦੀ ਆ।
ਸੁਨੀਲ ਪਰਿਹਾਰ

ਸੋ ਇਹ ਸੀ ਸਾਡੀ ਟੀਮ ਨਾਲ ਛੋਟੀ ਜੀ ਜਾਣ ਪਛਾਣ।ਧਾਰਚੂਲਾ ਤੋਂ ਚੱਲਣ ਵੇਲੇ ਇਹ ਬਾਰਾਂ ਬੰਦਿਆਂ ਦੀ ਟੀਮ ਸੀ, ਸ਼ਰਧਾਲੂ ਟੈਪ ਮੈਂਬਰਾਂ ਦੀ ਕਾਹਲੀ ਕਾਰਨ ਦੂਸਰੇ ਹੀ ਦਿਨ ਸਾਡੀ ਚਾਰ ਬੰਦਿਆਂ ਦੀ ਟੀਮ ਰਹਿ ਜਾਂਦੀ ਆ।ਮੈਂ, ਯੋਗੀ ਭਾਈ, ਕੋਠਾਰੀ ਸਰ ਅਤੇ ਭਰਤ ਜੋਸ਼ੀ ਜੀ।

ਸਾਡੀ ਚਾਰਾਂ ਦੀ ਟੀਮ

ਜਾਣ ਤੋਂ ਲਗਭਗ ਮਹੀਨਾ ਪਹਿਲਾਂ ਈ ਤਿਆਰੀ ਸ਼ੁਰੂ ਹੋ ਜਾਂਦੀ ਆ। ਲੋੜੀਂਦੀਆਂ ਚੀਜ਼ਾਂ ਤੇ ਕਾਗਜ਼ ਪੱਚਰਾਂ ਦੀ ਲਿਸਟ ਬਣਾਈ ਜਾਂਦੀ ਆ। ਏਸ ਲਿਸਟ ਵਿੱਚ ਇੱਕ ਪੁਲੀਸ ਕਲੀਅਰੈਂਸ ਸਰਟੀਫਿਕੇਟ (PCS) ਵੀ ਸ਼ਾਮਲ ਆ ਜੋ ਸਭ ਨੇ ਆਪਣੇ ਠਾਣੇ ਵਿੱਚੋਂ ਹੀ ਬਣਵਾਉਣਾ ਹੈ।ਇਸਦੀ ਜ਼ਰੂਰਤ ਧਾਰਚੂਲਾ ਜਾਕੇ ਇੰਨਰਲਾਈਨ ਪਾਸ ਬਣਵਾਉਣ ਸਮੇਂ ਪੈਂਦੀ ਆ।ਬਾਅਦ ਵਿੱਚ ਪਤਾ ਲੱਗਿਆ ਕਿ ਧਾਰਚੂਲਾ ਪੁਲਿਸ ਸਟੇਸ਼ਨ ਤੋਂ ਮੌਕੇ ਉੱਤੇ ਵੀ ਇਹ ਬਣ ਜਾਂਦਾ ਏ। ਆਦਿ ਕੈਲਾਸ਼ ਤੇ ਓਮ ਪਰਬਤ ਦਾ ਖੇਤਰ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਹੋਣ ਕਰਕੇ ਏਥੇ ਜਾਣ ਲਈ ਧਾਰਚੂਲਾ ਦੇ ਐੱਸ ਡੀ ਐਮ ਤੋਂ ਪਰਮਿਟ ਲੈਣਾ ਪੈਂਦਾ ਗਾ ਜੀਹਨੂੰ ਇੰਨਰਲਾਈਨ ਪਾਸ ਆਹਦੇ ਨੇ।ਇਸ ਯਾਤਰਾ ਦੌਰਾਨ ਇੰਨਰਲਾਈਨ ਪਾਸ ਇੱਕ ਬਹੁਤ ਈ ਮਹੱਤਵਪੂਰਨ ਦਸਤਾਵੇਜ਼ ਹੁੰਦੈ ਜੀਹਦੀ ਸੋਨੂੰ ਕੲੀ ਥਾਵਾਂ ਤੇ ਲੋੜ ਪੈਂਦੀ ਆ। ਆਦਿ ਕੈਲਾਸ਼ ਤੇ ਓਮ ਪਰਬਤ ਦੇ ਲਈ ਪੰਦਰਾਂ ਦਿਨ ਦਾ ਪਰਮਿਟ ਜਾਰੀ ਕੀਤਾ ਜਾਂਦਾ ਏ। ਤੁਹਾਨੂੰ ਹਰ ਹਾਲਤ ਪੰਦਰਾਂ ਦਿਨ ਵਿੱਚ ਵਾਪਸ ਮੁੜਨਾ ਹੁੰਦਾ ਏ। ਤੁਹਾਡੇ ਜਾਣ ਦਾ ਤੇ ਆਉਣ ਦਾ ਸਮਾਂ ਵੱਖ-ਵੱਖ ਚੈੱਕ ਪੋਸਟਾਂ ਤੇ ਰਜਿਸਟਰ ਵਿੱਚ ਦਰਜ ਹੁੰਦਾ ਏ।ਹਰੇਕ ਚੈੱਕ ਪੋਸਟ ਤੋਂ ਅੱਗੇ ਜਾਣ ਲਈ ਇੰਨਰਲਾਈਨ ਪਾਸ ਦਾ ਸੋਡੇ ਕੋਲ਼ ਹੋਣਾ ਬਹੁਤ ਜ਼ਰੂਰੀ ਆ। ਮਤਲਬ ਇੰਨਰਲਾਈਨ ਪਾਸ ਤੋਂ ਬਿਨਾਂ ਤੁਸੀਂ ਅੱਗੇ ਨੀ ਜਾ ਸਕਦੇ।ਸੋ ਇਸ ਯਾਤਰਾ ਲਈ ਸਭ ਤੋਂ ਪਹਿਲਾ ਕੰਮ ਐ ਆਪਣਾ ਇੰਨਰਲਾਈਨ ਪਾਸ ਬਣਾਉਣਾ। ਮੈਂ ਤਾਂ ਆਪਣਾ ਇੰਨਰਲਾਈਨ ਧਾਰਚੂਲਾ ਪਹੁੰਚ ਕੇ ਬਣਾਊਂਗਾ ਫਿਲਹਾਲ ਮਿੱਤਰੋ ਤੁਹਾਨੂੰ ਮੇਰੀ ਇਸ ਯਾਤਰਾ ਨੂੰ ਪੜ੍ਹਨ ਲਈ ਇੰਨਰਲਾਈਨ ਪਾਸ ਜਾਰੀ ਕੀਤਾ ਜਾਂਦਾ ਹੈ।
ਦਾਸ ਦਾ ਇੰਨਰਲਾਈਨ ਪਾਸ





ਜਿਵੇਂ ਜਿਵੇਂ ਛੁੱਟੀਆਂ ਨੇੜੇ ਆ ਰਹੀਆਂ ਨੇ ਮਨ ਦੀ ਉਤਸੁਕਤਾ ਵਧ ਰਹੀ ਏ। ਨਾਲ਼ ਈ ਇੱਕ ਡਰ ਜਾ ਵੀ ਪੈਦਾ ਹੁੰਦਾ ਕਿ ਐਨੇ ਦਿਨਾਂ ਦੀ ਇਜਾਜ਼ਤ ਲੈਣ ਖਾਤਰ ਘਰੇ ਕੰਜ਼ਰ ਕਲੇਸ਼ ਕਰਨਾ ਪੳੂ। ਬਾਕੀ ਸਾਰੇ ਮੈਂਬਰਾਂ ਨੇ ਰੇਲ ਦੀਆਂ ਟਿਕਟਾਂ ਬੁੱਕ ਕਰਵਾ ਲਈਆਂ ਨੇ, ਪਰ ਮੇਰਾ ਤੇ ਕੋਠਾਰੀ ਸਰ ਦਾ ਇਰਾਦਾ ਬਾਈਕ 'ਤੇ ਜਾਣ ਦਾ ਏ। ਮੈਂ ਸੋਚਦਾ ਹਾਂ ਕਿ ਹੁਣ ਜਦੋਂ ਐਨੀ ਦੂਰ ਜਾਣਾ ਈ ਆ ਤਾਂ ਕਿਉਂ ਨਾ ਚਾਰ ਦਿਨ ਪਹਿਲਾਂ ਈ ਘਰੋਂ ਨਿਕਲਿਆ ਜਾਵੇ। ਬੈਜਨਾਥ, ਕੌਸਾਨੀ, ਚੌਕੋੜੀ, ਜਾਗੇਸ਼ਵਰ ਅਤੇ ਮੁਨਸਿਆਰੀ ਵਰਗੀਆਂ ਕੁਝ ਥਾਵਾਂ ਦਿਮਾਗ ਵਿੱਚ ਨੇ।ਪਰ ਰੂਟ ਕਿਹੜਾ ਫੜਨਾਂ ਏ ਏਹ ਮੌਕੇ ਤੇ ਈ ਤੈਅ ਹੋਵੇਗਾ। ਹੁਣ ਮੈਂ ਤਿੰਨ ਜੂਨ ਨੂੰ ਹੀ ਘਰੋਂ ਤੁਰਨ ਦਾ ਪ੍ਰੋਗਰਾਮ ਬਣਾ ਲੈਂਦਾ ਹਾਂ। ਛੁੱਟੀਆਂ ਵੀ ਹੋ ਜਾਂਦੀਆਂ ਨੇ ਪਰ ਐਨ ਮੌਕੇ ਤੇ ਬਾਪੂ ਬਿਮਾਰ ਹੋ ਜਾਂਦਾ ਏ। ਹੁਣ ਬਿਮਾਰ ਬਾਪੂ ਨਾਲ਼ ਕੌਲੇ ਕੱਛਣ ਦੀ ਗੱਲ ਕਿਵੇਂ ਛੇੜਾਂ ਇਹ ਸੋਚ ਸੋਚ ਦਿਮਾਗ ਦੀ ਦਹੀਂ ਹੋ ਰਹੀ ਐ।ਜੇ ਕਿਤੇ ਗੲੇ ਮਗਰੋਂ ਬਾਪੂ ਜ਼ਿਆਦਾ ਬਿਮਾਰ ਹੋ ਗਿਆ ਫੇਰ? ਦੋ ਤਿੰਨ ਦਿਨ ਐਂ ਈ ਸੋਚਦਿਆਂ ਲੰਘ ਜਾਂਦੇ ਨੇ। ਓਧਰੋਂ ਲੁਧਿਆਣੇ ਤੋਂ ਮਿੱਤਰ ਦਲਜੀਤ ਸਿੰਘ ਵਰਗੇ ਬਾਈਕ ਤੇ ਲੱਦਾਖ ਜਾ ਰਹੇ ਨੇ। ਮੈਂ ਇੱਕ ਵਾਰ ਤਾਂ ਆਦਿ ਕੈਲਾਸ਼ ਆਲ਼ਾ ਕੈਂਸਲ ਕਰਕੇ ਉਹਨਾਂ ਨਾਲ਼ ਜਾਣ ਦਾ ਪ੍ਰੋਗਰਾਮ ਬਣਾਉਣ ਬਾਰੇ ਸੋਚਣ ਲੱਗਦਾਂ ਕਿਉਂਕਿ ਉਹਨਾਂ ਨੇ ਇੱਕ ਤਾਂ ਕੁਝ ਦਿਨ ਲੇਟ ਜਾਣੈਂ ਤੇ ਦੂਜਾ ਦਿਨ ਵੀ ਘੱਟ ਨੇ।ਸੋ ਉਦੋਂ ਤੱਕ ਬਾਪੂ ਦੀ ਸਿਹਤ ਬਾਰੇ ਵੀ ਪਤਾ ਲੱਗ ਜਾਣੈਂ।ਪਰ ਚਾਰ ਜੂਨ ਨੂੰ ਬਾਪੂ ਆਹਦਾ ਹੁਣ ਤਾਂ ਸੂਤ ਆਂ ਮੈਂ। ਆਪਾਂ ਵੀ ਲੱਗਦੇ ਹੱਥ ਯਾਤਰਾ ਆਲ਼ੀ ਕਹਾਣੀ ਛੇੜਲੀ। ਬਾਪੂ ਆਹਦਾ ਜਾਣਾ ਨੀ ਤੀਏ ਦਿਨ ਤੁਰ ਜਾਨਾ ਜੁੱਲੀ ਤਪੜਾ ਚਾਕੇ। ਆਪਾਂ ਵੀ ਪੈਂਤੜਾ ਲੜਾਇਆ ਤੇ ਗੱਪ ਮਾਰਿਆ ਵੀ ਅਡਵਾਂਸ ਪੈਸੇ ਭਰਤੇ ਮੈਂ ਤਾਂ ਦਸ ਹਜ਼ਾਰ। ਬਾਪੂ ਸੋਚੀਂ ਪੈ ਗਿਆ ਤੇ ਸਿਰ ਜਾ ਖੁਰਕਦਾ ਖੁਰਕਦਾ ਆਹਦਾ ਚੱਲ ਫੇਰ ਵਗਜਾ ਪੈਸੇ ਤਾਂ ਕਾਹਨੂੰ ਛੱਡਣੇ ਨੇ ਐਂ।

ਅਗਲਾ ਭਾਗ ਪੜ੍ਹਨ ਵਾਸਤੇ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰੋ

http://anoopgarh43.blogspot.com/2018/08/2.html?m=1

Comments

  1. ਲੈ ਬਈ ਮਾਸਟਰ ਪਹਿਲੀ ਕਿਸ਼ਤ ਬਹੁਤ ਵਧੀਆ ਰਹੀ ਨਜ਼ਾਰਾ ਆ ਗਿਆ ਪੜ੍ਹਕੇ ਬੱਸ ਪੂਰੀ ਡਿਟੇਲ ਚ ਵਿਸਥਾਰ ਸਾਹਿਤ ਲਿਖਦਾ ਰਹੀਂ ਤੇਰੀਆਂ ਯਾਤਰਾ ਕਦੇ ਨਾ ਮੁੱਕਣ ਤੇਰਾ ਲਿਖਣਾ ਕਦੇ ਨਾ ਰੁਕੇ

    ReplyDelete
    Replies
    1. ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡੇ ਪਿਆਰ ਲਈ

      Delete
  2. ਬਹੁਤ ਵਧੀਆ ਲਿਖਿਆ ਅਤੇ ਅੰਦਾਜ਼ ਏ ਬਿਆਂ ਵੀ ਸ਼ਾਨਦਾਰ ਹੈ । ਅਗੇ ਵੀ ਇੰਤਜ਼ਾਰ ਰਹੂਗਾ ।।

    ReplyDelete
    Replies
    1. ਬਹੁਤ ਬਹੁਤ ਸ਼ੁਕਰੀਆ ਮੱਲ੍ਹੀ ਸਾਹਿਬ

      Delete
  3. ਬਹੁਤ ਵਧੀਆ ਜੀ

    ReplyDelete
  4. Very nice...carry on jatta...

    ReplyDelete
  5. ਬਹੁਤ ਹੀ ਵਧੀਆ ਸ਼ੁਰੂਆਤ ਆ ਵਾਈ ਜੀ ਅਗਲੇ ਕਿਸ਼ਤ ਪੜਣ ਦੀ ਤਾਂਘ ਆ ਹੁਣ ਤਾਂ

    ReplyDelete
  6. Replies
    1. ਕੱਕੜ ਬਾਈ ਸ਼ੁਕਰੀਆ ❤️❤️❤️

      Delete
  7. ਸ਼ਾਨਦਾਰ ਮਜ਼ੇਦਾਰ...👌👌

    ReplyDelete
  8. ਬਾਹਲਾ ਨਜਾਰਾ ਆਉਦੈ ਮਾਹਟਰਾ ,ਲਿਖਣ ਆਲਾ ਵੀ ਕੀੜਾਕਸ਼ ਅੰਦਾਜ ਐ ਤੇਰਾ ਮਲਬ ਕੀੜੇਕੱਢ ਐ ਲੇਖਣੀ ਤੇਰੀ

    ReplyDelete
    Replies
    1. ਧੰਨਵਾਦ ਜੀ ਸੋਡਾ ਨਾਂ ਨੀ ਲਿਖਿਆ ਆ ਰਿਹਾ ਕਮੈਂਟ ਉੱਪਰ ਕੌਣ ਜਨਾਬ

      Delete
  9. ਭਰਾ ਸਿਰਾ ਲਾਤਾ

    ReplyDelete

Post a Comment

Popular posts from this blog

ਮੁਗਲਕਾਲੀਨ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਸਰਾਏ ਅਮਾਨਤ ਖਾਂ

ਰੀਝਾਂ ਨਾਲ ਸ਼ਿੰਗਾਰੀ ਮੁਨਸਿਆਰੀ

ਉੱਤਰਾਖੰਡ ਡਾਇਰੀ--7