ਉੱਤਰਾਖੰਡ ਡਾਇਰੀ--6

ਸ੍ਰੀ ਨਗਰ ਤੋਂ ਬੈਜਨਾਥ ਤੱਕ

ਇਸ ਯਾਤਰਾ ਦਾ ਪਿਛਲਾ ਭਾਗ ਪੜ੍ਹਨ ਵਾਸਤੇ ਇਸ ਲਿੰਕ ਉੱਤੇ ਕਲਿੱਕ ਕਰੋ  https://anoopgarh43.blogspot.com/2018/09/5.html?m=1






ਸ੍ਰੀ ਨਗਰ ਚੋਂ ਬਾਹਰ ਨਿਕਲ ਕੇ ਮਾੜਾ ਜਾ ਸਾਹ ਆਉਂਦਾ ਹੈ। ਮੌਸਮ ਸੁਹਾਵਣਾ ਹੋਣ ਲੱਗਦਾ ਏ।ਬੱਦਲ ਧੂੰਏਂ ਮਾਂਗੂੰ ਉੱਡਣ ਲੱਗੇ ਨੇ।ਬੱਕੀ ਨੇ ਵੀ ਸੱਠ ਦੀ ਸਪੀਡ ਫੜਲੀ ਆ। ਨਜ਼ਾਰੇ ਆਈ ਜਾਂਦੇ ਨੇ ਤੇ ਨਜ਼ਾਰੇ ਜਾਈ ਜਾਂਦੇ ਨੇ। ਦੇਖਦੇ ਈ ਦੇਖਦੇ ਬੱਕੀ ਰੁਦ੍ਰਪ੍ਰਯਾਗ ਨੇੜੇ ਪਹੁੰਚ ਜਾਂਦੀ ਆ। ਏਥੇ ਅਲਕਨੰਦਾ ਤੇ ਮੰਦਾਕਿਨੀ ਨਦੀਆਂ ਦਾ ਸੰਗਮ ਹੁੰਦਾ ਐ।ਰੁਦ੍ਰਪ੍ਰਯਾਗ ਦੇ ਲਾਗੇ ਈ ਡੈਮ ਬਣਿਆਂ ਹੋਇਐ।ਡੈਮ ਦੀ ਝੀਲ ਦੇ ਵਿਚਾਲੇ ਮੈਨੂੰ ਇੱਕ ਮੰਦਿਰ ਨਜ਼ਰ ਆਉਂਦਾ ਹੈ।

ਇਹਦਾ ਨਾਂ ਧਾਰੀ ਦੇਵੀ ਮੰਦਿਰ ਐ। ਆਲੇ ਦੁਆਲੇ ਦੇ ਲੋਕਾਂ ਦੀ ਖ਼ਾਸੀ ਸ਼ਰਧਾ ਏਸ ਮੰਦਿਰ ਪ੍ਰਤੀ। ਹੈਗਾ ਤਾਂ ਗੱਪ ਈ ਆ, ਪਰ ਆਹਦੇ ਜਦੋਂ ਡੈਮ ਬਣ ਰਿਹਾ ਸੀ ਤਾਂ ਏਹ ਮੰਦਿਰ ਝੀਲ ਦੇ ਵਚਾਲੇ ਆਉਂਦਾ ਸੀ, ਜਿਸ ਕਰਕੇ ਪ੍ਰਸ਼ਾਸਨ ਨੇ ਧਾਰੀ ਦੇਵੀ ਦੀ ਮੂਰਤੀ ਇੱਥੋਂ ਲਿਜਾਕੇ ਕਿਤੇ ਹੋਰ ਸ਼ਿਫਟ ਕਰਤੀ।ਧਾਰੀ ਦੇਵੀ ਨੂੰ ਫੇਰ ਐਹਾ ਜਾ ਗੁੱਸਾ ਚੜ੍ਹਿਆ ਵੀ ਪਰਲੋਂ ਲਿਆਤੀ ਦੇਖਦੇ ਦੇਖਦੇ। ਕੇਦਾਰਨਾਥ, ਬਦਰੀਨਾਥ, ਹੇਮਕੁੰਟ ਕੰਨੀਂ ਹੜ੍ਹ ਆਗੇ, ਡੈਮ ਵਿੱਚੇ ਈ ਰੁੜ੍ਹ ਗਿਆ। ਵਹਿਮੀ ਲੋਕਾਂ ਨੇ ਇਸ ਕੁਦਰਤ ਦੇ ਕਹਿਰ ਨੂੰ ਧਾਰੀ ਦੇਵੀ ਦਾ ਪ੍ਰਕੋਪ ਸਮਝ ਕੇ ਮੰਦਿਰ ਨੂੰ ਏਥੋਂ ਹਟਾਉਣ ਦਾ ਵਿਰੋਧ ਕਰਨਾ ਸ਼ੁਰੂ ਕਰਤਾ।ਜੇ ਕੋਈ ਸਕੂਲ ਢਾਹਿਆ ਹੁੰਦਾ ਫੇਰ ਨਾ ਤਾਂ ਲੋਕਾਂ ਨੇ ਵਿਰੋਧ ਕਰਨਾ ਸੀ ਤੇ ਨਾ ਸਰਕਾਰ ਨੇ ਗੌਰ ਕਰਨੀਂ ਸੀ।ਪਰ ਮਾਮਲਾ ਧਾਰਮਿਕ ਸੀ, ਵੋਟ ਬੈਂਕ ਵੀ ਜੁੜਿਆ ਸੀ ਤੇ ਤੀਜਾ ਲੋਕਾਂ ਅੰਦਰ ਅੰਧ-ਵਿਸ਼ਵਾਸ ਬਣਾਈ ਰੱਖਣਾ ਵੀ ਜ਼ਰੂਰੀ ਸੀ ਬਈ ਧਾਰੀ ਦੇਵੀ ਵਿੱਚ ਸੱਚੀਓਂ ਸ਼ਕਤੀ ਆ। ਖੈਰ ਝੀਲ ਦੇ ਵਿਚਕਾਰ ਬਣਿਆਂ ਏਹ ਮੰਦਿਰ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਐ।ਹਰ ਕੋਈ ਰੁਕਣ ਸਾਰ ਪਹਿਲਾਂ ਧਾਰੀ ਦੇਵੀ ਨੂੰ ਮੱਥਾ ਟੇਕਦਾ ਹੈ। ਦਿੱਲੀ ਤੋਂ ਆਏ ਬਾਈਕਰਾਂ ਦੀ ਟੋਲੀ, ਜਿਸ ਵਿੱਚ ਕੁੜੀਆਂ ਵੀ ਨੇ, ਏਥੇ ਰੁਕ ਕੇ ਫੋਟਮਾਂ ਖਿੱਚ ਰਹੀ ਆ।ਉਹ ਬੱਦਰੀਨਾਥ, ਹੇਮਕੁੰਟ ਸਾਹਿਬ, ਫੁੱਲਾਂ ਦੀ ਘਾਟੀ ਤੇ ਮਾਣਾ ਪਿੰਡ ਘੁੰਮਣ ਜਾ ਰਹੇ ਨੇ।ਅੱਜ ਉਹ ਜੋਸ਼ੀਮੱਠ ਗੁਰਦੁਆਰੇ ਵਿੱਚ ਰੁਕਣਗੇ। ਆਪਣਾ ਨਾ ਕਿਸੇ ਧਾਰੀ ਦੇਵੀ 'ਚ ਤੇ ਨਾ ਈ ਉਹਦੇ ਮੰਦਿਰ ਵਿੱਚ ਵਿਸ਼ਵਾਸ ਐ। ਸੋ ਏਥੇ ਥੋੜ੍ਹਾ ਚਿਰ ਰਾਮ ਕਰਕੇ ਫੋਟਮਾਂ ਫੂਟਮਾਂ ਖਿੱਚ ਕੇ ਮੈਂ ਅੱਗੇ ਤੁਰ ਪੈਂਦਾ ਹਾਂ।
ਚੱਲਦੇ ਚੱਲਦੇ ਕਰਨਪ੍ਰਯਾਗ ਪਹੁੰਚ ਜਾਂਦਾ ਹਾਂ। ਏਥੇ ਆਕੇ ਦੋ ਨਦੀਆਂ ਦਾ ਸੰਗਮ ਹੁੰਦਾ ਐ ਅਲਕਨੰਦਾ ਤੇ ਪਿੰਡਰ ਨਦੀ ਦਾ। ਕਰਨਪ੍ਰਯਾਗ ਖੂਬਸੂਰਤ ਸ਼ਹਿਰ ਐ। ਏਥੋਂ ਈ ਇੱਕ ਸੜਕ ਹੇਠਾਂ ਬਜ਼ਾਰ ਵੱਲੋਂ ਹੋਕੇ ਹੇਮਕੁੰਟ ਸਾਹਿਬ ਨੂੰ ਨਿਕਲਦੀ ਐ, ਜੋ ਅਲਕਨੰਦਾ ਦੇ ਨਾਲ਼ ਨਾਲ਼ ਜਾਂਦੀ ਆ। ਸ਼ਹਿਰ ਤੋਂ ਪਹਿਲਾਂ ਈ ਇੱਕ ਸੜਕ ਉੱਪਰ ਨੂੰ ਚੜ੍ਹ ਜਾਂਦੀ ਆ, ਜੋ ਥਰਾਲੀ ਤੱਕ ਪਿੰਡਰ ਨਦੀ ਦੇ ਨਾਲ਼ ਨਾਲ਼ ਤੁਰਦੀ ਆ।ਇਹ ਸੜਕ ਅੱਗੇ ਗਵਾਲਦਮ ਹੋਕੇ ਬੈਜਨਾਥ, ਕੌਸਾਨੀ, ਬਾਗੇਸ਼ਵਰ ਆਦਿ ਥਾਵਾਂ ਨੂੰ ਚਲੀ ਜਾਂਦੀ ਆ।ਤਿਰਾਹੇ ਵਿੱਚ ਖੜ੍ਹੇ ਪੁਲਿਸ ਆਲ਼ੇ ਤੋਂ ਰਾਹ ਪੁੱਛ ਕੇ ਮੈਂ ਉੱਪਰ ਗਵਾਲਦਮ ਆਲ਼ੀ ਸੜਕ ਪੈ ਜਾਂਦਾ ਹਾਂ। ਉੱਪਰੋਂ ਕਰਨਪ੍ਰਯਾਗ ਸ਼ਹਿਰ ਬਹੁਤ ਸੋਹਣਾ ਲੱਗ ਰਿਹਾ ਹੈ।
ਕਰਨਪ੍ਰਯਾਗ ਦੀ ਉੱਪਰੋਂ ਖਿੱਚੀ ਫੋਟੋ

ਕਰਨਪ੍ਰਯਾਗ ਤੋਂ ਥੋੜ੍ਹਾ ਪਹਿਲਾਂ ਦਾਸ ਦਾ ਸੈਲਫੀਕਸ਼ ਅੰਦਾਜ਼


ਇੱਕ ਜਗ੍ਹਾ ਰੁਕ ਕੇ ਮੈਂ ਵੱਡੀ ਚੱਟਾਨ ਬਹਿ ਕੇ ਸ਼ਹਿਰ ਨੂੰ ਨਿਹਾਰਦਾ ਹਾਂ। ਹੁਣ ਅੱਗੇ ਪਿੰਡਰ ਘਾਟੀ ਸ਼ੁਰੂ ਹੋ ਜਾਂਦੀ ਆ।ਸੜਕ ਪਿੰਡਰ ਨਦੀ ਦੇ ਕਿਨਾਰੇ ਮੋੜ ਘੋੜ ਘੱਤਦੀ ਅੱਗੇ ਵਧ ਰਹੀ ਆ।ਸੜਕ ਹਲੇ ਬਣ ਰਹੀ ਆ ਜਿਸ ਕਰਕੇ ਰਸਤਾ ਖ਼ਰਾਬ ਈ ਆ।ਦੋ ਥਾਵਾਂ ਤੇ ਤਾਂ ਜੇ ਸੀ ਬੀ ਦੁਆਰਾ ਪਹਾੜ ਨੂੰ ਚੀਰ ਕੇ ਸੜਕ ਚੌੜੀ ਕਰਨ ਦਾ ਕੰਮ ਚੱਲਦਾ ਹੋਣ ਕਰਕੇ ਅੱਧਾ ਪੌਣਾ ਘੰਟਾ ਰੁਕਣਾ ਪੈਂਦਾ ਹੈ।


ਅੱਧੇ ਘੰਟੇ ਦੇ ਜਾਮ ਦੌਰਾਨ ਇਸ ਬੰਗਾਲੀ ਕਾਮੇ ਨਾਲ਼ ਬਹੁਤ ਸਾਰੀਆਂ ਗੱਲਾਂ ਹੋਈਆਂ
ਥਰਾਲੀ ਤੱਕ ਪਿੰਡਰ ਨਦੀ ਦਾ ਸਾਥ ਜਾਰੀ ਰਹਿੰਦਾ ਐ।ਥਰਾਲੀ ਪਿੰਡਰ ਘਾਟੀ ਦਾ ਇੱਕ ਖੂਬਸੂਰਤ ਤੇ ਸ਼ਾਂਤ ਜਿਹਾ ਪਿੰਡ ਆ, ਚਾਰੇ ਪਾਸੇ ਉੱਚੇ ਉੱਚੇ ਪਹਾੜ ਨੇ। ਏਥੋਂ ਫੇਰ ਸੜਕ ਪਿੰਡਰ ਨਦੀ ਦਾ ਸਾਥ ਛੱਡ ਕੇ ਉੱਪਰ ਨੂੰ ਚੜ੍ਹਨ ਲੱਗਦੀ ਆ।
ਥਰਾਲੀ ਤੋਂ ਪਹਿਲਾਂ ਪਿੰਡਰ ਨਦੀ

ਥਰਾਲੀ ਪਿੰਡ ਦਾ ਦ੍ਰਿਸ਼

ਥਰਾਲੀ ਤੋਂ ਅੱਧਾ ਕਿਲੋਮੀਟਰ ਪਹਿਲਾਂ ਦਾਸ ਦਾ ਬੱਕੀ ਕਸ਼ ਅੰਦਾਜ਼
ਤਿੱਖੀ ਚੜ੍ਹਾਈ ਚੜ੍ਹਦਿਆਂ ਦੂਰੋਂ ਈ ਇੱਕ ਖੂਬਸੂਰਤ ਪਿੰਡ ਦਿਖਣ ਲੱਗ ਪੈਂਦਾ ਏ।ਹਰੇ ਭਰੇ ਪੌੜੀਨੁਮਾ ਖੇਤਾਂ ਵਿੱਚ ਘਿਰਿਆ ਛੋਟਾ ਜਾ ਪਿੰਡ ਲੋਲਟੀ ਜਾਂ ਲੋਲਤੀ।
ਸਾਹਮਣੇ ਖੂਬਸੂਰਤ ਪਿੰਡ ਲੋਲਤੀ
ਮੈਂ ਏਥੇ ਬੱਕੀ ਰੋਕ ਕੇ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਕੋਲ ਜਾਂਦਾ ਹਾਂ। ਉਹਨਾਂ ਨੂੰ ਚਾਹ ਪਾਣੀ ਤੇ ਖਾਣ ਪੀਣ ਦੀ ਦੁਕਾਨ ਬਾਰੇ ਪੁੱਛਦਾ ਹਾਂ‌।
ਲੋਲਤੀ ਪਿੰਡ ਦਾ ਇੱਕ ਹੋਰ ਸੋਹਣਾ ਦ੍ਰਿਸ਼
ਏਥੇ ਕੋਈ ਦੁਕਾਨ ਨੀ ਪਰ ਸ਼ੰਭੂ ਚਾਚਾ ਮੈਨੂੰ ਆਪਣੇ ਘਰ ਲਿਜਾ ਕੇ ਕੜਕ ਕੜਕ ਚਾਹ ਦਾ ਗਲਾਸ ਪਿਆਉਂਦਾ ਹੈ। ਪਿੰਡ ਦੇ ਲੋਕ ਬੱਸ ਖੇਤੀਬਾੜੀ ਤੇ ਨਿਰਭਰ ਨੇ। ਟੂਰਿਸਟ ਵੀ ਏਥੇ ਬਿਨਾਂ ਰੁਕੇ ਈ ਲੰਘ ਜਾਂਦੇ ਨੇ।ਕੁੱਲ ਮਿਲਾ ਕੇ ਜੂਨ ਔਖੀ ਓ ਆ ਲੋਕਾਂ ਦੀ।
ਗਵਾਲਦਮ ਵੀ ਏਥੋਂ ਥੋੜ੍ਹੀ ਦੂਰ ਈ ਆ।ਏਸ ਰਸਤੇ ਦੀ ਸਭ ਤੋਂ ਉੱਚੀ ਥਾਂ ਹੋਣ ਕਰਕੇ ਗਵਾਲਦਮ ਕਾਫ਼ੀ ਠੰਡਾ ਐ। ਏਥੋਂ ਈ ਰੂਪ ਕੁੰਡ ਝੀਲ ਦੇ ਬੇਸ ਵਾਨ ਪਿੰਡ ਨੂੰ ਰਸਤਾ ਜਾਂਦੈ।ਗਵਾਲਦਮ ਕੁਮਾਊਂ ਅਤੇ ਗੜ੍ਹਵਾਲ ਦੀ ਸਰਹੱਦ ਤੇ ਪੈਂਦੈ। ਕੁਮਾਊਂ ਤੇ ਗੜ੍ਹਵਾਲ ਦੇ ਰਾਜਿਆਂ ਵਿਚਕਾਰ ਗਵਾਲਦਮ ਨੂੰ ਲੈਕੇ ਕੲੀ ਲੜਾਈਆਂ ਵੀ ਹੋਈਆਂ।ਜੇ ਮੌਸਮ ਸਾਫ਼ ਹੋਵੇ ਤਾਂ ਗਵਾਲਦਮ ਤੋਂ ਨੰਦਾ ਦੇਵੀ, ਤ੍ਰਿਸ਼ੂਲ ਅਤੇ ਨੰਦਾ ਘੁੱਟੀ ਚੋਟੀਆਂ ਦਾ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲਦੈ। ਹੁਣ ਖਾਸੀ ਭੁੱਖ ਲੱਗੀ ਪਈ ਐ ਏਸ ਕਰਕੇ ਕੁਸ਼ ਖਾਣ ਦਾ ਮਨ ਕਰ ਰਿਹੈ। ਮੈਂ ਇੱਕ ਫਾਸਟ ਫੂਡ ਦੀ ਰੇਹੜੀ ਕੋਲ ਰੁਕ ਕੇ ਚਾਉਮਿਨ ਦਾ ਔਡਰ ਦਿੰਦਾ ਹਾਂ।ਸਿਰਫ ਵੀਹ ਰੁਪਏ ਵਿੱਚ ਗਰਮਾ ਗਰਮ ਪਲੇਟ ਮਿਲ ਜਾਂਦੀ ਆ, ਜਿਸਨੂੰ ਖਾਕੇ ਸਕੂਨ ਜਾ ਮਿਲਦਾ ਐ।


ਮੈਂ ਅੱਜ ਬੈਜਨਾਥ ਪਹੁੰਚਣ ਦਾ ਟੀਚਾ ਮਿੱਥਿਆ ਹੈ,ਜਿਸ ਕਰਕੇ ਏਥੇ ਜ਼ਿਆਦਾ ਨਾ ਰੁਕ ਕੇ ਮੈਂ ਬੈਜਨਾਥ ਵੱਲ ਚਾਲੇ ਪਾ ਦਿੰਦਾ ਹਾਂ। ਤੁਸੀਂ ਸੋਚਦੇ ਹੋਵੋਂਗੇ ਵੀ ਬੈਜਨਾਥ ਤਾਂ ਹਿਮਾਚਲ ਪ੍ਰਦੇਸ਼ ਵਿੱਚ ਐ ਪਾਲਮਪੁਰ ਤੋਂ ਗਾਹਾਂ ਏਹ ਊਈਂ ਗੱਪ ਰੋਹੜੀ ਜਾਂਦੈ।ਪਰ ਦੋਸਤੋ ਜਿਸ ਬੈਜਨਾਥ ਦੀ ਗੱਲ ਮੈਂ ਕਰਦਾਂ ਉਹ ਉੱਤਰਾਖੰਡ ਦੇ ਬਾਗੇਸ਼ਵਰ ਜ਼ਿਲ੍ਹੇ ਵਿੱਚ ਪੈਂਦਾ ਐ।ਗਵਾਲਦਮ ਤੋਂ ਬਾਈ ਕਿਲੋਮੀਟਰ, ਕੌਸਾਨੀ ਤੋਂ ਸਤਾਰਾਂ ਕਿਲੋਮੀਟਰ ਤੇ ਬਾਗੇਸ਼ਵਰ ਤੋਂ ਵੀਹ ਕਿਲੋਮੀਟਰ ਦੂਰ ਸਮੁੰਦਰੀ ਤਲ ਤੋਂ 1126 ਮੀਟਰ ਦੀ ਉਚਾਈ 'ਤੇ ਵਸਿਆ ਬੈਜਨਾਥ ਛੋਟਾ ਜਾ ਖੂਬਸੂਰਤ ਕਸਬਾ ਐ। ਏਥੇ ਈ ਗੋਮਤੀ ਤੇ ਗਰੁੜ ਗੰਗਾ ਨਦੀਆਂ ਦਾ ਸੰਗਮ ਹੁੰਦਾ ਐ। ਘੱਟ ਉਚਾਈ ਤੇ ਹੋਣ ਕਰਕੇ ਚਾਹੇ ਇੱਥੇ ਦਾ ਮੌਸਮ ਕੋਈ ਬਹੁਤਾ ਠੰਢਾ ਤਾਂ ਨੀ ਹੁੰਦਾ, ਪਰ ਜਦੋਂ ਬੱਦਲ ਹੋ ਜਾਂਦੇ ਨੇ ਤਾਂ ਗਰਮੀ ਵੀ ਨੀ ਹੁੰਦੀ। ਹੁਣ ਮੈਂ ਗੜ੍ਹਵਾਲ ਤੋਂ ਕੁਮਾਊਂ ਖੇਤਰ ਵਿੱਚ ਐਂਟਰ ਹੋ ਜਾਂਦਾ ਹਾਂ। ਅੱਗੇ ਬੈਜਨਾਥ ਤੱਕ ਉਤਰਾਈ ਈ ਉਤਰਾਈ ਐ।ਸੜਕ ਬਿਲਕੁਲ ਨਵੀਂ ਨਕੋਰ, ਆਸ ਪਾਸ ਚੀੜ੍ਹ ਦਾ ਜੰਗਲ।
ਗਵਾਲਦਮ ਤੋਂ ਬੈਜਨਾਥ ਆਲੀ ਸੜਕ



ਰਾਈਡਿੰਗ ਦਾ ਵੀ ਸਵਾਦ ਆ ਰਿਹੈ। ਪੈਰ ਪੈਰ ਤੇ ਦਿਲ ਕਰਦਾ ਏ ਕਿ ਐਥੇ ਵੀ ਰੁਕ ਜਾਵਾਂ ਐਥੇ ਵੀ ਰੁਕ ਜਾਵਾਂ।ਰਸਤੇ ਵਿੱਚ ਰੁਕਦੇ ਰੁਕਾਉਂਦੇ ਆਖ਼ਿਰ ਆਥਣੇ ਸਾਢੇ ਕ ਛੇ ਵਜੇ ਯਾਰ ਬੈਜਨਾਥ ਪਹੁੰਚ ਜਾਂਦੇ ਨੇ।ਬੈਜਨਾਥ ਕਸਬਾ ਗੋਮਤੀ ਨਦੀ ਦੇ ਕਿਨਾਰੇ ਵਸਿਆ ਗਾ।
ਗੋਮਤੀ ਨਦੀ ਦੇ ਪਾਰ ਬੈਜਨਾਥ

ਏਹ ਕਸਬਾ ਘੱਟ ਤੇ ਪਿੰਡ ਜ਼ਿਆਦਾ ਐ।ਐਂਟਰ ਹੁੰਦਿਆਂ ਈ ਇੱਕ ਸੜਕ ਥੋੜ੍ਹਾ ਜਾ ਖੱਬੇ ਹੱਥ ਵਲ਼ ਖਾਕੇ ਗੋਮਤੀ ਦਾ ਪੁਲ ਪਾਰ ਕਰਕੇ ਬਾਗੇਸ਼ਵਰ ਨੂੰ ਨੰਘ ਜਾਂਦੀ ਆ ਤੇ ਦੂਈ ਸੜਕ ਸੱਜੇ ਹੱਥ ਬੈਜਨਾਥ ਦੇ ਵਿਚਕਾਰੋਂ ਨੰਘਦੀ ਹੋਈ ਗਰੁੜ ਤੇ ਕੌਸਾਨੀ ਨੂੰ ਨਿਕਲ ਜਾਂਦੀ ਆ। ਗਰੁੜ ਤਾਂ ਏਥੋਂ ਮਹਿਜ਼ ਦੋ ਕਿਲੋਮੀਟਰ ਈ ਆ ਜਾਂ ਕਹਿ ਲੋ ਬੈਜਨਾਥ ਵਿੱਚ ਈ ਰਲ਼ਿਆ ਪਿਆ ਗਾ ਗਰੁੜ ਦੇ।ਗਰੁੜ ਤਾਂ ਵਾਹਵਾ ਵੱਡਾ ਕਸਬਾ ਗਾ ਪਰ ਬੈਜਨਾਥ ਕੋਈ ਜ਼ਿਆਦਾ ਵੱਡਾ ਨੀ ਬੱਸ ਸੜਕ ਦੇ ਦੋਹੀਂ ਪਾਸੀਂ ਘਰ ਨੇ।ਐਂਟਰ ਹੁੰਦਿਆਂ ਈ ਇੱਕ ਟੋਭਾ ਟੈਪ ਝੀਲ ਦਿਖਣ ਲੱਗਦੀ ਆ। ਇਸ ਝੀਲ ਵਿੱਚ ਗੋਮਤੀ ਨਦੀ ਵਿੱਚੋਂ ਪਾਣੀ ਪੈਂਦਾ ਹੈ।
ਝੀਲ ਤੋਂ ਦੂਈ ਪਾਰ ਛੋਟੇ ਵੱਡੇ ਮੰਦਰ ਵੀ ਦਿਖਦੇ ਨੇ। ਏਥੇ ਈ ਸੜਕ ਤੋਂ ਉੱਪਰ ਸਰਕਾਰੀ ਟੂਰਿਸਟ ਰੈਸਟ ਹਾਊਸ ਆ ਤੇ ਉਹਦੇ ਨਾਲ ਈ ਇੱਕ ਪ੍ਰਾਈਵੇਟ ਹੋਟਲ ਵੀ ਆ। ਸੂਰਜ ਢਲਣ ਦਾ ਵੇਲ਼ਾ ਹੋ ਚੱਲਿਐ, ਮੌਸਮ ਦਾ ਰੱਥ ਵੀ ਖ਼ਰਾਬ ਈ ਲੱਗ ਰਿਹਾ।ਸੋ ਅੱਜ ਟੈਂਟ ਦੀ ਬਜਾਏ ਕਮਰਾ ਲੈਣ ਵਿੱਚ ਈ ਭਲਾਈ ਆ। ਮੈਂ ਪਹਿਲਾਂ ਕਮਰਾ ਲੈਣ ਆਲ਼ਾ ਟੈਂਟਾ ਨਬੇੜਨਾ ਚਾਹੁੰਨਾ ਤਾਂ ਕਿ ਫ੍ਰੀ ਹੋਕੇ ਘੁੰਮ ਸਕਾਂ। ਪ੍ਰਾਈਵੇਟ ਹੋਟਲ ਆਲ਼ਾ ਕਮਰੇ ਦਾ ਛੇ ਸੌ ਤੇ ਡੋਰਮੈਟਰੀ ਦਾ ਢਾਈ ਸੌ ਮੰਗਦਾ ਹੈ।ਸੌਦਾ ਮਹਿੰਗਾ ਹੋਣ ਕਰਕੇ ਮੈਂ ਸਰਕਾਰੀ ਰੈਸਟ ਹਾਊਸ ਆਲ਼ੇ ਕੋਲ਼ ਵਗ ਜਾਨਾ।ਪਰ ਉਹਦੇ ਕਮਰੇ ਫੁੱਲ ਨੇ ਤੇ ਡੋਰਮੈਂਟਰੀ ਦੋ ਸੌ 'ਚ ਮਿਲੂ। ਏਥੇ ਵੀ ਸੌਦਾ ਫਿੱਟ ਨੀ ਬਹਿੰਦਾ। ਹੋਰ ਹੋਟਲ ਤਾਂ ਹੁਣ ਗਰੁੜ ਜਾਕੇ ਈ ਮਿਲੂ।ਸੋ ਮੈਂ ਬੱਕੀ ਲੈਕੇ ਅੱਗੇ ਚੱਲ ਪੈਂਦਾ ਹਾਂ। ਮੂਹਰੇ ਫੇਰ ਗੋਮਤੀ ਦਾ ਪੁਲ ਆ ਜਾਂਦੈ। ਅਸਲ ਵਿੱਚ ਬੈਜਨਾਥ ਕੋਲ਼ ਗੋਮਤੀ ਨਦੀ 'ਯੂ ਅਕਾਰ' ਦਾ ਮੋੜ ਲੈਂਦੀ ਐ ਜਿਵੇਂ 'ਯੂ' ਦੀਆਂ ਦੋਹੇਂ ਲੱਤਾਂ ਖਿੱਚ ਕੇ ਚੌੜੀਆਂ ਕੀਤੀਆਂ ਹੋਣ।ਇਸ ਯੂ ਦੇ ਅੰਦਰਲੇ ਪਾਸੇ ਈ ਬੈਜਨਾਥ ਮੰਦਿਰ ਤੇ ਕਸਬਾ ਵਸਿਆ ਹੋਇਆ ਐ। ਗੋਮਤੀ ਦੇ ਪੁਲ ਤੋਂ ਪਹਿਲਾਂ ਈ ਮੰਦਿਰਾਂ ਨੂੰ ਪੈਦਲ ਰਸਤਾ ਜਾਂਦਾ ਐ ਤੇ ਏਥੇ ਪਾਰਕਿੰਗ ਵੀ ਬਣੀਂ ਹੋਈ ਆ।ਬੱਕੀ ਪਾਰਕਿੰਗ ਚ ਲਾਕੇ ਮੈਂ ਨਦੀ ਦੇ ਕਿਨਾਰੇ ਕਿਨਾਰੇ ਬਣੇ ਪੱਕੇ ਰਸਤੇ ਮੰਦਿਰ ਸਮੂਹ ਵੱਲ ਨੂੰ ਤੁਰ ਪੈਂਦਾ ਹਾਂ।ਬੱਸ ਡੇਢ ਕੁ ਸੌ ਮੀਟਰ ਜਾਕੇ ਈ ਮੰਦਿਰ ਕੰਪਲੈਕਸ ਆ ਜਾਂਦਾ ਏ।ਏਥੇ ਕਰੀਬ ਡੂਢ ਦਰਜਨ ਮਤਲਬ ਸਤਾਰਾਂ ਠਾਰਾਂ ਮੰਦਿਰ ਨੇ।ਸਾਰੇ ਦੇ ਸਾਰੇ ਮੰਦਿਰ ਪੱਥਰ ਦੇ ਬਣੇ ਹੋਏ ਨੇ।ਇਹਨਾਂ ਨੂੰ ਬਣਾਉਣ ਲਈ ਨਾਗਰ ਸ਼ੈਲੀ ਵਰਤੀ ਗਈ ਆ। ਸਰਕਾਰ ਨੇ ਇਹਨਾਂ ਨੂੰ ਰਾਸ਼ਟਰੀ ਮਹੱਤਵ ਵਾਲੇ ਸਮਾਰਕ ਘੋਸ਼ਿਤ ਕੀਤਾ ਹੋਇਆ ਐ। ਕੋਈ ਵੀ ਬੰਦਾ ਜੇ ਇਹਨਾਂ ਨੂੰ ਨੁਕਸਾਨ ਪਹੁੰਚਾਉਂਦੈ, ਤਾਂ ਉਹਨੂੰ ਇੱਕ ਲੱਖ ਤੱਕ ਜਰਮਾਨਾ ਜਾਂ ਦੋ ਸਾਲ ਦੀ ਸਜ਼ਾ ਹੋ ਸਕਦੀ ਆ ਜਾਂ ਫਿਰ ਸਜ਼ਾ ਤੇ ਜਰਮਾਨਾ ਦੋਨੋਂ ਵੀ ਹੋ ਸਕਦੇ ਨੇ।ਏਥੇ ਲੱਗੇ ਸੂਚਨਾ ਬੋਰਡ ਤੋਂ ਪੜ੍ਹਕੇ ਪਤਾ ਲੱਗਿਆ ਕਿ ਇਹਨਾਂ ਦਾ ਨਿਰਮਾਣ ਨੌਵੀਂ ਤੋਂ ਬਾਰ੍ਹਵੀਂ ਸਦੀ ਵਿੱਚ ਹੋਇਆ ਸੀ। ਉਦੋਂ ਇੱਥੇ ਕਤਿਊਰੀ ਵੰਸ਼ ਦਾ ਰਾਜ ਸੀ। ਬੈਜਨਾਥ ਬਾਰੇ ਇਹ ਵੀ ਕਿਹਾ ਜਾਂਦਾ ਏ ਕਿ ਇਸਦਾ ਪੁਰਾਣਾ ਨਾਂ ਕਾਰਤਿਕੇਯਪੁਰ ਸੀ। ਕਤਿਊਰੀ ਰਾਜਾ ਨਰਸਿੰਘ ਦੇਵ ਨੇ ਇਸਨੂੰ ਆਪਣੀ ਰਾਜਧਾਨੀ ਬਣਾਇਆ ਸੀ। ਨੌਵੀਂ ਤੋਂ ਬਾਰ੍ਹਵੀਂ ਸਦੀ ਦੇ ਵਿਚਕਾਰ ਕਤਿਊਰੀ ਰਾਜਿਆਂ ਦੀ ਰਾਜਧਾਨੀ ਕਾਰਤਿਕੇਯਪੁਰ ਈ ਸੀ।





ਏਥੇ ਬੈਠੇ ਇੱਕ ਸਕਿਉਰਟੀ ਗਾਰਡ ਨੇ ਦੱਸਿਆ ਵੀ ਏਥੇ ਗੋਮਤੀ ਤੇ ਗਰੁੜ ਗੰਗਾ ਨਦੀਆਂ ਦੇ ਸੰਗਮ ਆਲ਼ੀ ਥਾਂ 'ਤੇ ਸ਼ਿਵ ਜੀ ਤੇ ਪਾਰਵਤੀ ਦਾ ਵਿਆਹ ਹੋਇਆ ਸੀ। ਏਸੇ ਕਰਕੇ ਕਤਿਊਰੀ ਰਾਜਿਆਂ ਨੇ ਏਥੇ ਮੰਦਿਰ ਬਣਵਾਏ। ਇੱਥੋਂ ਦਾ ਮੁੱਖ ਮੰਦਿਰ ਭਗਵਾਨ ਸ਼ਿਵ ਨੂੰ ਸਮਰਪਿਤ ਐ।

ਵਿਚਕਾਰ ਲੋਹੇ ਦੀ ਛੱਤ ਵਾਲ਼ਾ ਮੇਨ ਮੰਦਿਰ
ਬਾਕੀ ਨਿੱਕੇ ਮੋਟੇ ਸਤਾਰਾਂ ਮੰਦਿਰ ਹੋਰ ਨੇ। ਜਿਹਨਾਂ ਵਿੱਚ ਕੇਦਾਰੇਸ਼ਵਰ, ਲਕਸ਼ਮੀ ਨਰਾਇਣ ਮੰਦਰ ਤੇ ਬ੍ਰਾਹਮਣੀ ਦੇਵੀ ਮੰਦਰ ਪ੍ਰਮੁੱਖ ਨੇ। ਇਹਨਾਂ ਤੋਂ ਬਿਨਾਂ ਗਣੇਸ਼, ਪਾਰਵਤੀ, ਚੰਡਿਕਾ, ਕੁਬੇਰ ਤੇ ਸੂਰੀਆ ਮੰਦਿਰ ਵੀ ਮੁੱਖ ਨੇ।ਮੈਂ ਕਿਸੇ ਵੀ ਮੰਦਿਰ ਦੇ ਅੰਦਰ ਨੀ ਵੜਦਾ ਬੱਸ ਇਹਨਾਂ ਦੀ ਬਾਹਰੀ ਬਣਤਰ ਈ ਮੈਨੂੰ ਸੋਹਣੀ ਲੱਗਦੀ ਹੈ। ਪੱਥਰ ਦੇ ਟੁਕੜਿਆਂ ਨੂੰ ਘੜ ਕੇ ਚਿਣ ਚਿਣ ਕੇ ਇਹਨਾਂ ਮੰਦਿਰਾਂ ਦੀ ਉਸਾਰੀ ਕੀਤੀ ਗਈ ਹੈ।ਸਾਰੇ ਮੰਦਿਰਾਂ ਦੇ ਗੁੰਬਦ ਦੇਖਣ ਨੂੰ ਬੜੇ ਸੋਹਣੇ ਲੱਗਦੇ ਨੇ। ਮੁੱਖ ਮੰਦਿਰ ਦੇ ਉੱਪਰ ਗੁੰਬਦ ਨੀ ਹੈਗਾ। ਏਹਦੇ ਉੱਤੇ ਲੋਹੇ ਦੇ ਟੀਨ ਪਾਏ ਹੋਏ ਨੇ।ਆਹਦੇ ਇਸਦਾ ਗੁੰਬਦ ਬਹੁਤ ਸਮਾਂ ਪਹਿਲਾਂ ਢਹਿ ਗਿਆ ਸੀ। ਦੁਬਾਰਾ ਇਸ ਉੱਤੇ ਲੋਹੇ ਦੇ ਟੀਨਾਂ ਦੀ ਛੱਤ ਪਾਤੀ।ਮੰਦਿਰਾਂ ਦੇ ਸਾਹਮਣੇ ਪੌੜੀਆਂ ਉੱਤਰ ਕੇ ਝੀਲ ਐ।ਝੀਲ ਕੋਈ ਖ਼ਾਸ ਸੋਹਣੀ ਨੀ ਬੱਸ ਟੋਭਾ ਈ ਕਹਿਲੋ।ਪੁਜਾਰੀ ਤੋਂ ਜਦੋਂ ਮੈਂ ਬੈਜਨਾਥ ਦੇ ਇਸ ਨਾਮਕਰਨ ਬਾਰੇ ਪੁੱਛਦਾ ਹਾਂ ਤਾਂ ਉਹ ਦੱਸਦਾ ਹੈ ਕਿ ਕਾਰਤਿਕੇਯਪੁਰ ਦਾ ਨਾਂ ਬੈਜਨਾਥ ਇਸ ਮੰਦਿਰ ਕਾਰਨ ਹੀ ਪਿਆ ਹੈ। ਮੁੱਖ ਮੰਦਿਰ ਭਗਵਾਨ ਸ਼ਿਵ ਦਾ ਏ ਤੇ ਸ਼ਿਵ ਜੀ ਬ੍ਰਹਿਮੰਡ ਦੇ ਸਭ ਤੋਂ ਵੱਡੇ ਵੈਦ ਨੇ। ਏਸੇ ਕਰਕੇ ਉਹਨਾਂ ਨੂੰ ਵੈਦ ਨਾਥ ਜਾਂ ਬੈਜਨਾਥ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹਨਾਂ ਦੇ ਨਾਂ ਤੋਂ ਈ ਇਸ ਮੰਦਿਰ ਦਾ ਨਾਮ ਬੈਜਨਾਥ ਪੈ ਗਿਆ। ਫੇਰ ਇਸ ਮੰਦਿਰ ਦੇ ਕਾਰਨ ਇਸ ਜਗ੍ਹਾ ਦਾ ਨਾਮ ਵੀ ਬੈਜਨਾਥ ਪੈ ਗਿਆ।
ਬੈਜਨਾਥ ਸਮੁੰਦਰੀ ਤਲ ਤੋਂ ਕੇਵਲ 1126 ਮੀਟਰ ਦੀ ਉਚਾਈ ਤੇ ਆ। ਏਸੇ ਕਰਕੇ ਏਥੇ ਮੌਸਮ ਗਰਮ ਐ।ਫੋਟਮਾਂ ਫੂਟਮਾਂ ਖਿੱਚ ਕੇ ਮੈਂ ਵਾਪਸ ਬੱਕੀ ਕੋਲ਼ ਆ ਜਾਂਦਾ ਹਾਂ। ਏਥੇ ਖੜ੍ਹੇ ਬੰਦਿਆਂ ਤੋਂ ਗਰੁੜ ਦਾ ਰਾਹ ਪੁੱਛਕੇ ਗੋਮਤੀ ਨਦੀ ਦਾ ਪੁਲ ਪਾਰ ਕਰਕੇ ਅੱਗੇ ਚੱਲ ਪੈਂਦਾ ਹਾਂ। ਉੱਪਰੋਂ ਸੜਕ ਤੋਂ ਗੋਮਤੀ ਨਦੀ ਦੇ ਕੰਢੇ ਬੈਜਨਾਥ ਮੰਦਿਰ ਸਮੂਹ ਬੜਾ ਈ ਸੋਹਣਾ ਲੱਗ ਰਿਹੈ।ਆਸੇ ਪਾਸੇ ਦੇ ਪਹਾੜਾਂ ਨੂੰ ਹੁਣ ਬੱਦਲਾਂ ਨੇ ਘੇਰਾ ਪਾਉਣਾ ਸ਼ੁਰੂ ਕਰਤਾ ਹੈ। ਬੱਦਲਾਂ ਨੂੰ ਦੇਖ ਕੇ ਕਦੇ ਧੂੰਏਂ ਦਾ ਭੁਲੇਖਾ ਪੈਂਦਾ ਐ ਤੇ ਕਦੇ ਲਗਦੈ ਜਿਵੇਂ ਅਸਮਾਨ ਚ ਨਰਮੇ ਦੇ ਵੱਡੇ ਵੱਡੇ ਢੇਰ  ਲੱਗੇ ਹੋਣ।
ਹੋਟਲਾਂ ਬਾਰੇ ਪਤਾ ਕਰਦਾ ਕਰਦਾ ਮੈਂ ਗਰੁੜ ਪਹੁੰਚ ਜਾਂਦਾ ਹਾਂ। ਹੁਣ ਨੇਰ੍ਹਾ ਵੀ ਹੋਣ ਲੱਗ ਪਿਆ ਗਾ। ਇੱਕ ਖੁੱਲ੍ਹੀ ਜਗ੍ਹਾ ਤੇ ਬੱਕੀ ਰੋਕ ਕੇ ਮੈਂ ਮੈਡੀਕਲ ਦੀ ਦੁਕਾਨ ਤੇ ਹੋਟਲ ਦਾ ਪਤਾ ਕਰਨ ਜਾਨੈ।ਉਹ ਸਾਹਮਣੇ ਇਸ਼ਾਰਾ ਕਰਕੇ ਦੱਸਦੈ, "ਅਹੁ ਸਾਮ੍ਹਣੇ ਕੀ ਐ ? ਹੋਟਲ ਤਾਂ ਹੈ।" ਮੈਂ ਬਸ਼ਰਮ ਜਾ ਹੋਕੇ ਹੋਟਲ ਆਲੇ ਕੋਲ਼ ਵਗ ਜਾਨੈ।ਉਹ ਪੰਜ ਸੌ ਰੁਪਏ ਮੰਗਦਾ ਕਮਰੇ ਦੇ।ਮਖਿਆਂ ਭਰਦਾਨ ਖਾਲੀ ਵੀ ਪਿਆ ਈ ਆ ਤੂੰ ਦੋ ਢਾਈ ਸੌ ਦੀ ਗੱਲ ਕਰ ਜੇ ਦੇਣਾ ਤਾਂ ਨਹੀਂ ਤਾਂ ਫੇਰ ਮੈਨੂੰ ਆਵਦਾ ਟੈਂਟ ਗੱਡਣਾ ਪਊਗਾ। ਆਖਿਰ ਤਿੰਨ ਸੌ ਚ ਗੱਲ ਬਿੱਲੇ ਲੱਗਦੀ ਆ ਤੇ ਮੈਂ ਬੱਕੀ ਉਹਦੇ ਵਾਰਗੇ ਲਿਆ ਖੜ੍ਹੀ ਕਰਦਾ ਹਾਂ।ਅਸਲ ਵਿੱਚ ਕਮਰੇ ਉੱਪਰ ਨੇ ਹੇਠਾਂ ਤਾਂ ਕਰਿਆਨੇ ਦੀ ਦੁਕਾਨ ਤੇ ਹੋਰ ਤੰਗੜ ਪਟੀਆ ਖਿੱਲਰਿਆ ਪਿਐ। ਮੈਂ ਬੱਕੀ ਤੋਂ ਆਪਣੀ ਟਿੰਡ ਫਾਹੁੜੀ ਚਾਕੇ ਉੱਪਰ ਕਮਰੇ ਵਿੱਚ ਲੈ ਜਾਨਾ।ਪੰਜ ਸੱਤ ਮਿੰਟ ਰਾਮ ਕਰਕੇ ਕੱਪੜੇ ਕੁੱਪੜੇ ਬਦਲਦਾਂ।ਏਨੇ ਨੂੰ 'ਮੱਘਰ ਸਿੰਘ ਮੁਰਦਾਬਾਦ' ਦੇ ਨਾਹਰੇ ਲੱਗਣੇ ਸ਼ੁਰੂ ਹੋ ਜਾਂਦੇ ਨੇ।ਆਮ ਤੌਰ ਤੇ ਜਦੋਂ ਮੈਂ ਕੱਲਾ ਹੋਵਾਂ ਤਾਂ ਇਹ ਨਾਹਰੇ ਨੀ ਲੱਗਦੇ ਪਰ ਅੱਜ ਥਕੇਵਾਂ ਵੀ ਆ ਤੇ ਮੌਸਮ ਵੀ ਘੈਂਟ ਆ। ਏਸ ਵਾਰ ਘਰੋਂ ਵੀ ਕੋਟਾ ਲੈਕੇ ਨੀ ਆਇਆ ਸੋਚਿਆ ਸੀ ਅਲਕੋਹਲ ਫ੍ਰੀ ਰੱਖਾਂਗੇ ਟੂਰ ਨੂੰ।ਪਰ ..........
ਮੈਂ ਜਦੋਂ ਘਰੇ ਗੱਲ ਕਰਨ ਵਾਸਤੇ ਮੁਮੈਲ ਦੇਖਦਾਂ ਤਾਂ ਰੇਂਜ ਨੀ ਹੈਗੀ।ਜਿਹੜੇ ਲੰਬਰ ਤੇ ਰੇਂਜ ਆ ਉਹਦੇ ਚ ਬੈਲੇਂਸ ਨੀ ਹੈਗਾ। ਮੇਰੇ ਕੋਲ ਤਿੰਨ ਸਿੰਮ ਨੇ ਜੀਓ ਦਾ, ਬੀ ਐੱਸ ਐੱਨ ਐੱਲ ਦਾ ਤੇ ਏਅਰਟੈੱਲ ਦਾ।ਜੀਓ ਆਲਿਆਂ ਨੂੰ ਐਹੋ ਜੇ ਘੱਟ ਅਬਾਦੀ ਆਲੇ ਖੇਤਰਾਂ ਵਿੱਚ ਹਾਲੇ ਬਾਹਲਾ ਫਾਇਦਾ ਨੀ ਦੀਂਹਦਾ ਏਸੇ ਕਰਕੇ ਪਹਾੜੀ ਖੇਤਰ ਵਿੱਚ ਜੀਓ ਦੀ ਰੇਂਜ ਬਹੁਤ ਘੱਟ ਐ। ਵੱਡੇ ਵੱਡੇ ਸ਼ਹਿਰਾਂ ਵਿੱਚ ਚਾਹੇ ਹੋਵੇ ਜਿੱਥੇ ਅੰਬਾਨੀ ਨੂੰ ਚਾਰ ਪੈਸੇ ਦੀਂਹਦੇ ਨੇ ਪਰ ਛੋਟੇ ਸ਼ਹਿਰਾਂ ਵਿੱਚ ਜੀਓ ਠੁੱਸ ਈ ਆ। ਏਅਰਟੈੱਲ ਵੀ ਮਿੱਸ ਭੜਾਕਾ ਈ ਸਾਬਿਤ ਹੁੰਦਾ ਐ।ਲੈ ਦੇ ਫੇਰ ਓਹੀ ਆਪਣਾ BSNL ਕੰਮ ਆਉਂਦੈ।ਘਾਟੇ ਆਲੇ ਖੇਤਰਾਂ ਵਿੱਚ ਤਾਂ ਫੇਰ ਵੇਚਾਰਾ ਏਹੀ ਕੰਮ ਆਉਂਦੈ।ਮਲਾਈ ਲਾਹੁਣ ਨੂੰ ਤਾਂ ਪ੍ਰਾਈਵੇਟ ਕੰਪਨੀਆਂ ਹੈਗੀਆਂ ਨੇ, ਸਪਰੇਟਾ ਤਾਂ ਫੇਰ BSNL ਦੇ ਹਿੱਸੇ ਹੀ ਆਉਣਾਂ ਨਾ। ਜਦੋਂ ਅੰਬਾਨੀ ਹੁਰਾਂ ਦੇ ਕਰਿੰਦੇ ਦੇਸ਼ ਤੇ ਰਾਜ ਕਰਦੇ ਹੋਣ ਉਦੋਂ ਫਾਇਦਾ ਵੀ ਜੀਓ ਦਾ ਈ ਹੋਊ ਨਾ ਕਿ BSNL ਦਾ।
ਖੈਰ ਕਮਰੇ ਨੂੰ ਲੌਕ ਲਾਕੇ ਮੈਂ ਬਾਹਰ ਠੇਕਾ ਭਾਲਣ ਤੁਰ ਪੈਨਾ।ਰਾਹ ਵਿੱਚ ਰੀਚਾਰਜ਼ ਦੀਆਂ ਕੲੀ ਦੁਕਾਨਾਂ ਆਉਂਦੀਆਂ ਨੇ, ਪਰ ਮਾੜੀ ਕਿਸਮਤ ਨੂੰ ਕਿਸੇ ਕੋਲ਼ ਵੀ bsnl ਦਾ ਰੀਚਾਰਜ਼ ਕਰਨ ਲਈ ਬੈਲੇਂਸ ਨੀ। ਪੁੱਛਣ ਤੇ ਪਤਾ ਲਗਦਾ ਐ ਕਿ ਠੇਕੇ ਕੋਲ਼ bsnl ਦਾ ਮੇਨ ਏਜੰਟ ਐ।ਪਰ ਅੱਜ ਓਹਦੇ ਵੀ BSNL ਦਾ ਬੈਲੇਂਸ ਨੀ ਹੈਗਾ।ਉਹ ਆਹਦੈ BSNL ਆਲ਼ਾ ਏਜੰਟ ਛੱਡ ਕੇ ਭੱਜ ਗਿਆ ਕਿਤੋਂ ਵੀ ਰੀਚਾਰਜ਼ ਨੀ ਹੋਣਾ।ਰੀਚਾਰਜ਼ ਤਾਂ ਹੋਇਆ ਨੀ ਪਰ ਠੇਕਾ ਜ਼ਰੂਰ ਮਿਲ ਗਿਆ ਐ। ਠੇਕੇ ਨੂੰ ਦੇਖ ਕੇ ਕੀੜੇ ਖੁਸ਼ੀ ਵਿੱਚ ਕਦਾੜੀਆਂ ਮਾਰਨ ਲੱਗਦੇ ਨੇ। ਮੇਰਾ ਵੀ ਖੁਸ਼ੀ ਚ ਲੂੰ ਕੰਡਾ ਖੜ੍ਹਾ ਹੋ ਜਾਂਦਾ ਐ।ਮੈਜਿਕ ਮੂਮੈਂਟ ਫੜਕੇ ਮੈਂ ਲਫ਼ਾਫ਼ੇ ਚ ਪਾਉਨਾ ਤੇ ਨਮਕੀਨ ਦੇ ਪੈਕਟ, ਖੀਰੇ, ਪਿਆਜ਼ ਤੇ ਦਹੀਂ ਲੈਕੇ ਗੋਲ਼ੀ ਮਾਂਗੂੰ ਕਮਰੇ ਵਿੱਚ ਆ ਵੱਜਦਾਂ।ਦੋ ਮੋਟੇ ਮੋਟੇ ਅੰਦਰ ਲੰਘਾ ਕੇ ਹੁਣ ਕੱਪੜੇ ਧੋਣ ਜੋਗਾ ਹੋ ਜਾਂਦਾ ਹਾਂ। ਮੈਂ ਘਰੋਂ ਤਿੰਨ ਟੀ ਸ਼ਰਟਾਂ ਤੇ ਦੋ ਲੋਅਰ ਈ ਲਿਆਇਆਂ। ਅਗਲੇ ਬਾਈ ਤੇਈ ਦਿਨ ਇਹਨਾਂ ਚ ਈ ਕੱਢਣੇ ਨੇ।ਸੋ ਅੱਜ ਹੋਟਲ ਵਿੱਚ ਕਮਰਾ ਲੈਤੇ ਦਾ ਫ਼ਾਇਦਾ ਵੀ ਠਾਉਣਾ ਐ। ਮੈਂ ਲੋਅਰ ਤੇ ਟੀ ਸ਼ਰਟ ਜਿਹੜੀ ਤਿੰਨ ਦਿਨਾਂ ਤੋਂ ਘਸੋੜੀ ਹੋਈ ਸੀ ਉਹ ਧੋਕੇ ਸੁੱਕਣੇ ਪਾ ਦਿੰਨਾ। ਫੇਰ ਇੱਕ ਹੋਰ ਮੋਟਾ ਜਾ ਲਾਕੇ ਨੀਕਰ, ਬਲੈਣ, ਸਿਰ ਤੇ ਬੰਨਿਆਂ ਪਟਕਾ ਧੋਕੇ ਫ੍ਰੀ ਹੋ ਜਾਨਾ। ਬਾਹਰ ਬੱਦਲ ਗਰਜ ਰਹੇ ਨੇ ਤੇ ਅੰਦਰ ਮੇਰੇ ਮੁਮੈਲ 'ਤੇ ਚਮਕੀਲਾ ਚੱਲ ਰਿਹਾ ਏ। ਜਦੋਂ ਨੇਰ੍ਹੇ ਜਿਹੇ ਮੈਂ ਬਾਹਰ ਨਿਕਲ ਕੇ ਦੇਖਦਾਂ ਤਾਂ ਕਿਣਮਿਣ ਹੋਈ ਜਾਂਦੀ ਆ। ਮੈਂ ਇੱਕ ਹੋਰ ਚਾੜ੍ਹ ਕੇ ਰੋਟੀ ਪੈਕ ਕਰਾਉਣ ਵਗ ਜਾਨੈ। ਅੱਠ ਵਜੇ ਈ ਸਾਰਾ ਬਜ਼ਾਰ ਬੰਦ ਹੋ ਗਿਆ ਏ।ਚਾਰੇ ਪਾਸੇ ਸੁੰਨ ਪੱਸਰ ਚੁੱਕੀ ਆ। ਬਜ਼ਾਰ ਵਿੱਚ ਕੋਈ ਆਉਂਦਾ ਜਾਂਦਾ ਨੀ ਦੀਂਹਦਾ, ਸਿਰਫ ਬੀਂਡਿਆਂ ਦੀ ਟੀਂਅ ਟੀਂਅ ਈ ਸੁਣਦੀ ਐ। ਕਾਫ਼ੀ ਦੂਰ ਜਾਕੇ ਮੈਨੂੰ ਇੱਕ ਢਾਬੇ ਦੀਆਂ ਲਾਈਟਾਂ ਦਿਖਾਈ ਦਿੰਦੀਆਂ ਨੇ। ਉੱਥੋਂ ਆਂਡਿਆਂ ਦੀ ਭੁਰਜੀ ਤੇ ਰੋਟੀਆਂ ਪੈਕ ਕਰਵਾ ਕੇ ਮੈਂ ਵਾਪਸ ਕਮਰੇ ਚ ਆ ਜਾਂਨਾ ਗਾ ਤੇ ਥੋੜ੍ਹਾ ਚਿਰ ਹੋਰ ਮਨੋਰੰਜਨ ਕਰਨ ਮਗਰੋਂ ਰੋਟੀਆਂ ਵਲ੍ਹੇਟ ਕੇ ਲੇਫ 'ਚ ਵੜਕੇ ਲੰਮੀਆਂ ਤਾਣ ਲੈਨਾ।ਚਾਹੇ ਬਾਹਰ ਮੀਂਹ ਪੈ ਰਿਹੈ,ਪਰ ਅੰਦਰ ਗਰਮੀ ਆਂ।ਪੱਖਾ ਫੁੱਲ ਤੇ ਛੱਡ ਕੇ ਕੱਲ੍ਹ ਦੇ ਸਫ਼ਰ ਦੀਆਂ ਪਲੈਨਿੰਗਾਂ ਬਣਾਉਂਦਾ ਬਣਾਉਂਦਾ ਪਤਾ ਨੀ ਕਦੋਂ ਗੂੜ੍ਹੀ ਨੀਂਦ ਸੌਂ ਜਾਨੈ।












ਲੋਲਤੀ ਪਿੰਡ ਦਾ ਇੱਕ ਹੋਰ ਖੂਬਸੂਰਤ ਦ੍ਰਿਸ਼

Comments

  1. ਪੜ੍ਹਕੇ ਸਾਡੇ ਵੀ ਲੂੰ ਕੰਡੇ ਖੜ੍ਹੇ ਹੋਗੇ ਬਾਈ...

    ReplyDelete
    Replies
    1. 😂😂😂 ਕਰਤਾ ਸ਼ੁਰੂ ਫੇਰ ਕੰਮ

      Delete
  2. ਬਹੁਤ ਨਜ਼ਾਰਾ ਆਉਂਦਾ ਬਾਈ ਤੇਰਾ ਸਫ਼ਰਨਾਮਾ ਪੜ੍ਹਕੇ..

    ReplyDelete
    Replies
    1. ਸ਼ੁਕਰੀਆ ਬਾਈ ਬਿਕਰਮ ਉਤਸ਼ਾਹ ਵਧਾਉਣ ਲਈ

      Delete
  3. हरजिंदर भाई, हम पहाड़ों से प्रेम करते हैं इसमे कोई शक नही। पहाड़ो की पहचान है पहाड़ी देवी देवता। इन्हीं देवताओ के आदर्श पर चलकर कह लीजिए या डर के साये में कह लीजिए, वहां के निवासीयों ने खुद को ऐसे ढाला है कि हम आप उनकी ईमानदारी के उदाहरण देते हैं।
    भाई जी, पहाड़ो से प्रेम करते हैं तो पहाड़ो देवताओ से प्रेम तो करना ही पड़ेगा। मैं ये नही कह रहा कि आप देवताओं की पूजा से सम्बंधित कर्मकांड करें, पर आदर से सिर झुकने से हम छोटे नही हो जाएंगे जी। वो भी नही करते तो कम से कम पहाड़ी लोक कथाओं को गप्प न कहें।
    लिखा बहुत अच्छा है आपने। पंजाबी भाषा मे आज तक मैने केवल आपका ही ब्लॉग पढ़ा है जी।
    बहुत ही बधाई के पात्र हैं आप इस नवीन कल्पना को साकार करने हेतु।

    ReplyDelete
    Replies
    1. बहुत बहुत धन्यवाद भाई कमैंट करने के लिए।आपकी भावनाओं को ठेस पहुंची इसके लिए खेद है मुझे। आगे से लिखते समय ऐसा जिक्र करने का संकोच करूंगा

      Delete
  4. Padh ke swad aa geya master ji.... Agli kist di udik aa..

    ReplyDelete
    Replies
    1. ਬਹੁਤ ਬਹੁਤ ਸ਼ੁਕਰੀਆ ਜੀਓ

      Delete
  5. ਪੜ ਕੇ ਨਜ਼ਾਰਾ ਆਈ ਜਾਦਾਂ ਨਜ਼ਾਰਾ ਜਾਈ ਜਾਦਾਂ ਭਾਜੀ 😜

    ReplyDelete

Post a Comment

Popular posts from this blog

ਮੁਗਲਕਾਲੀਨ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਸਰਾਏ ਅਮਾਨਤ ਖਾਂ

ਰੀਝਾਂ ਨਾਲ ਸ਼ਿੰਗਾਰੀ ਮੁਨਸਿਆਰੀ

ਉੱਤਰਾਖੰਡ ਡਾਇਰੀ--7