ਉੱਤਰਾਖੰਡ ਡਾਇਰੀ--4

*ਟਿਹਰੀ ਡੈਮ ਰਾਸ਼ਟਰ ਦੇ ਨਿਰਮਾਣ ਦਾ ਪ੍ਰਤੀਕ ਜਾਂ ਹਜ਼ਾਰਾਂ ਲੋਕਾਂ ਦੇ ਉਜਾੜੇ ਦੀ ਦਾਸਤਾਨ*
ਪਿਛਲਾ ਭਾਗ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ https://anoopgarh43.blogspot.com/2018/08/3.html?m=1



ਉੱਠਣਸਾਰ ਪਹਿਲਾਂ ਮੈਂ ਬਾਹਰ ਨਿਕਲ ਕੇ ਸ਼ਹਿਰ ਦਾ ਨਜ਼ਾਰਾ ਦੇਖਦਾ ਹਾਂ। ਸਵੇਰੇ ਸਵੇਰੇ ਪੂਰਾ ਸ਼ਹਿਰ ਇੱਕ ਪੇਂਟਿੰਗ ਵਰਗਾ ਖੂਬਸੂਰਤ ਨਜ਼ਰ ਆ ਰਿਹਾ ਹੈ।ਠੰਡੀ ਠੰਡੀ ਹਵਾ ਰੁਮਕ ਰਹੀ ਆ।ਮੌਸਮ ਦਾ ਆਨੰਦ ਮਾਨਣ ਅਤੇ ਕੁਝ ਫੋਟੋਆਂ ਖਿੱਚਣ ਮਗਰੋਂ ਮੈਂ ਵਾਪਸ ਆਵਦੇ ਕਮਰੇ ਵਿੱਚ ਆਕੇ ਤੁਰਨ ਦੀ ਤਿਆਰੀ ਕਰਨ ਲੱਗਦਾ ਹਾਂ।ਆਪਣਾ ਸਮਾਨ ਕੱਠਾ ਕਰਕੇ ਹੇਠਾਂ ਲਿਜਾਂਦਾ ਹਾਂ ਤੇ ਕਮਰੇ ਦੀ ਚਾਬੀ ਭਾਈ ਜੀ ਨੂੰ ਫ਼ੜਾ ਕੇ ਫਤਹਿ ਬੁਲਾਉਂਦਾ ਹਾਂ।ਬੱਕੀ ਤੇ ਸਮਾਨ ਲੱਦਦੇ ਕਰਦੇ ਸੱਤ ਵੱਜ ਜਾਂਦੇ ਨੇ। ਗੁਰਦੁਆਰੇ ਕੋਲੋਂ ਹੇਠਾਂ ਉੱਤਰ ਕੇ ਮੈਂ ਸ੍ਰੀ ਨਗਰ ਵਾਲੀ ਸੜਕ ਪੈ ਜਾਂਦਾ ਹਾਂ।
ਲਾਲ ਇਮਾਰਤ ਦੇ ਉੱਤੋਂ ਦੀ ਸਭ ਤੋਂ ਉੱਚੀ ਥਾਂ ਵੱਡੀ ਸਾਰੀ ਇਮਾਰਤ ਗੁਰਦੁਆਰਾ ਹੈ



ਰਸਤਾ ਮੈਂ ਰਾਤ ਰੋਟੀ ਖਾਣ ਵੇਲੇ ਈ ਪਤਾ ਕਰ ਲਿਆ ਸੀ।ਅਜੇ ਮਸਾਂ ਇੱਕ ਕਿਲੋਮੀਟਰ ਦੂਰ ਈ ਗਿਆ ਹੋਵਾਂਗਾ ਕਿ ਇੱਕਦਮ ਬੱਕੀ ਚੰਗੀ ਭਲੀ ਜਾਂਦੀ ਜਾਂਦੀ ਸੜਕ ਦੇ ਵਿਚਕਾਰ ਈ ਪੈਰ ਗੱਡ ਕੇ ਖੜ੍ਹ ਜਾਂਦੀ ਆ। ਕੁਦਰਤੀ ਸਪੀਡ ਵੀਹ ਪੱਚੀ ਦੀ ਸੀ ਨਹੀਂ ਤਾਂ ਪਤਾ ਨੀ ਕੀ ਹੋਣਾ ਸੀ।ਮਗਰਲਾ ਟਾਇਰ ਬਿਲਕੁਲ ਜਾਮ ਈ ਹੋ ਗਿਆ ਏ।ਬੱਕੀ ਇੱਕ ਇੰਚ ਵੀ ਨੀ ਹਿੱਲ ਰਹੀ ਨਾ ਮਗਰ ਨਾ ਮੂਹਰੇ। ਸੜਕ ਦੇ ਵਚਾਲੇ ਈ ਸਟੈਂਡ ਤੇ ਲਾਕੇ ਮੈਂ ਮੱਥਾ ਮਾਰਕੇ ਦੇਖਦਾ ਹਾਂ ਪਰ ਕੋਈ ਫਾਇਦਾ ਨਹੀਂ ਹੁੰਦਾ।ਚੱਕਾ ਜਾਮ ਹੋਣ ਕਾਰਨ ਕਿੱਧਰੇ ਰੋਹੜ ਕੇ ਵੀ ਨੀ ਲਿਜਾ ਸਕਦਾ।ਬੱਕੀ ਨੇ ਹੁਣ ਤੱਕ ਕਦੇ ਵੀ ਧੋਖਾ ਨੀ ਦਿੱਤਾ ਸੀ, ਅੱਜ ਪਹਿਲੀ ਵਾਰ ਖ਼ਰਾਬ ਹੋਈ ਆ। ਐਨਾ ਸਵੇਰੇ ਤਾਂ ਕਿਸੇ ਮਕੈਨਿਕ ਦੀ ਦੁਕਾਨ ਵੀ ਨੀ ਖੁੱਲ੍ਹੀ ਮਿਲਣੀ।ਸੋਚ ਸੋਚ ਕੇ ਬੱਕੀ ਸੜਕ 'ਤੇ ਈ ਖੜ੍ਹੀ ਕਰਕੇ ਮੈਂ ਬੈਠ ਜਾਂਦਾ ਹਾਂ ਤੇ ਕਿਸੇ ਦੇ ਆਉਣ ਦੀ ਡੀਕ ਕਰਨ ਲੱਗਦਾ ਹਾਂ। ਕੁਝ ਮਿੰਟ ਬਾਅਦ ਈ ਮੈਨੂੰ ਬੈਠਾ ਦੇਖਕੇ ਇੱਕ ਮੁੰਡਾ ਥੋੜ੍ਹਾ ਅੱਗੇ ਦੀਆਂ ਦੁਕਾਨਾਂ ਕੋਲੋਂ ਮੇਰੇ ਵੱਲ ਆਉਂਦਾ ਹੈ।ਉਹ ਮੈਨੂੰ ਏਸ ਤਰਾਂ ਬੈਠਣ ਦਾ ਕਾਰਨ ਪੁੱਛਦਾ ਏ। ਮੈਂ ਉਸਨੂੰ ਸਾਰੀ ਗੱਲ ਸਮਝਾਉਂਦਾ ਹਾਂ ਕਿ ਬੱਕੀ ਨੂੰ ਚੰਗੀ ਭਲੀ ਤੁਰੀ ਆਉਂਦੀ ਨੂੰ ਇੱਕਦਮ ਪਤਾ ਨੀ ਕੀ ਹੋ ਗਿਆ ਹਿੱਲ ਵੀ ਨੀ ਰਹੀ।ਉਹ ਆਹਦਾ ਕੋਈ ਨਾ ਦੇਖ ਲੈਨੇ ਆਂ।ਅਸਲ ਵਿੱਚ ਉਸਦਾ ਨਾਮ ਮੁਨੀਰ ਹੈ।ਉਹ ਸਕੂਟਰ ਮੋਟਰਸਾਈਕਲ ਮਕੈਨਿਕ ਹੈ
ਮੁਨੀਰ ਨਾਲ਼ ਦਾਸ

ਸਾਹਮਣੇ ਈ ਉਸਦੀ ਦੁਕਾਨ ਆਂ।ਮਤਲ ਗੰਗਾ ਆਪ ਚੱਲ ਕੇ ਘਰ ਆ ਗੲੀ ਮੈਨੂੰ ਲੱਭਣ ਦੀ ਲੋੜ ਵੀ ਨਹੀਂ ਪਈ।ਪਿਛਲਾ ਟਾਇਰ ਜਾਮ ਹੋਣ ਕਾਰਨ ਮੁਨੀਰ ਪਿੱਛੋਂ ਬੱਕੀ ਨੂੰ ਉੱਪਰ ਚੁੱਕਦਾ ਹੈ ਤੇ ਮੈਂ ਮੂਹਰਲੇ ਟਾਇਰ ਦੇ ਆਸਰੇ ਅੱਗੇ ਅੱਗੇ ਰੋਹੜਦਾ ਹਾਂ।ਇਸ ਤਰਾਂ ਅਸੀਂ ਦੁਕਾਨ ਤੇ ਪਹੁੰਚ ਜਾਂਦੇ ਹਾਂ।ਦੁਕਾਨ ਅਜੇ ਖੋਹਲੀ ਨੀ ਹੈ, ਮੁਨੀਰ ਆਪਣੇ ਮੋਟਰਸਾਈਕਲ 'ਤੇ ਘਰੋਂ ਦੁਕਾਨ ਦੀ ਚਾਬੀ ਲੈਣ ਚਲਾ ਜਾਂਦਾ ਹੈ। ਮੈਂ ਏਧਰ ਓਧਰ ਗੇੜੇ ਕੱਢਣ ਲੱਗਦਾ ਹਾਂ। ਜਦੋਂ ਤੱਕ ਮੁਨੀਰ ਵਾਪਸ ਮੁੜਕੇ ਆਊਗਾ ਉਦੋਂ ਤੱਕ ਆਪਾਂ ਟਿਹਰੀ ਦੇ ਇਤਿਹਾਸ ਬਾਰੇ ਗੱਲ ਕਰਦੇ ਹਾਂ:--
ਅਸਲ ਵਿੱਚ ਟਿਹਰੀ ਪੁਰਾਤਨ ਸਮੇਂ ਇੱਕ ਛੋਟੀ ਜੀ ਬਸਤੀ ਹੀ ਸੀ।ਸ਼ਕੰਦ ਪੁਰਾਣ ਵਿੱਚ ਗਣੇਸ਼ ਪ੍ਰਯਾਗ ਵਜੋਂ ਟਿਹਰੀ ਦਾ ਜ਼ਿਕਰ ਆਉਂਦਾ ਹੈ। ਮੈਂ ਪੁਰਾਣੀ ਟਿਹਰੀ ਦੀ ਗੱਲ ਕਰਦਾਂ ਨਵੀਂ ਟਿਹਰੀ ਤਾਂ ਹਾਲੇ ਦੋ ਦਹਾਕੇ ਵੀ ਪੁਰਾਣਾ ਨੀ ਹੋਇਆ। ਇੱਥੇ ਆਕੇ ਤਿੰਨ ਨਦੀਆਂ ਭਾਗੀਰਥੀ, ਭੀਲਾਂਗਣਾ ਤੇ ਘ੍ਰਿਤ ਗੰਗਾ ਦਾ ਸੰਗਮ ਹੁੰਦਾ ਸੀ।ਘ੍ਰਿਤ ਗੰਗਾ ਤਾਂ ਮੌਸਮ ਦੀ ਬੇਰੁੱਖੀ ਕਾਰਨ ਸੁੱਕ ਕੇ ਖ਼ਤਮ ਹੋ ਗਈ ਹੈ। ਤਿੰਨ ਨਦੀਆਂ ਦੇ ਸੰਗਮ ਵਾਲੀ ਥਾਂ 'ਤੇ ਵਸਿਆ ਹੋਣ ਕਰਕੇ ਇਸਦਾ ਨਾਮ ਤ੍ਰਿਹਰੀ ਪੈ ਗਿਆ। ਬਾਅਦ ਵਿੱਚ ਤ੍ਰਿਹਰੀ ਤੋਂ ਵਿਗੜ ਕੇ ਇਸਦਾ ਨਾਮ ਤਿਹਰੀ, ਟੀਰੀ ਤੇ ਫੇਰ ਟਿਹਰੀ ਪੈ ਗਿਆ।
ਇਸ ਨੂੰ ਟਿਹਰੀ ਗੜ੍ਹਵਾਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਗੜ੍ਹਵਾਲ ਸ਼ਬਦ 'ਗੜ੍ਹ' ਤੋਂ ਬਣਿਆਂ ਗਾ ਜਿਸਦਾ ਅਰਥ ਹੈ ਕਿਲਾ।ਅਸਲ ਵਿੱਚ 888 ਈ: ਤੋਂ ਪਹਿਲਾਂ ਗੜ੍ਹਵਾਲ ਦਾ ਇਲਾਕਾ ਛੋਟੇ ਛੋਟੇ 52 ਗੜ੍ਹਾਂ ਵਿੱਚ ਵੰਡਿਆ ਹੋਇਆ ਸੀ, ਜਿਹਨਾਂ ਉੱਤੇ ਵੱਖ ਵੱਖ ਰਾਜੇ ਰਾਜ ਕਰਦੇ ਸਨ।ਚਾਂਦਪੁਰ ਗੜ੍ਹੀ ਉਸ ਸਮੇਂ ਗੜ੍ਹਵਾਲ ਦੇ 52 ਗੜ੍ਹਾਂ ਵਿੱਚੋਂ ਸਭ ਤੋਂ ਵੱਧ ਸ਼ਕਤੀਸ਼ਾਲੀ ਸੀ। ਚਾਂਦਪੁਰ ਗੜ੍ਹੀ ਦਾ ਰਾਜਾ ਉਸ ਸਮੇਂ ਭਾਨੂ ਪ੍ਰਤਾਪ ਸੀ।ਮਾਲਵੇ ਦਾ ਰਾਜਕੁਮਾਰ ਕਣਕਪਾਲ ਸੰਨ 888 ਵਿੱਚ ਉਹ ਬਦਰੀਨਾਥ ਦੇ ਦਰਸ਼ਨਾਂ ਲਈ ਆਇਆ।ਰਾਜਾ ਭਾਨੂ ਪ੍ਰਤਾਪ ਉਸਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਕੇ ਆਪਣੀ ਇਕਲੌਤੀ ਬੇਟੀ ਦਾ ਵਿਆਹ ਉਸ ਨਾਲ਼ ਕਰ ਦਿੱਤਾ। ਨਾਲ਼ ਹੀ ਉਸਨੇ ਆਪਣੀ ਰਿਆਸਤ ਵੀ ਕਣਕਪਾਲ ਨੂੰ ਸੌਂਪ ਦਿੱਤੀ। ਇਸ ਤਰਾਂ ਕਣਕਪਾਲ ਨੇ ਪੰਵਾਰ ਵੰਸ਼ ਦੀ ਨੀਂਹ ਰੱਖੀ। ਅੱਗੇ ਚੱਲ ਕੇ ਕਣਕਪਾਲ ਅਤੇ ਉਸਦੇ ਵਾਰਿਸ ਗੜ੍ਹਵਾਲ ਦੇ ਵੱਖ-ਵੱਖ ਗੜ੍ਹਾਂ ਨੂੰ ਇੱਕ ਇੱਕ ਕਰਕੇ ਫਤਿਹ ਕਰਦੇ ਗਏ। ਅਜੈਪਾਲ ਇਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਸੀ। 1515 ਈ: ਵਿੱਚ ਉਸ ਨੇ ਸਾਰੇ ਗੜ੍ਹਾਂ ਨੂੰ ਜਿੱਤ ਕੇ ਗੜ੍ਹਵਾਲ ਰਿਆਸਤ ਦਾ ਮੁੱਢ ਬੰਨ੍ਹਿਆਂ।ਇਸ ਤਰਾਂ ਗੜ੍ਹਵਾਲ ਰਿਆਸਤ ਦਾ ਅਸਲ ਮੋਢੀ ਅਜੈਪਾਲ ਸੀ।
ਉੱਧਰ ਅਜੈਪਾਲ ਤੋਂ ਬਾਅਦ ਗੋਰਖਿਆਂ ਨੇ ਵੀ ਗੜ੍ਹਵਾਲ ਨੂੰ ਫਤਹਿ ਕਰਨ ਵਾਸਤੇ ਹਮਲੇ ਕਰਨੇ ਸ਼ੁਰੂ ਕਰਤੇ।ਆਖ਼ਿਰ 1803 ਵਿੱਚ ਅਮਰ ਸਿੰਘ ਥਾਪਾ ਦੀ ਅਗਵਾਈ ਹੇਠ ਗੋਰਖੇ ਕਾਮਯਾਬ ਹੋਗੇ ਅਤੇ ਗੜ੍ਹਵਾਲ ਦੀ ਰਾਜਧਾਨੀ ਸ਼੍ਰੀਨਗਰ ਉਹਨਾਂ ਦੇ ਕਬਜ਼ੇ ਵਿੱਚ ਆਗੀ। ਗੜ੍ਹਵਾਲ ਦਾ ਰਾਜਾ ਪ੍ਰਦੁਮਣ ਸ਼ਾਹ ਦੇਹਰਾਦੂਨ ਦੀ ਲੜਾਈ ਵਿੱਚ ਗੋਰਖਿਆਂ ਦੇ ਹੱਥੋਂ ਮਾਰਿਆ ਗਿਆ। ਪ੍ਰਦੁਮਣ ਸ਼ਾਹ ਦੀ ਮੌਤ ਮਗਰੋਂ ਉਹਦਾ ਮੁੰਡਾ ਸੁਦਰਸ਼ਨ ਸ਼ਾਹ ਸ੍ਰੀ ਨਗਰ ਛੱਡ ਕੇ ਦੌੜ ਗਿਆ। ਉੱਧਰ ਮਹਾਰਾਜਾ ਰਣਜੀਤ ਸਿੰਘ ਨੇ ਕਾਂਗੜੇ ਤੋਂ ਗੋਰਖਿਆਂ ਨੂੰ ਖਦੇੜਤਾ ਤੇ ਏਧਰ ਸੁਦਰਸ਼ਨ ਸ਼ਾਹ ਮੱਦਤ ਵਾਸਤੇ ਅੰਗਰੇਜ਼ਾਂ ਕੋਲ ਵਾਗਿਆ।ਅੰਗਰੇਜ਼ਾਂ ਨੇ ਸੁਦਰਸ਼ਨ ਸ਼ਾਹ ਦੀ ਮੱਦਤ ਕੀਤੀ ਤੇ ਗੋਰਖਿਆਂ ਨੂੰ ਭਜਾਤਾ। ਪਰ ਅੰਗਰੇਜ਼ ਐਡੇ ਭਲੇਮਾਣਸ ਕਿੱਥੇ ਸੀ ਵੀ ਊਈਂ ਕਿਸੇ ਦੀ ਮੱਦਤ ਕਰ ਦੇਣ।ਉਹ ਤਾਂ ਲੁੱਚਿਆਂ ਦੇ ਸਭ ਤੋਂ ਵੱਡੇ ਪੀਰ ਸੀ।ਮੱਦਤ ਦੇ ਬਦਲੇ ਵਿੱਚ ਉਹਨਾਂ ਨੇ ਗੜ੍ਹਵਾਲ ਦੀ ਰਾਜਧਾਨੀ ਸ਼੍ਰੀਨਗਰ ਸਮੇਤ ਅਲਕਨੰਦਾ ਤੋਂ ਪਾਰ ਦਾ ਸਮੁੱਚਾ ਇਲਾਕਾ ਅਤੇ ਦੂਨ ਦਾ ਇਲਾਕਾ ਹਥਿਆ ਲਿਆ। ਹੁਣ ਰਾਜਧਾਨੀ ਖੁੱਸਣ ਮਗਰੋਂ ਸੁਦਰਸ਼ਨ ਸ਼ਾਹ ਨਵੀਂ ਰਾਜਧਾਨੀ ਦੀ ਭਾਲ਼ ਵਿੱਚ ਨਿਕਲ ਤੁਰਿਆ। ਚਲਦਾ ਚਲਦਾ ਉਹ ਟਿਹਰੀ ਆ ਪੁੱਜਾ।ਓਸ ਵੇਲੇ ਟਿਹਰੀ ਧੁਨਾਰਾਂ ਦੀ (ਅੰਸ਼ੁਲ ਜੀ ਨੇ ਦੱਸਿਆ ਧੁਨਾਰ ਇੱਥੋਂ ਦੇ ਮੂਲ ਵਾਸੀ ਨੇ ਜੋ ਰੂੰਅ ਦਾ ਕੰਮ ਮਤਲ ਰਜਾਈਆਂ, ਗਦੈਲੇ ਭਰਨ ਦਾ ਕੰਮ ਕਰਦੇ ਸਨ ਇਸ ਤਰਾਂ ਆਪਾਂ ਤੇਲੀ ਕਹਿ ਸਕਦੇ ਆਂ) ਇੱਕ ਛੋਟੀ ਜੀ ਬਸਤੀ ਸੀ।ਪਰ ਉਹਨਾਂ ਦਾ ਮੁੱਖ ਕਾਰੋਬਾਰ ਲੋਕਾਂ ਨੂੰ ਨਦੀ ਪਾਰ ਕਰਾਉਣਾ ਸੀ।ਉਹ ਭੀਲਾਂਗਣਾ ਨਦੀ ਉੱਪਰ ਲੱਕੜੀ ਦੇ ਆਰਜ਼ੀ ਪੁਲ ਬਣਾ ਕੇ ਰਾਹਗੀਰਾਂ ਨੂੰ ਪਾਰ ਲੰਘਾਉਂਦੇ ਸਨ ਅਤੇ ਬਦਲੇ ਵਿੱਚ ਉਨ੍ਹਾਂ ਤੋਂ ਕੁਝ ਟੈਕਸ ਕੱਠਾ ਕਰਦੇ ਸਨ। ਸੁਦਰਸ਼ਨ ਸ਼ਾਹ ਨੇ ਟਿਹਰੀ ਨੂੰ ਆਪਣੀ ਰਾਜਧਾਨੀ ਬਣਾਉਣ ਦਾ ਫ਼ੈਸਲਾ ਕੀਤਾ।ਇਸ ਤਰ੍ਹਾਂ ਟਿਹਰੀ 1815 ਈ: ਵਿੱਚ ਸੁਦਰਸ਼ਨ ਸ਼ਾਹ ਦੁਆਰਾ ਵਸਾਇਆ ਗਿਆ। ਰਾਜਧਾਨੀ ਹੋਣ ਕਾਰਨ ਇਸਨੂੰ ਟਿਹਰੀ ਗੜ੍ਹਵਾਲ ਦੇ ਨਾਂ ਨਾਲ ਜਾਣਿਆਂ ਜਾਣ ਲੱਗਾ।

ਇੱਥੋਂ ਹੀ ਟਿਹਰੀ ਦਾ ਇੱਕ ਛੋਟੀ ਜਿਹੀ ਬਸਤੀ ਤੋਂ ਨਗਰ ਦੇ ਰੂਪ ਵਿੱਚ ਵਿਕਾਸ ਹੋਣਾ ਸ਼ੁਰੂ ਹੋਇਆ।ਰਾਜ ਮਹਿਲ ਬਣਨ ਲੱਗਿਆ, ਖਜ਼ਾਨਾ ਖਾਲੀ ਹੋਣ ਕਾਰਨ ਜਿਸਨੂੰ ਪੂਰਾ ਹੋਣ ਤੇ ਲਗਭਗ ਤੀਹ ਵਰ੍ਹੇ ਲੱਗ ਗੲੇ। ਘੰਟਾ ਘਰ ਬਣਿਆਂ, ਸਕੂਲ ਬਣੇ, ਮੁੱਖ ਕੋਰਟ ਭਵਨ ਅਤੇ ਹੋਰ ਅਨੇਕਾਂ ਸਰਕਾਰੀ ਇਮਾਰਤਾਂ ਦਾ ਨਿਰਮਾਣ ਹੋਇਆ। ਹੌਲੀ ਹੌਲੀ ਪੁਲ ਬਣੇ ਤੇ ਦੂਰ ਦੂਰ ਦੇ ਪਿੰਡਾਂ ਨਾਲ ਸੰਪਰਕ ਜੁੜਦਾ ਗਿਆ। ਫੇਰ ਸੜਕ ਬਣੀਂ, ਪਹਿਲਾਂ ਰਿਸ਼ੀਕੇਸ਼ ਤੋਂ ਨਰੇਂਦਰ ਨਗਰ ਤੱਕ ਫੇਰ ਅੱਗੇ ਟਿਹਰੀ ਤੱਕ।ਇਸ ਸਭ ਦੌਰਾਨ ਰਾਜਧਾਨੀ ਵੀ ਬਦਲਦੀ ਰਹੀ। ਕਦੇ ਪ੍ਰਤਾਪ ਨਗਰ, ਕਦੇ ਨਰੇਂਦਰ ਨਗਰ ਤੇ ਫੇਰ ਕੀਰਤੀ ਨਗਰ ਗੜ੍ਹਵਾਲ ਰਿਆਸਤ ਦੀ ਰਾਜਧਾਨੀ ਬਣੀਂ।ਪਰ ਫੇਰ ਵੀ ਟਿਹਰੀ ਦੀ ਫੁੱਲ ਚੜ੍ਹਾਈ ਰਹੀ। ਆਖਿਰ ਰਾਜਾਸ਼ਾਹੀ ਦੇ ਅੰਤ ਮਗਰੋਂ 1949 ਈ: ਵਿੱਚ ਟਿਹਰੀ ਰਿਆਸਤ ਨੂੰ ਉੱਤਰ ਪ੍ਰਦੇਸ਼ ਵਿੱਚ ਮਿਲਾਤਾ ਅਤੇ ਟਿਹਰੀ ਗੜ੍ਹਵਾਲ ਨਾਂ ਦਾ ਨਵਾਂ ਜ਼ਿਲ੍ਹਾ ਬਣਾਤਾ। ਜ਼ਿਲਾ ਹੈੱਡ ਕੁਆਰਟਰ ਚਾਹੇ ਨਰੇਂਦਰ ਨਗਰ ਵਿਖੇ ਰਿਹਾ, ਪਰ ਜ਼ਿਲ੍ਹਾ ਪੱਧਰ ਦੇ ਜ਼ਿਆਦਾਤਰ ਦਫ਼ਤਰ ਟਿਹਰੀ ਹੀ ਰਹੇ। 1960 ਵਿੱਚ ਇਸਦੀ ਇੱਕ ਤਹਿਸੀਲ ਨੂੰ ਅੱਡ ਕਰਕੇ ਨਵਾਂ ਜ਼ਿਲ੍ਹਾ ਉੱਤਰਕਾਸ਼ੀ ਬਣਾਤਾ।
ਪੁਰਾਣੀ ਟਿਹਰੀ ਗੂਗਲ ਤੋਂ ਲੲੀ ਫੋਟੋ

ਪੁਰਾਣੀ ਟਿਹਰੀ ਦਾ ਇੱਕ ਦ੍ਰਿਸ਼ (ਗੂਗਲ ਤੋਂ ਧੰਨਵਾਦ ਸਹਿਤ)

ਇਸੇ ਦੌਰਾਨ ਸੱਠਵਿਆਂ ਵਿੱਚ ਈ ਟਿਹਰੀ ਡੈਮ ਬਣਾਉਣ ਦੀਆਂ ਗੱਲਾਂ ਹੋਣ ਲੱਗੀਆਂ।1963 ਵਿੱਚ ਟਿਹਰੀ ਡੈਮ ਦੀ ਘੋਸ਼ਣਾ ਹੋਈ। ਆਲੇ ਦੁਆਲੇ ਦੇ ਚਾਲੀ ਪਿੰਡਾਂ ਵਿੱਚ ਜੋ ਕੁਝ ਪੜ੍ਹੇ ਲਿਖੇ ਤੇ ਸੂਝਵਾਨ ਲੋਕ ਸੀ, ਉਹਨਾਂ ਨੂੰ ਆਪਣਾ ਉਜਾੜਾ ਦਿਖਣ ਲੱਗਿਆ। ਉਹ ਪਿੰਡ ਪਿੰਡ ਲੋਕਾਂ ਨੂੰ ਜਾਗਰੂਕ ਕਰਦੇ ਕਿ ਜੇਕਰ ਡੈਮ ਬਣ ਗਿਆ ਤਾਂ ਆਪਣੇ ਘਰ ਬਾਰ, ਖੇਤ ਬੰਨੇ, ਸਕੂਲ, ਬਜ਼ਾਰ ਅਤੇ ਕਾਰੋਬਾਰ ਸਭ ਇੱਕ ਝਟਕੇ ਵਿੱਚ ਖੇਰੂੰ ਖੇਰੂੰ ਹੋ ਜਾਊਗਾ। ਉਹਨਾਂ ਦੀਆਂ ਕੋਸ਼ਿਸ਼ਾਂ ਨਾਲ ਈ 1978 ਵਿੱਚ ਡੈਮ ਵਿਰੋਧੀ ਸੰਘਰਸ਼ ਕਮੇਟੀ ਦਾ ਗਠਨ ਹੋਇਆ। ਜਿਸਨੇ ਸਰਕਾਰ ਵਿਰੁੱਧ ਡੈਮ ਨੂੰ ਰੋਕਣ ਲਈ ਜੱਦੋ-ਜਹਿਦ ਕੀਤੀ। ਚਾਹੇ ਮੁੱਠੀ ਭਰ ਲੋਕ ਕਾਰਪੋਰੇਟ ਜਗਤ ਦੀ ਵੱਡੀ ਤਾਕਤ ਮੂਹਰੇ ਟਿਕ ਤਾਂ ਨਾ ਸਕੇ,ਪਰ ਫੇਰ ਵੀ ਉਜਾੜੇ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਵਾਸਤੇ ਮੁਆਵਜ਼ੇ ਦੀ ਰਾਸ਼ੀ ਵਿੱਚ ਵਾਧਾ ਕਰਾਉਣ ਅਤੇ ਮੁੜ ਵਸੇਬਾ ਕਰਾਉਣ ਵਿੱਚ ਜ਼ਰੂਰ ਕਾਮਯਾਬ ਹੋ ਗਏ।ਇਸ ਤਰਾਂ ਏਸੀਆ ਦਾ ਦੂਜਾ ਸਭ ਤੋਂ ਵੱਡਾ ਡੈਮ ਬਣਨ ਲੱਗਿਆ। ਪ੍ਰਭਾਵਿਤ ਲੋਕਾਂ ਨੂੰ ਵਸਾਉਣ ਲਈ ਦੇਹਰਾਦੂਨ, ਰਿਸ਼ੀਕੇਸ਼, ਹਰਿਦੁਆਰ, ਪਥਰੀ, ਭਾਨੀਆਵਾਲਾ ਆਦਿ ਥਾਵਾਂ ਤੇ ਬਸਤੀਆਂ ਬਣਨ ਲੱਗੀਆਂ।ਨਾਲ ਹੀ ਸ਼ੁਰੂ ਹੋ ਗਿਆ ਇੱਕ ਖੂਬਸੂਰਤ ਸ਼ਹਿਰ ਨਵੀਂ ਟਿਹਰੀ ਦਾ ਨਿਰਮਾਣ। ਪੁਰਾਣੀ ਟਿਹਰੀ ਦੀ ਤਰਜ਼ ਤੇ ਇੱਥੇ ਵੀ ਰਾਜ ਮਹਿਲ ਤੇ ਘੰਟਾ ਘਰ ਬਣਾਇਆ ਗਿਆ। ਓਵੇਂ ਈ ਮੁਹੱਲਿਆਂ ਦੇ ਨਾਂ ਵੀ ਰੱਖੇ ਗਏ। 2005 ਵਿੱਚ ਰੋਂਦੇ ਕੁਰਲਾਉਂਦੇ ਲੋਕਾਂ ਨੂੰ ਆਪਣਾ ਸਭ ਕੁਝ ਛੱਡ ਕੇ ਨਵੇਂ ਠਿਕਾਣੇ ਵੱਲ ਤੋਰਨਾ ਸ਼ੁਰੂ ਹੋ ਗਿਆ। ਆਂਢੀ ਗੁਆਂਢੀ, ਦੋਸਤ ਮਿੱਤਰ, ਰਿਸ਼ਤੇਦਾਰ, ਬਚਪਨ ਦੇ ਆੜੀ ਸਭ ਨਮ ਅੱਖਾਂ ਨਾਲ ਇੱਕ ਦੂਜੇ ਤੋਂ ਵਿਦਾਈ ਲੈ ਰਹੇ ਸਨ।ਆਖਿਰ ਡੈਮ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ।29 ਜੁਲਾਈ 2005 ਨੂੰ ਆਖ਼ਰ ਵਿੱਚ ਬਚੇ ਕੁਝ ਪਰਿਵਾਰਾਂ ਨੂੰ ਵੀ ਰੁਖ਼ਸਤ ਕਰਤਾ।
ਪਰਾਣੀ ਟਿਹਰੀ ਦੇ ਜਲ ਸਮਾਧੀ ਲੈਣ ਸਮੇਂ ਦੀਆਂ ਤਸਵੀਰਾਂ ਗੂਗਲ ਬਾਬੇ ਦਾ ਧੰਨਵਾਦ


ਆਖਿਰ ਗੜ੍ਹਵਾਲ ਦੇ ਗੜ੍ਹ ਅਤੇ ਲੋਕਾਂ ਦੇ ਪਿਆਰੇ ਸ਼ਹਿਰ ਟਿਹਰੀ ਨੇ ਜਲ ਸਮਾਧੀ ਲੈ ਲਈ।ਇਸ ਤਰਾਂ ਆਲੇ ਦੁਆਲੇ ਦੇ ਚਾਲੀ ਪਿੰਡਾਂ ਦੇ ਲੋਕਾਂ ਦੇ ਸੁਪਨੇ ਤੇ ਸੱਧਰਾਂ ਸਭ ਇਸਦੀ ਭੇਂਟ ਚੜ੍ਹਗੇ।
ਡੋਭ, ਨੌਤਾੜ, ਰਾਮਪੁਰ, ਪੁਨਸਾੜਾ ਆਦਿ ਪਿੰਡਾਂ ਦੇ ਲੋਕ ਪਥਰੀ ਤੇ ਹਰਿਦੁਆਰ ਵਸਾਏ ਗੲੇ। ਟਿਹਰੀ ਸ਼ਹਿਰ ਨੂੰ ਉਜਾੜ ਕੇ ਨਵੀਂ ਟਿਹਰੀ ਤੇ ਦੇਹਰਾਦੂਨ ਵਸਾਇਆ। ਅਠੂਰ, ਸੁਨਾਰ ਗਾਓਂ, ਪਜਾਊਂ, ਕੋਟੀ ਆਦਿ ਪਿੰਡਾਂ ਨੂੰ ਭਾਨੀਆਵਾਲਾ ਅਤੇ ਸਿਰਾਈਂ, ਉੱਪੂ, ਮਾਲੀਦੇਵਲ, ਪਡੀਆਰ ਆਦਿ ਪਿੰਡਾਂ ਨੂੰ ਪਸ਼ੂਲੋਕ ਰਿਸ਼ੀਕੇਸ਼ ਭੇਜਤਾ। ਦੇਹਰਾਦੂਨ ਵਿੱਚ ਕਾਂਬਲੀ ਰੋਡ, ਦੇਹਰਾਖਾਸ਼, ਬੰਜਾਰਾ ਵਾਲਾ ਤੇ ਅਜ਼ਬਪੁਰ ਆਦਿ ਕੲੀ ਵਿਸਥਾਪਤ ਇਲਾਕੇ ਨੇ।ਇਸਤੋਂ ਬਿਨਾਂ ਬੌਰਾੜੀ, ਢੂੰਗੀਧਾਰ, ਮੋਲਧਾਰ ਅਤੇ ਹੋਰ ਵੀ ਕਈ ਪਿੰਡਾਂ ਨੂੰ ਅੱਡ ਅੱਡ ਥਾਵਾਂ ਤੇ ਵਸਾਇਆ ਗਿਆ।ਇਸ ਡੈਮ ਨੇ ਉਹ ਸਭ ਕੁਝ ਖਤਮ ਕਰਤਾ ਜੋ ਵੀ ਆਸ ਪਾਸ ਸੀ, ਸ਼ਹਿਰ, ਪਿੰਡ, ਘਰ, ਬਜ਼ਾਰ, ਸਕੂਲ, ਰੁੱਖ਼, ਖੇਤ ਬੰਨੇ, ਘਾਟ, ਮੇਲੇ, ਮੰਦਿਰ, ਮਸਜਿਦ, ਨਦੀਆਂ ਆਦਿ ਸਭ ਕੁਝ। ਇੱਕ ਪੂਰੀ ਸੱਭਿਅਤਾ ਨੂੰ ਨਿਗਲ਼ ਗਿਆ ਏਹ ਡੈਮ।
ਮੇਰੇ ਦੋਸਤ ਅੰਸ਼ੁਲ ਕੁਮਾਰ ਇਸ ਡੈਮ ਬਾਰੇ ਆਖਦੇ ਨੇ,"ਇੱਕ ਸ਼ਬਦ ਨੇ ਜਿਸਨੇ ਮੇਰੀ ਜਿੰਦਗੀ ਉੱਤੇ ਡੂੰਘਾ ਅਸਰ ਪਾਇਆ, ਪੂਰੀ ਜ਼ਿੰਦਗੀ ਨੂੰ ਹੀ ਬਦਲ ਕੇ ਰੱਖ ਦਿੱਤਾ, ਜੋ ਹਮੇਸ਼ਾ ਮੈਨੂੰ ਪ੍ਰੇਸ਼ਾਨ ਕਰਦਾ ਰਿਹਾ, ਅੱਜ ਵੀ ਪਿੱਛੇ ਪਿਆ ਹੋਇਆ ਹੈ,ਉਹ ਸ਼ਬਦ ਹੈ ਡੈਮ ਜਾਂ ਬੰਨ੍ਹ। 1975 ਵਿੱਚ ਜਦੋਂ ਮੈਂ ਜੰਮਿਆ ਤਾਂ ਮੇਰੇ ਨਾਲ ਹੀ ਬਣਨਾ ਸ਼ੁਰੂ ਹੋਇਆ ਸੀ ਇੱਕ ਡੈਮ।ਜੀ ਹਾਂ ਏਸ਼ੀਆ ਦਾ ਦੂਜਾ ਸਭ ਤੋਂ ਵੱਡਾ ਡੈਮ ਟਿਹਰੀ ਡੈਮ।
ਜਿਵੇਂ ਜਿਵੇਂ ਵੱਡਾ ਹੋਇਆ,ਇਸ ਡੈਮ ਦੀਆਂ ਅਵਾਜ਼ਾਂ ਸੁਣਦੇ, ਗਤੀਵਿਧੀਆਂ ਨੂੰ ਦੇਖਦੇ ਵੱਡਾ ਹੋਇਆ। ਜਦੋਂ ਪੜ੍ਹਨਾ ਸਿੱਖਿਆ ਤਾਂ ਕਿਤੇ ਨਾ ਕਿਤੇ ਇਸ ਡੈਮ ਬਾਰੇ ਪੜ੍ਹਨ ਨੂੰ ਮਿਲਿਆ। ਕੰਧਾਂ ਤੇ, ਸੜਕਾਂ ਕਿਨਾਰੇ ਲਿਖਿਆ ਮਿਲਦਾ,"ਟਿਹਰੀ ਡੈਮ ਰਾਸ਼ਟਰ ਦੇ ਨਿਰਮਾਣ ਦਾ ਪ੍ਰਤੀਕ।" ਅੱਜ ਵੀ ਥਾਂ ਥਾਂ ਏਹੀ ਲਿਖਿਆ ਦੇਖਦਾ ਹਾਂ।
ਅੱਜ ਟਿਹਰੀ ਡੈਮ ਇੱਕ ਸੈਲਾਨੀਆਂ ਦੇ ਘੁੰਮਣ ਦੀ ਜਗ੍ਹਾ ਹੈ। ਤੁਸੀਂ ਏਥੇ ਆਓਂਗੋ, ਇਸਨੂੰ ਦੇਖੋਂਗੇ ਅਤੇ ਇਸਦੀ  ਖੂਬਸੂਰਤੀ, ਇਸਦੀ ਵਿਸ਼ਾਲਤਾ ਤੋਂ ਹੈਰਾਨ ਹੋਵੋਂਗੇ। ਇਸਦੀ ਨੀਲੇ ਪਾਣੀ ਦੀ ਵਿਸ਼ਾਲ ਝੀਲ ਨੂੰ ਦੇਖਕੇ ਮੰਤ੍ਰ ਮੁਗਧ ਹੋ ਜਾਓਂਗੇ।ਇਹ ਸੱਚਮੁੱਚ ਸੁੰਦਰ ਹੀ ਹੈ ਪਰ ਮੈਂ ਕੀ ਕਰਾਂ? ਮੈਨੂੰ ਇਸ ਵਿੱਚ ਸੁੰਦਰਤਾ ਨੀ ਲੱਭਦੀ। ਇਸਨੂੰ ਦੇਖਕੇ ਮੈਨੂੰ ਖੁਸ਼ੀ ਨੀ ਮਿਲਦੀ, ਸਗੋਂ ਇਹ ਮੈਨੂੰ ਸਿਰਫ ਦਰਦ, ਤਕਲੀਫ, ਗੁੱਸਾ ਤੇ ਬੇਵੱਸੀ ਦਿੰਦਾ ਹੈ। ਮੈਨੂੰ ਇਸਦੀ ਖੂਬਸੂਰਤ ਨੀਲੀ ਨੀਲੀ ਝੀਲ ਦੇ ਹੇਠਾਂ ਡੁੱਬਿਆ ਉਹ ਸਭ ਕੁਝ ਦਿਖਦਾ ਹੈ, ਜੋ ਤੁਹਾਨੂੰ ਨਹੀਂ ਦਿਖਦਾ।ਮੇਰਾ ਬਚਪਨ, ਮੇਰਾ ਸਕੂਲ, ਮੇਰੇ ਬਚਪਨ ਦੀਆਂ ਖੇਡਾਂ ਅਤੇ ਮੇਰਾ ਪਿਆਰਾ ਸ਼ਹਿਰ ਟਿਹਰੀ। ਆਪਣੇ ਦਰਦ ਨੂੰ ਮੈਂ ਕਦੇ ਕਵਿਤਾ ਵਿੱਚ ਪਰੋਇਆ ਸੀ----
""ਫਿਰ ਚੁਭਤੇ ਯਾਦੋਂ ਕੇ ਸ਼ੂਲ!
ਟਿਹਰੀ ਤੂੰ ਮੇਰਾ ਗੁਜ਼ਰਾ ਕਲ,
ਤੁਝਕੋ ਕੈਸੇ ਜਾਊਂ ਭੂਲ!

ਜਿਨ ਗਲੀਓਂ ਮੇਂ ਚਲਨਾ ਸੀਖਾ,
ਪੈਰੋਂ ਮੇਂ ਅਬ ਤਕ ਉਨਕੀ ਧੂਲ!

ਸੁਰਸਾ ਸੀ ਲੀਲ ਗੲੀ ਵੋਹ ਝੀਲ
ਮੇਰਾ ਬਚਪਨ, ਮੇਰਾ ਸਕੂਲ!

ਕੈਸੇ ਪੁਸ਼ਪਿਤ ਹੋਂ ਵੋਹ ਸ਼ਾਖਾਏਂ
ਤੁਮਨੇ ਕਾਟੇ ਜਿਨਕੇ ਮੂਲ!

ਯੇਹ ਕੈਸੀ ਕੀਮਤ ਵਿਕਾਸ ਕੀ
ਮਤ ਕਰ ਮਾਨਵ ਐਸੀ ਭੂਲ!!

ਇਸ ਤਰਾਂ ਅੰਸ਼ੁਲ ਕੁਮਾਰ ਡੋਭਾਲ ਵਰਗੇ ਹਜ਼ਾਰਾਂ ਲੋਕ ਨੇ, ਜਿਹਨਾਂ ਨੂੰ ਇਸ ਡੈਮ ਦੀ ਖੂਬਸੂਰਤੀ ਵਿੱਚੋਂ ਆਪਣੀਆਂ ਲੱਖਾਂ ਸੱਧਰਾਂ ਡੁੱਬੀਆਂ ਨਜ਼ਰ ਆਉਂਦੀਆਂ ਨੇ।ਇਸ 75 ਕਿਲੋਮੀਟਰ ਲੰਬੇ ਵਿਸ਼ਾਲ ਡੈਮ ਨੂੰ ਬਣਾਉਣ ਸਮੇਂ ਕੇਵਲ ਤੇ ਕੇਵਲ ਇਸਦੇ ਫਾਇਦਿਆਂ ਦਾ ਗੁਣਗਾਨ ਕੀਤਾ ਗਿਆ। ਇਸਦੇ ਨੁਕਸਾਨਾਂ ਬਾਰੇ ਚਰਚਾ ਕਰਨ ਵਾਲਿਆਂ ਦੀ ਆਵਾਜ਼ ਨੂੰ ਗਲ਼ੇ ਵਿੱਚ ਹੀ ਦਫ਼ਨ ਕਰ ਦਿੱਤਾ ਗਿਆ। ਪੂਰੀ ਦੁਨੀਆਂ ਵਿੱਚ ਸਭ ਤੋਂ ਸੰਘਣੀ ਆਬਾਦੀ ਗੰਗਾ ਦੇ ਕਿਨਾਰੇ ਵਸੀ ਹੋਈ ਆ। ਟਿਹਰੀ ਖੇਤਰ ਵਿੱਚ ਵੀ ਬਹੁਤ ਸਾਰੇ ਮੈਦਾਨ ਤੇ ਸੰਘਣੀ ਵਸੋਂ ਹੁੰਦੀ ਸੀ। ਟਿਹਰੀ ਡੈਮ ਨੇ ਸਾਰਾ ਕੁਝ ਤਹਿਸ ਨਹਿਸ਼ ਕਰਤਾ। ਪਿੰਡਾਂ ਦਾ ਸਮਾਜਿਕ ਤਾਣਾ ਬਾਣਾ ਖੇਰੂੰ ਖੇਰੂੰ ਕਰਤਾ, ਲੋਕਾਂ ਦਾ ਮੁੱਖ ਬਜ਼ਾਰ ਤੇ ਸੰਸਕ੍ਰਿਤੀ ਦਾ ਕੇਂਦਰ ਡੁਬੋਤਾ। ਰਿਸ਼ਤੇਦਾਰੀਆਂ ਖਤਮ, ਸਾਕ ਸਬੰਧੀਆਂ ਤੇ ਆਂਢੀ ਗੁਆਂਢੀਆਂ ਨੂੰ ਵਿਛੋੜਤਾ। ਬਾਹਮਣਾਂ ਤੋਂ ਉਹਨਾਂ ਦੇ ਜਜਮਾਨ ਅਤੇ ਜਜਮਾਨਾਂ ਤੋਂ ਬਾਹਮਣ ਖੋਹ ਲੲੇ। ਕਿਤੇ ਕਾਮੇ ਭਜਾ ਦਿੱਤੇ ਤੇ ਕਿਤੇ ਕਾਮਿਆਂ ਨੂੰ ਕੰਮ ਦੇਣ ਆਲੇ। ਮਰੀਜ਼ਾਂ ਤੋਂ ਹਸਪਤਾਲ ਖੋਹ ਲਿਆ, ਵੈਦਾਂ ਤੋਂ ਉਹਨਾਂ ਦੇ ਮਰੀਜ਼ ਅਲੱਗ ਕਰਤੇ। ਇੱਥੋਂ ਤੱਕ ਕਿ ਮੁਰਦਿਆਂ ਤੋਂ ਮੁਰਦਾਘਾਟ ਵੀ ਖੋਹ ਲੲੇ ਇਸ ਡੈਮ ਨੇ।ਡੈਮ ਬਣ ਗਿਆ, ਜਿਹਨਾਂ ਦੀਆਂ ਜ਼ਮੀਨਾਂ, ਘਰ, ਖੇਤ ਆਦਿ ਡੁੱਬਗੇ ਉਹਨਾਂ ਨੂੰ ਤਾਂ ਨਵੀਂ ਥਾਂ ਵਸਾਤਾ, ਪਰ ਜਿਹੜੇ ਉੱਥੇ ਈ ਰਹਿਗੇ ਉਹਨਾਂ ਬਾਰੇ ਮਾੜਾ ਮੋਟਾ ਵੀ ਨਹੀਂ ਸੋਚਿਆ। ਆਵਾਜਾਈ ਵਾਸਤੇ ਪੁਲ ਤੱਕ ਵੀ ਨਹੀਂ ਬਣਾਇਆ ਉਹਨਾਂ ਵਾਸਤੇ। ਹੁਣ ਝੀਲ ਦੇ ਪਾਣੀ ਨਾਲ ਉਹਨਾਂ ਦੇ ਖੇਤ ਤੇ ਘਰ ਖਿਸਕਣ ਲੱਗੇ ਨੇ‌। ਇੱਕ ਖੌਫ਼ ਦੇ ਛਾਏ ਹੇਠ ਜ਼ਿੰਦਗੀ ਜਿਉਣ ਲਈ ਮਜ਼ਬੂਰ ਨੇ ਉਹ, ਪਤਾ ਨਹੀਂ ਕਦੋਂ ਸਭ ਕੁਝ ਖਿਸਕ ਕੇ ਝੀਲ ਅੰਦਰ ਸਮਾ ਜਾਵੇ।ਜੋ ਬਜ਼ਾਰ ਪਹਿਲਾਂ ਚੰਦ ਕਦਮਾਂ ਦੀ ਦੂਰੀ ਤੇ ਹੁੰਦਾ ਸੀ, ਉਹ ਹੁਣ 100 ਕਿਲੋਮੀਟਰ ਦੂਰ ਹੋ ਗਿਆ।ਜੇਬ ਚ ਪੈਸੇ ਨਾ ਹੋਣ ਤਾਂ ਲੋਕ ਪੈਦਲ ਹੀ ਬਜ਼ਾਰ ਚਲੇ ਜਾਂਦੇ ਸੀ, ਪਰ ਹੁਣ ਸੈਂਕੜੇ ਫੁੱਟ ਡੂੰਘੀ ਝੀਲ ਉੱਪਰ ਤੁਰਨ ਦਾ ਚਮਤਕਾਰ ਕੌਣ ਕਰੇ?
ਐਡਾ ਵੱਡਾ ਡੈਮ ਬਣਾਉਣ ਸਮੇਂ ਏਹ ਵੀ ਨੀ ਦੇਖਿਆ ਗਿਆ ਕਿ ਜਿੱਥੇ ਡੈਮ ਬਣ ਰਿਹੈ, ਉਹ ਭੁਚਾਲ ਦੇ ਸਭ ਤੋਂ ਖਤਰਨਾਕ ਜੋਨ ਵਿੱਚ ਆ।ਡੈਮ ਦੀ ਕੰਧ ਠੀਕ ਹੇਠਾਂ ਰੈੱਡ ਜੋਨ ਦੀ ਭੁਚਾਲ ਪੱਟੀ ਹੈ। ਗੰਗਾ ਦੇ ਮੈਦਾਨਾਂ ਵਿੱਚ ਅੱਧਾ ਭਾਰਤ ਰਹਿੰਦਾ ਗਾ। ਰਿਸ਼ੀਕੇਸ਼, ਹਰਿਦੁਆਰ, ਮੇਰਠ, ਅਲੀਗੜ੍ਹ, ਕਾਨਪੁਰ, ਇਲਾਹਾਬਾਦ, ਬਨਾਰਸ, ਪਟਨਾ ਤੇ ਕਲਕੱਤਾ ਸਮੇਤ ਪਤਾ ਨੀ ਕਿੰਨੇ ਸ਼ਹਿਰ ਤੇ ਪਿੰਡ ਗੰਗਾ ਕਿਨਾਰੇ ਵਸੇ ਹੋਏ ਨੇ ਤੇ ਕਰੋੜਾਂ ਲੋਕ ਏਥੇ ਰਹਿੰਦੇ ਨੇ।ਭੁਚਾਲ ਦਾ ਇੱਕ ਵੱਡਾ ਝਟਕਾ ਲੱਗਿਆ ਬੂੰਮਮਮਮਮਮਮ ਤੇ ਸਾਰੀ ਖੇਡ ਖ਼ਤਮ, ਕਰੋੜਾਂ ਲੋਕ ਪਲ ਦੇ ਅੰਦਰ ਰੁੜ੍ਹ ਜਾਣਗੇ। ਚਾਹੇ ਦਾਅਵੇ ਤਾਂ ਇਸਦੇ ਭੁਚਾਲ ਰੋਧਕ ਹੋਣ ਦੇ ਕੀਤੇ ਜਾਂਦੇ ਨੇ, ਪਰ ਆਪਣੇ ਮੁਲਖ ਦਾ ਸਭ ਨੂੰ ਪਤਾ ਈ ਆ ਵੀ ਵੱਡੇ ਵੱਡੇ ਪ੍ਰੋਜੈਕਟ ਕਿੰਨੀ ਇਮਾਨਦਾਰੀ ਨਾਲ ਬਣਦੇ ਨੇ। ਭੋਪਾਲ ਗੈਸ ਕਾਂਡ ਦਾ ਦੁਖਾਂਤ ਤਾਂ ਸਭ ਨੂੰ ਯਾਦ ਈ ਆ। ਦਾਅਵੇ ਤਾਂ ਉਹਨੂੰ ਬਣਾਉਣ ਵੇਲੇ ਵੀ ਐਵੇਂ ਈ ਕੀਤੇ ਸੀ‌, ਪਰ ਹੋਇਆ ਕੀ? ਨਵੇਂ ਬਣੇ ਓਵਰ ਬ੍ਰਿਜਾਂ ਹੇਠਾਂ ਦੱਬਕੇ ਕਿਵੇਂ ਲੋਕ ਮਰਦੇ ਨੇ ਇਹ ਵੀ ਸਭ ਜਾਣਦੇ ਆਂ। ਫੇਰ ਟਿਹਰੀ ਡੈਮ ਭੁਚਾਲ ਦੇ ਝਟਕੇ ਲੱਗਣ ਤੇ ਸਲਾਮਤ ਰਹੂ, ਏਹਦੀ ਕੀ ਗਰੰਟੀ ਹੈ? ਇਸਤੋਂ ਹੋਣ ਵਾਲੇ ਨੁਕਸਾਨ ਬਾਰੇ ਸੋਚ ਕੇ ਹੀ ਮੇਰੇ ਰੌਂਗਟੇ ਖੜ੍ਹੇ ਹੋ ਰਹੇ ਨੇ। ਚਲੋ ਛੱਡੋ ਫਿਲਹਾਲ ਤਾਂ ਏਹ ਰਾਸ਼ਟਰ ਦੇ ਨਿਰਮਾਣ ਦਾ ਪ੍ਰਤੀਕ ਆ, ਦੇਸ਼ ਦਾ ਗੌਰਵ ਆ। ਕਾਮਨਾ ਕਰਦਾ ਹਾਂ ਕਿ ਇਹ ਕਦੇ ਵੀ ਦੇਸ਼ ਦੇ ਵਿਨਾਸ਼ ਦਾ ਕਾਰਨ ਨਾ ਬਣੇਂ। ਉਂਝ ਚਾਹੇ ਪਹਿਲਾਂ ਈ ਇਸਦੇ ਹੇਠਾਂ ਇੱਕ ਸੱਭਿਅਤਾ ਦੱਬ ਚੁੱਕੀ ਆ, ਪਰ ਹੁਣ ਹੋਰ ਵਿਨਾਸ਼ ਨਾ ਹੋਵੇ।
ਓਹ ਯਾਰ ਮੈਂ ਵੀ ਬਾਹਲੀ ਲੰਮੀ ਹਲ਼ਾਂਗ ਪਾਲੀ। ਬੱਕੀ ਕਾਹਦੀ ਖ਼ਰਾਬ ਹੋਗੀ ਮੈਂ ਤਾਂ ਟਿਹਰੀ ਦੇ ਪੋਤੜੇ ਈ ਫਰੋਲਣ ਲਾਗਿਆ। ਖੈਰ ਮੁਨੀਰ ਦੁਕਾਨ ਦੀ ਚਾਬੀ ਲੈਕੇ ਮੁੜ ਆਉਂਦਾ ਗਾ। ਫੇਰ ਆਵਦਾ ਸੰਦਾਂ ਆਲਾ ਟਰੰਕ ਲਿਆ ਕੇ ਬੱਕੀ ਮੁਆਇਨਾ ਕਰਦਾ ਹੈ।ਜਦੋਂ ਚੈਨ ਸੈੱਟ ਖੋਹਲ ਕੇ ਦੇਖਦਾ ਤਾਂ ਠੀਕ ਠਾਕ ਪਿਐ। ਫੇਰ ਬ੍ਰੇਕਾਂ ਆਲ਼ਾ ਜੁਗਾੜ ਖੋਹਲਦਾ ਤਾਂ ਲੈਦਰਾਂ ਆਲਾ ਸਪਰਿੰਗ ਜਾ ਪਤਾ ਨੀ ਕਿਵੇਂ ਨਿਕਲ ਕੇ ਵਿੱਚ ਡਿੱਗਿਆ ਪਿਆ ਹੈ।
ਮੁਨੀਰ ਬੋਲਦਾ ਹੈ,"ਭਾਈ ਜੀ ਆਪ ਬੜੇ ਕਿਸਮਤ ਵਾਲੇ ਹੈਂ ਕਿ ਸਪੀਡ ਜ਼ਿਆਦਾ ਨਹੀਂ ਥੀ। ਵਰਨਾ ਜਿਸ ਤਰਹ ਟਾਇਰ ਜਾਮ ਹੂਆ ਥਾ ਕੁਸ਼ ਭੀ ਹੋ ਸਕਤਾ ਥਾ।" ਨਵੇਂ ਲੈਦਰ ਪਵਾ ਕੇ ਤੇ ਹੋਰ ਠੂਹ ਠੱਪ ਜੀ ਕਰਵਾਕੇ ਮੈਂ ਮੁਨੀਰ ਤੋਂ ਪੈਸਿਆਂ ਬਾਰੇ ਪੁੱਛਦਾ ਹਾਂ। ਮੈਂ ਸੋਚ ਰਿਹਾਂ ਕਿ ਪੰਜ ਚਾਰ ਸੌ ਵਿੱਚ ਤਾਂ ਲਾਜ਼ਮੀ ਮੜ੍ਹੂਗਾ, ਪਰ ਉਹ ਸਿਰਫ਼ 160 ਰੁਪਏ ਮੰਗਦਾ ਹੈ। ਐਨੇ ਤਾਂ ਮੈਨੂੰ ਫ੍ਰੀ ਮਾਂਗੂੰ ਈ ਲੱਗਦੇ ਨੇ।ਮੁਨੀਰ ਤੋਂ ਮੈਂ ਸ੍ਰੀ ਨਗਰ ਦਾ ਰਾਹ ਪਤਾ ਕਰਕੇ ਤੁਰ ਪੈਂਦਾ ਹਾਂ। ਟਿਹਰੀ ਡੈਮ ਵੀ ਜਾਂਦੇ ਨੂੰ ਰਾਹ ਵਿੱਚ ਈ ਆਉਣਾ ਹੈ। ਮੈਂ ਹਜ਼ਾਰਾਂ ਲੋਕਾਂ ਨੂੰ ਉਜਾੜ ਕੇ ਬਣਾਏ ਇਸ ਡੈਮ ਨੂੰ ਦੇਖਣ ਲਈ ਉਤਾਵਲਾ ਹਾਂ। ਬਾਕੀ ਅਗਲੀ ਕਿਸ਼ਤ ਚ

Comments

  1. ਬਹੁਤ ਵਧੀਆ ਪਰ ਬੜਾ ਭਾਵੁਕ ਬਿਰਤਾਂਤ ਬਾਈ,ਦੇਸ਼ ਦੀ ਤਰੱਕੀ ਦੇ ਨਾਂ ਤੇ ਪਤਾ ਨਹੀਂ ਹੋਰ ਕਿੰਨੇ ਟਿਹਰੀ ਉਜਾੜ ਦੇਣੇ ਆ ਸਰਕਾਰਾਂ ਨੇ..

    ReplyDelete
    Replies
    1. ਬਿਲਕੁਲ ਬਾਈ ਪ੍ਰਚਾਰਿਆ ਕੁਝ ਹੋਰ ਜਾਂਦਾ ਤੇ ਅਸਲੀਅਤ ਕੁਝ ਹੋਰ ਹੁੰਦੀ ਆ। ਸ਼ੁਕਰੀਆ ਕਮੈਂਟ ਕਰਨ ਲਈ

      Delete
  2. ਬਾੲੀ ਪਾਠਕਾਂ ਨੂੰ ਵੀ ਨਾਲ ਹੀ ਲੈ ਜਾਨਾ ਲਿਖਦਾ ਲਿਖਦਾ ਅੈਂਵੇ ਲਗਦਾ ਵੀ ਅਸੀਂ ਵੀ ਤੇਰੇ ਨਾਲ ਹੀ ਹਾਂ ਟੂਰ ਤੇ

    ReplyDelete
    Replies
    1. ਸ਼ੁਕਰੀਆ ਬਾਈ ਟਾਈਮ ਕੱਢ ਕੇ ਪੜ੍ਹਨ ਲਈ

      Delete
  3. ਵੀਰ ਅੱਜ ਤਾਂ ਅੱਖਾਂ ਨਮ ਕਰਤੀਆਂ ਟੀਹਰੀ ਦਾ ਇਤਿਹਾਸ ਸੁਣਾ ਕੇ, ਵਿਕਾਸ ਦੇ ਨਾਂ ਤੇ ਖੂਬਸੂਰਤ ਇਤਿਹਾਸ ਦਾ ਇੱਕ ਪੰਨਾ ਖਤਮ ਕਰ ਦਿੱਤਾ ਗਿਆ ਬਹੁਤ ਮਾੜਾ ਹੋਇਆ ਕਾਸ ਇਹ ਨਾ ਹੁੰਦਾ

    ReplyDelete
    Replies
    1. ਸ਼ੁਕਰੀਆ ਬਾਈ ਜੀ, ਬਹੁਤ ਦੁੱਖ ਹੁੰਦਾ ਜਦੋਂ ਉਜਾੜੇ ਨੂੰ ਵਿਕਾਸ ਦਾ ਨਾਮ ਦਿੱਤਾ ਜਾਂਦਾ

      Delete
  4. ਬਹੁਤ ਖੂਬ ਛੋਟੇ ਵੀਰ

    ReplyDelete
  5. ਬਹੁਤ ਖੂਬ ਛੋਟੇ ਵੀਰ

    ReplyDelete
  6. ਬਾਈ ਬਹੁਤ ਵਧੀਆ ਲਿਖਿਆ ਹੈ ਖਾਸ ਕਰ ਇਤਿਹਾਸ। ਪੁਰਾਣੀਆਂ ਤਸਵੀਰਾਂ ਨਾਲ ਦੇਖ ਕੇ ਅੰਸ਼ੁਲ ਦਾ ਦਰਦ ਸਮਝ ਆਉਂਦਾ ਹੈ।

    ReplyDelete
    Replies
    1. ਬਹੁਤ ਬਹੁਤ ਸ਼ੁਕਰੀਆ ਜੀਓ

      Delete
  7. ਬਹੁਤ ਦਰਦਨਾਕ ੲਿਤਿਹਾਸ ਹੈ ਟਿਹਰੀ ਦਾ.. ਤੁਸੀ ਬਿਅਾਨ ਵੀ ਬਹੁਤ ਵਧੀਅਾ ਕੀਤਾ ਹੈ.. ਪੜਦਿਅਾਂ ਸਾਰੇ ਸੀਨ ਅੱਖਾਂ ਸਾਹਮਣੇ ਅਾ ਗੲੇ.. ਜਾਨਦਾਰ ਲਿਖਤ ਲੲੀ ਮੁਬਾਰਕਾਂ..

    ReplyDelete
    Replies
    1. ਸ਼ੁਕਰੀਆ ਜੀਓ ਤੁਹਾਡਾ ਨਾਮ ਨਹੀਂ ਦਿਖ ਰਿਹਾ ਕਿਰਪਾ ਕਰਕੇ ਅੱਗੇ ਤੋਂ ਕਮੈਂਟ ਕਰਨ ਲੱਗਿਆਂ ਆਪਣਾ ਨਾਮ ਵੀ ਲਿਖ ਦਿਆ ਕਰੋ ਜੀ

      Delete
  8. ਉਜਾੜਾ ਤਾ ਸਾਡੇ ਲੋਕਾਂ ਦੀ ਕਿਸਮਤ ਹੋ ਗਿ ਲਗਦਾ ਏ। ਕਦੇ 47, ਫਿਰ 84, ਫਿਰ ਯੂ.ਪੀ. ਤੇ ਗੁਜਰਾਤ ਦੰਗੇ। ਜਦੋ ਕਿਹਾ ਜਾਂਦਾ ਏ ਕਿ ਮੇਰਾ ਭਾਰਤ ਮਹਾਨ ਤਾਂ ਮੈਨੂੰ ਲੋਕਾਂ ਦੀ ਲਿਆਕਤ ਤੇ ਸ਼ਰਮ ਆਉਦੀ ਏ। ਉਜਾੜੇ ਦਾ ਦਰਦ ਕੀ ਹੁੰਦਾ ਏ ਇਹ ਆਪਣੇ ਪੰਜਾਬੀਆ ਤੋ ਵੱਧ ਕੌਣ ਜਾਣਦਾ ਏ

    ReplyDelete
  9. ਬਹੁਤ ਵਧੀਆ ਲੱਗੇਗੀ ਟੀਹਰੀ ਡੈਮ ਬਾਰੇ ਜੋ ਜਾਣਕਾਰੀ ਤੁਸੀਂ ਦਿੱਤੀ ਹੈ

    ReplyDelete

Post a Comment

Popular posts from this blog

ਮੁਗਲਕਾਲੀਨ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਸਰਾਏ ਅਮਾਨਤ ਖਾਂ

ਰੀਝਾਂ ਨਾਲ ਸ਼ਿੰਗਾਰੀ ਮੁਨਸਿਆਰੀ

ਉੱਤਰਾਖੰਡ ਡਾਇਰੀ--7