ਉੱਤਰਾਖੰਡ ਡਾਇਰੀ--3

https://anoopgarh43.blogspot.com/2018/08/2.html?m=1 ਪਿਛਲੀ ਪੋਸਟ ਪੜ੍ਹਨ ਲਈ ਏਸ ਲਿੰਕ ਤੇ ਕਲਿੱਕ ਕਰੋ।
~~~~ ਚੰਬਾ ਤੇ ਨਵੀਂ ਟਿਹਰੀ ~~~
ਨਵੀਂ ਟਿਹਰੀ ਸ਼ਹਿਰ ਦਾ ਸਵੇਰ ਦਾ ਦ੍ਰਿਸ਼

ਚੰਬੇ ਦੀ ਸ਼ਾਮ


ਕਿਲੋਮੀਟਰ ਕ ਦੂਰ ਜਾਕੇ ਕੁਝ ਘਰ ਦਿਖਣ ਲਗਦੇ ਨੇ। ਘਰਾਂ ਨੂੰ ਦੇਖਕੇ ਦਿਲ ਨੂੰ ਕੁਝ ਧਰਵਾਸਾ ਜਾ ਮਿਲਦਾ ਹੈ ਕਿ ਚਲੋ ਜੇ ਫਸ ਵੀ ਗੲੇ ਤਾਂ ਰੋਟੀ ਪਾਣੀ ਦਾ ਜੁਗਾੜ ਤਾਂ ਹੋਜੂ।

ਮੈਂ ਅਕਸਰ ਚਾਹ ਨੀ ਪੀਂਦਾ,ਪਰ ਅੱਜ ਪਤਾ ਨੀ ਕਿਉਂ ਚਾਹ ਦੀ ਤਲਬ ਲੱਗ ਰਹੀ ਆ। ਏਥੇ ਕੋਈ ਚਾਹ ਦੀ ਦੁਕਾਨ ਜਾਂ ਢਾਬਾ ਤਾਂ ਹੈਨੀ ਪਰ ਜੇ ਕਿਸੇ ਘਰ ਜਾਕੇ ਚਾਹ ਦੀ ਇੱਛਾ ਜ਼ਾਹਰ ਕੀਤੀ ਤਾਂ ਮਿਲ ਜ਼ਰੂਰ ਜਾਊਗੀ।ਜੇ ਚਾਹ ਪੀਣ ਬੈਠ ਗਿਆ ਤਾਂ ਅੱਧਾ ਘੰਟਾ ਏਥੇ ਈ ਖ਼ਰਾਬ ਹੋ ਜਾਣਾ ਤੇ ਉੱਤੋਂ ਆਥਣ ਦਾ ਵੇਲਾ ਹੈ।ਲੇਟ ਹੋਣ ਦੇ ਡਰੋਂ ਮਨ ਮਾਰ ਕੇ ਮੈਂ ਚਾਹ ਆਲ਼ਾ ਫੈਸਲਾ ਡਲੇਅ ਕਰ ਦਿੰਦਾ ਹਾਂ। ਇੱਕ ਲੜਕੇ ਤੋਂ ਅਗਲੇ ਰਸਤੇ ਬਾਰੇ ਜਾਣਕਾਰੀ ਲੈਕੇ ਤੁਰ ਪੈਂਦਾ ਹਾਂ। ਹੁਣ ਰਸਤਾ ਮੁਕਾਬਲਤਨ ਠੀਕ ਹੈ, ਚੜ੍ਹਾਈ ਖ਼ਤਮ ਹੋ ਗਈ ਹੈ। ਪੰਦਰਾਂ ਕੁ ਮਿੰਟਾਂ ਵਿੱਚ ਮੈਂ ਦੁਬਾਰਾ ਫੇਰ ਨਵੀਂ ਟਿਹਰੀ ਵਾਲੀ ਸੜਕ ਤੇ ਜਾ ਚੜ੍ਹਦਾ ਹਾਂ।
ਨਵੀਂ ਟਿਹਰੀ ਹੁਣ ਚਾਲੀ ਕੁ ਕਿਲੋਮੀਟਰ ਦੂਰ ਹੈ।ਰਸਤੇ ਵਿੱਚ ਫਕੋਟ, ਜਾਜਲ, ਜਗਧਰ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਮੂੰਹ ਨੇਰ੍ਹੇ ਜਿਹੇ ਮੈਂ ਚੰਬੇ ਪਹੁੰਚ ਜਾਂਦਾ ਹਾਂ।
ਚੰਬੇ ਤੋਂ ਪਹਿਲਾਂ ਪਿੱਛੇ ਚੰਬਾ ਦਿਖ ਰਿਹਾ ਹੈ

ਚੰਬੇ ਤੋਂ ਡੁੱਬਦਾ ਸੂਰਜ
ਤੁਸੀਂ ਸੋਚ ਰਹੇ ਹੋਓਂਗੇ ਚੰਬਾ ਤਾਂ ਹਿਮਾਚਲ ਪ੍ਰਦੇਸ਼ ਵਿੱਚ ਡਲਹੌਜ਼ੀ ਕੰਨੀਂ ਆਂ ਏਹ ਤਾਂ ਊਈਂ ਗਪੌੜ ਮਾਰੀ ਜਾਂਦਾ ਐ।ਪਰ ਨਹੀਂ ਦੋਸਤੋ ਇਹ ਚੰਬਾ ਹੋਰ ਆ, ਉੱਤਰਾਖੰਡ ਦੇ ਟਿਹਰੀ ਗੜ੍ਹਵਾਲ ਜ਼ਿਲ੍ਹੇ ਵਿੱਚ ਨਵੀਂ ਟਿਹਰੀ ਤੋਂ 11 ਕਿਲੋਮੀਟਰ ਦੂਰ।ਇਹ ਚੰਬਾ ਚਾਹੇ ਹਿਮਾਚਲ ਆਲ਼ੇ ਚੰਬੇ ਜਿੰਨਾ ਮਸ਼ਹੂਰ ਤਾਂ ਨਹੀਂ, ਪਰ ਖੂਬਸੂਰਤੀ ਪੱਖੋਂ ਉਹਦੇ ਨਾਲੋਂ ਦੋ ਚੰਦੇ ਉੱਪਰ ਈ ਆ।ਜੇ ਤੁਸੀਂ ਕੁਦਰਤ ਦੇ ਸ਼ੁਦਾਈ ਓਂ ਤੇ ਸ਼ਾਂਤੀ ਨੂੰ ਪਸੰਦ ਕਰਦੇ ਓਂ ਤਾਂ ਚੰਬਾ ਸੋਡੇ ਵਾਸਤੇ ਇੱਕ ਪ੍ਰਫੈਕਟ ਜਗ੍ਹਾ ਹੈ। ਦੇਵਦਾਰ ਤੇ ਚੀੜ੍ਹ ਦੇ ਰੁੱਖ, ਡੁੱਬਦੇ ਸੂਰਜ ਦਾ ਨਜ਼ਾਰਾ, ਹਿਮਾਲਿਆ ਦੇ ਖੂਬਸੂਰਤ ਦ੍ਰਿਸ਼, ਪੰਛੀਆਂ ਦੀ ਚਹਿਚਹਾਟ ਤੇ ਰੁਮਕਦੀਆਂ ਪੌਣਾਂ ਚੰਬਾ ਨੂੰ ਇੱਕ ਆਦਰਸ਼ ਘੁੰਮਣਯੋਗ ਥਾਂ ਬਣਾਉਂਦੀਆਂ ਹਨ।



ਸਾਫ਼ ਮੌਸਮ ਵਿੱਚ ਇੱਥੋਂ ਹਿਮਾਲਿਆ ਦੀਆਂ ਬਾਂਦਰ ਪੂਛ ਵਰਗੀਆਂ ਸੁੰਦਰ ਚੋਟੀਆਂ ਅਤੇ ਭਾਗੀਰਥੀ ਘਾਟੀ ਦੇ ਮਨਮੋਹਕ ਨਜ਼ਾਰੇ ਦਿਖਾਈ ਦਿੰਦੇ ਨੇ। ਏਥੋਂ ਗੰਗੋਤਰੀ, ਯਮੁਨੋਤਰੀ, ਧਨੌਲਟੀ, ਮਸੂਰੀ, ਦੇਵਪ੍ਰਯਾਗ ਅਤੇ ਘਨਸਾਲੀ ਵਰਗੀਆਂ ਪ੍ਰਸਿੱਧ ਥਾਵਾਂ ਨੂੰ ਵੱਖ-ਵੱਖ ਸੜਕਾਂ ਜਾਂਦੀਆਂ ਨੇ। ਦੂਰੋਂ ਹੀ ਪਹਾੜੀ ਦੀ ਢਲਾਣ ਤੇ ਵਸੇ ਚੰਬੇ ਦੀ ਖੂਬਸੂਰਤ ਝਲਕ ਦਿਖਣ ਲੱਗਦੀ ਹੈ। ਏਥੇ ਈ ਸੜਕ ਤੇ ਕੰਮ ਕਰਦੇ ਯੂ ਪੀ ਦੇ ਮਜ਼ਦੂਰ ਮਿਲਦੇ ਹਨ।ਮੈਂ ਉਹਨਾਂ ਨੂੰ ਪੁੱਛਦਾ ਹਾਂ ਕਿ ਨਵੀਂ ਟਿਹਰੀ ਕਿੰਨੀ ਦੂਰ ਐ? ਉਹ ਦੱਸਦੇ ਨੇ ਕਿ ਅਸੀਂ ਤਾਂ ਬਾਹਰੋਂ ਆਂ, ਸਾਨੂੰ ਏਸ ਇਲਾਕੇ ਬਾਰੇ ਬਹੁਤਾ ਪਤਾ ਨੀ ਹੈਗਾ। ਫੇਰ ਉਹਨਾਂ ਦਾ ਈ ਇੱਕ ਸਾਥੀ ਜੋ ਇਲਾਕੇ ਬਾਰੇ ਜਾਣਕਾਰੀ ਰੱਖਦਾ ਹੈ,ਦੱਸਦੈ ਕਿ ਨਵੀਂ ਟਿਹਰੀ ਬੱਸ ਦਸ ਕੁ ਕਿਲੋਮੀਟਰ ਰਹਿਗੀ।ਉਹ ਮੈਨੂੰ ਰਸਤਾ ਵੀ ਸਮਝਾ ਦਿੰਦਾ ਹੈ।





ਚੰਬੇ ਦਾ ਸ਼ਾਂਤ ਤੇ ਖੂਬਸੂਰਤ ਮਾਹੌਲ ਮੇਰੇ ਦਿਲ ਨੂੰ ਛੂਹ ਜਾਂਦਾ ਏ।ਠੰਢੀ ਠੰਢੀ ਹਵਾ ਤੇ ਪੱਛੋਂ ਅੱਲ ਪਹਾੜੀਆਂ ਦੇ ਉਹਲੇ ਡੁਬਦੇ ਸੂਰਜ ਦਾ ਨਜ਼ਾਰਾ ਦੇਖ ਕੇ ਮਨ ਖੁਸ਼ੀ ਨਾਲ ਝੂਮ ਉੱਠਦਾ ਹੈ। ਕੁਝ ਸਮਾਂ ਮੈਂ ਚੰਬੇ ਦੇ ਇੱਕ ਚੌਂਕ ਵਿੱਚ ਰੁਕਦਾ ਹਾਂ। ਉੱਤੋਂ ਹੇਠਾਂ ਅੱਲ ਸ਼ਹਿਰ ਦੇ ਰੰਗ ਬਿਰੰਗੇ ਘਰਾਂ ਨੂੰ ਦੇਖਦਾ ਹਾਂ। ਇੱਕ ਟ੍ਰੈਫਿਕ ਪੁਲਿਸ ਵਾਲੀ ਕੁੜੀ ਤੋਂ ਨਵੀਂ ਟਿਹਰੀ ਦਾ ਰਸਤਾ ਪੁੱਛਕੇ ਅੱਗੇ ਚੱਲ ਪੈਂਦਾ ਹਾਂ। ਚੰਬਾ ਵਿੱਚ ਰਹਿਣ ਵਾਸਤੇ ਹੋਟਲ ਵੀ ਮੌਜੂਦ ਨੇ। ਜਦੋਂ ਕਦੇ ਫੇਰ ਇੱਧਰ ਨੂੰ ਆਇਆ ਤਾਂ ਇੱਕ ਦੋ ਰਾਤਾਂ ਇਸ ਖੂਬਸੂਰਤ ਥਾਂ ਤੇ ਜ਼ਰੂਰ ਗੁਜ਼ਾਰਾਂ ਗਾ।
ਅੱਗੇ ਰਸਤਾ ਹੋਰ ਵੀ ਖੂਬਸੂਰਤ ਏ ਤੇ ਸੜਕ ਵੀ ਝਕਾਝਕ। ਥੋੜ੍ਹੀ ਚੜ੍ਹਾਈ ਵੀ ਐ।ਵੀਹ ਕ ਮਿੰਟ ਬਾਅਦ ਨਵੀਂ ਟਿਹਰੀ ਨਜ਼ਰ ਆਉਣ ਲੱਗ ਪੈਂਦਾ ਏ। ਵੱਡੀਆਂ ਵੱਡੀਆਂ ਰੰਗ ਬਿਰੰਗੀਆਂ ਇਮਾਰਤਾਂ ਬਹੁਤ ਈ ਸੋਹਣੀਆਂ ਜਾਪਦੀਆਂ ਨੇ।
ਨਵੀਂ ਟਿਹਰੀ ਦੇ ਐਂਟਰੀ ਚੁਰਾਹੇ ਵਿੱਚ ਪਹੁੰਚ ਕੇ ਮੈਂ ਟ੍ਰੈਫਿਕ ਵਾਲਿਆਂ ਤੋਂ ਸ਼ਹਿਰ ਦੇ ਮੁੱਖ ਡਾਕਘਰ ਬਾਰੇ ਪੁੱਛਦਾ ਹਾਂ।
ਇਸ ਚੁਰਾਹੇ ਤੋਂ ਨਵੀਂ ਟਿਹਰੀ ਵਿੱਚ ਦਾਖ਼ਲ ਹੋਈਦਾ ਹੈ
ਉਹਨਾਂ ਦੇ ਦੱਸੇ ਮੁਤਾਬਕ ਮੈਂ ਸ਼ਹਿਰ ਵੱਲ ਹੋ ਤੁਰਦਾ ਹਾਂ। ਸ਼ਹਿਰ ਖੁੱਲ੍ਹਾ ਡੁੱਲ੍ਹਾ ਹੈ, ਚੌੜੀਆਂ ਸੜਕਾਂ। ਇੱਕ ਚੁਰਾਹੇ ਵਿੱਚ ਜਾਕੇ ਜਦੋਂ ਮੈਂ ਟ੍ਰੈਫਿਕ ਪੁਲਿਸ ਆਲ਼ੇ ਨੂੰ ਡਾਕਖਾਨੇ ਬਾਰੇ ਪੁੱਛਣ ਲੱਗਦਾ ਹਾਂ ਤਾਂ ਉਹ ਮੈਨੂੰ ਕਾਗਜ਼ ਪੱਚਰ ਦਿਖਾਉਣ ਲਈ ਆਖਦਾ ਏ। ਮੈਂ ਸੋਚਦਾਂ ਪੰਗਾ ਈ ਲੈ ਲਿਆ ਏਹਨੂੰ ਪੁੱਛ ਕੇ ਹੁਣ ਬੰਨਿਆਂ ਬੰਨਾਇਆ ਸਾਰਾ ਸਮਾਨ ਖੋਹਲਣਾ ਪੳੂ ਕਿਉਂਕਿ ਕਾਗਜ਼ ਮੈਂ ਲਿਫਾਫੇ ਚ ਪਾਕੇ ਬੈਗ ਦੀ ਅੰਦਰਲੀ ਜੇਬ ਵਿੱਚ ਪਾਤੇ ਸੀ। ਮੈਂ ਉਸਨੂੰ ਸਮਝਾਉਂਦਾ ਹਾਂ,' ਸਰ ਮੈਂਨੇ ਸਾਰੇ ਡਾਕੂਮੈਂਟ ਇਸ ਬੈਗ ਕੇ ਅੰਦਰ ਹੈਂ। ਮੁਝੇ ਪੂਰਾ ਸਾਮਾਨ ਖੋਹਲਨਾ ਪੜੇਗਾ ਔਰ ਫਿਰ ਸੇ ਬਾਂਧਨੇ ਮੇਂ ਵੀ ਬਹੁਤ ਵਕਤ ਲਗੇਗਾ। ਪਲੀਜ਼ ਮੇਰੀ ਮਜਬੂਰੀ ਕੋ ਸਮਝੀਏ ਸ੍ਰ ਔਰ ਸੋਚੀਏ ਅਗਰ ਮੇਰੇ ਪਾਸ ਡਾਕੂਮੈਂਟ ਨਾ ਹੋਤੇ ਤੋ ਮੈਂ ਆਪਕੇ ਪਾਸ ਥੋੜੀ ਰੁਕਤਾ।ਤੋ ਮੈਂ ਆਗੇ ਜਾਕਰ ਕਿਸੀ ਔਰ ਸੇ ਪੂਛ ਲੇਤਾ।' ਪੁਲਿਸ ਵਾਲਾ ਮੇਰੀ ਗੱਲ ਸੁਣ ਕੇ ਮੰਨ ਜਾਂਦਾ ਹੈ ਤੇ ਡਾਕਖਾਨੇ ਦਾ ਰਾਹ ਵੀ ਦੱਸਦਾ ਹੈ। ਮੈਂ ਧੰਨਵਾਦ ਕਰਕੇ ਤੁਰ ਪੈਂਦਾ ਹਾਂ। ਹੁਣ ਰਸਤਾ ਬਜ਼ਾਰ ਵਿੱਚੋਂ ਦੀ ਹੇਠਾਂ ਉੱਤਰਨ ਲੱਗਦਾ ਹੈ। ਇੱਕ ਦੋ ਥਾਵਾਂ ਤੇ ਹੋਰ ਪੁੱਛਣ ਮਗਰੋਂ ਮੈਂ ਡਾਕਖਾਨੇ ਕੋਲ਼ ਪਹੁੰਚ ਜਾਂਦਾ ਹਾਂ। ਡਾਕਖਾਨੇ ਦੇ ਸਾਹਮਣੇ ਈ ਕੇਬਲ ਨੈੱਟਵਰਕ ਦਾ ਦਫਤਰ ਆ ਜਿੱਥੇ ਅੰਸ਼ੁਲ ਕੁਮਾਰ ਡੋਭਾਲ ਹੁਰਾਂ ਦਾ ਦੋਸਤ ਅਨੁਰਾਗ ਕੰਮ ਕਰਦਾ ਹੈ।ਬਾਹਰ ਬੱਕੀ ਖੜ੍ਹੀ ਕਰਕੇ ਮੈਂ ਅੰਦਰ ਚਲਾ ਜਾਂਦਾ ਹਾਂ।ਇੱਕੋ ਇਮਾਰਤ ਦੇ ਵਿੱਚ ਦੋ ਤਿੰਨ ਦਫ਼ਤਰ ਨੇ, ਮੈਂ ਕਿਸੇ ਦੂਜੇ ਦਫ਼ਤਰ ਵਿੱਚ ਜਾਕੇ ਅਨੁਰਾਗ ਬਾਰੇ ਪੁੱਛਣ ਲੱਗਦਾ ਹਾਂ। ਪਹਿਲਾਂ ਅੰਦਰ ਬੈਠਾ ਮੁਲਾਜ਼ਮ ਉਲਝ ਜਾਂਦਾ ਹੈ, ਪਰ ਬਾਅਦ ਵਿੱਚ ਦੱਸਦਾ ਹੈ ਕਿ ਕੇਬਲ ਵਾਲਿਆਂ ਦਾ ਦਫਤਰ ਨਾਲ ਆਲਾ ਹੈ। ਮੈਂ ਜਦੋਂ ਕੇਬਲ ਆਲੇ ਦਫ਼ਤਰ ਵਿੱਚ ਜਾਕੇ ਦੇਖਦਾਂ ਤਾਂ ਕੋਈ ਨੀ ਦਿਖਦਾ।ਪਰ ਦੂਰ ਇੱਕ ਕਮਰੇ ਵਿੱਚ ਕੁਝ ਬੰਦੇ ਗੱਲਾਂ ਕਰਦੇ ਸੁਣਾਈ ਦੇ ਰਹੇ ਨੇ‌। ਮੈਂ ਜਕਦਾ ਜਕਦਾ ਅੰਦਰ ਚਲਾ ਜਾਂਦਾ ਹਾਂ ਤੇ ਅਨੁਰਾਗ ਜੀ ਬਾਰੇ ਪੁੱਛਦਾ ਹਾਂ। ਅਨੁਰਾਗ ਜੀ ਤਾਂ ਦੇਹਰਾਦੂਨ ਆਪਣੀ ਮਾਤਾ ਨੂੰ ਹਸਪਤਾਲ ਲੈਕੇ ਗਏ ਹੋਏ ਨੇ। ਮੈਂ ਜ਼ਿਆਦਾ ਸਮਾਂ ਨਾ ਖ਼ਰਾਬ ਕਰਦੇ ਹੋਏ ਗੁਰਦੁਆਰੇ ਦਾ ਰਾਹ ਪੁੱਛਦਾ ਹਾਂ।ਹਨੇਰਾ ਹੋ ਗਿਆ ਏ ਤੇ ਲਾਈਟਾਂ ਵਿੱਚ ਗੁਰਦੁਆਰੇ ਦੀ ਇਮਾਰਤ ਦੂਰੋਂ ਬਹੁਤ ਹੀ ਖੂਬਸੂਰਤ ਦਿਖ ਰਹੀ ਏ। ਰਸਤਾ ਸਿੱਧਾ ਹੀ ਜਾਂਦਾ ਏ। ਅੱਗੇ ਚੌਂਕ ਆਉਂਦਾ ਏ ਜਿੱਥੋਂ ਗੁਰਦੁਆਰਾ ਤਾਂ ਸਾਹਮਣੇ ਈ ਦਿਖਦਾ ਹੈ ਪਰ ਗੇਟ ਦਾ ਪਤਾ ਨੀ ਚੱਲ ਰਿਹਾ। ਮੈਂ ਇੱਕ ਦੁਕਾਨਦਾਰ ਤੋਂ ਗੁਰਦੁਆਰੇ ਦੇ ਗੇਟ ਬਾਰੇ ਪੁੱਛਦਾ ਹਾਂ ਤਾਂ ਉਹ ਦੱਸਦਾ ਹੈ ਕਿ ਔਹ ਸਾਹਮਣੇ ਪੌੜੀਆਂ ਦਿਖ ਰਹੀਆਂ ਨੇ,ਉਹ ਗੁਰਦੁਆਰੇ ਨੂੰ ਈ ਜਾਂਦੀਆਂ ਨੇ। ਮੋਟਰਸਾਈਕਲ ਤਾਂ ਹੇਠਾਂ ਈ ਖੜ੍ਹਾਉਣਾ ਪਵੇਗਾ। ਗੁਰਦੁਆਰਾ ਕਾਫ਼ੀ ਉੱਚੀ ਥਾਂ ਤੇ ਬਣਿਆਂ ਹੈ। ਪੌੜੀਆਂ ਕੋਲ਼ ਜਾਕੇ ਪਤਾ ਚਲਦਾ ਹੈ ਕਿ ਨਾਲ਼ ਈ ਥੋੜ੍ਹਾ ਸਮਤਲ ਜਾ ਕਰਕੇ ਉੱਪਰ ਤੱਕ ਜਾਣ ਦਾ ਰਸਤਾ ਬਣਿਆਂ ਹੋਇਆ ਏ।ਪਰ ਹੈ ਬਹੁਤ ਈ ਖ਼ਰਾਬ, ਸਿੱਧੀ ਚੜ੍ਹਾਈ ਤੇ ਪੱਥਰ ਰੋੜੇ ਨੇ। ਮੈਂ ਬੱਕੀ ਥੱਲੇ ਖੜ੍ਹਾਉਣ ਨਾਲੋਂ ਇੱਕ ਵਾਰ ਤਹਾਂ ਚੜ੍ਹਾਉਣ ਦੀ ਟਰਾਈ ਕਰਦਾ ਹਾਂ।ਸਾਰਾ ਡੇਢ ਦੋ ਸੌ ਮੀਟਰ ਦਾ ਰਾਹ ਈ ਆ ਪਰ ਏਹੀ ਬੱਕੀ ਦੀ ਤਸੱਲੀ ਕਰਵਾ ਦਿੰਦਾ ਹੈ।ਉੱਪਰ ਜਾਕੇ ਮੈਂ ਬੱਕੀ ਨੂੰ ਖੜ੍ਹਾ ਕੇ ਪਹਿਲਾਂ ਗੁਰਦੁਆਰੇ ਅੰਦਰ ਕਮਰੇ ਬਾਰੇ ਪਤਾ ਕਰਨ ਜਾਂਦਾ ਹਾਂ। ਗੁਰਦੁਆਰੇ ਦਾ ਭਾਈ ਕਹਿੰਦਾ ਕਮਰਾ ਮਿਲਜੂਗਾ। ਹੁਣ ਮੈਂ ਬੱਕੀ ਗੁਰਦੁਆਰੇ ਦੇ ਅੰਦਰ ਲਿਜਾ ਕੇ ਸਾਰਾ ਸਮਾਨ ਖੋਹਲਦਾ ਹਾਂ ਤੇ ਉੱਪਰ ਲੈ ਕੇ ਜਾਂਦਾ ਹਾਂ।ਕਮਰੇ ਦੀ ਚਾਬੀ ਦੇਣ ਤੋਂ ਪਹਿਲਾਂ ਗੁਰਦੁਆਰੇ ਦਾ ਭਾਈ ਡੂਢ ਸੌ ਰੁਪਏ ਜਮ੍ਹਾਂ ਕਰਵਾਉਣ ਵਾਸਤੇ ਕਹਿੰਦਾ ਹੈ।'ਏਹ ਕੀ ਯਰ ਗੁਰਦੁਆਰੇ ਵਿੱਚ ਰਹਿਣ ਦੇ ਵੀ ਪੈਸੇ ਪਹਿਲੀ ਵਾਰ ਦੇਖਿਆ ਏ ਮੈਂ ਤਾਂ।' ਚਲੋ ਕੋਈ ਨਾ ਪੈਸੇ ਜਮ੍ਹਾਂ ਕਰਵਾ ਕੇ ਮੈਂ ਆਪਣਾ ਸਮਾਨ ਕਮਰੇ ਵਿੱਚ ਰੱਖਦਾ ਹਾਂ ਤੇ ਭਾਈ ਤੋਂ ਇਸ਼ਨਾਨ ਘਰ ਬਾਰੇ ਪੁੱਛਦਾ ਹਾਂ।ਉਹ ਆਖਦਾ ਏ ਪਾਣੀ ਦੀ ਕਿੱਲਤ ਏ ਜਾਂ ਤਾਂ ਹੁਣ ਨਹਾ ਲੋ ਜਾਂ ਸਵੇਰੇ। ਮੈਂ ਆਖਿਆ ਸਵੇਰੇ ਤਾਂ ਜਲਦੀ ਨਿਕਲਣਾ ਹੈ ਮੈਂ ਹੁਣੇ ਨਹਾ ਲੈਨਾ।ਨਹਾਉਣ ਸਮੇਂ ਮੈਂ ਬੱਕੀ ਤੋਂ ਡਿੱਗਣ ਕਾਰਨ ਲਿੱਬੜੇ ਕੱਪੜੇ ਵੀ ਧੋ ਲੈਂਦਾ ਹਾਂ। ਨਹਾ ਕੇ ਜਦੋਂ ਲੰਗਰ ਬਾਰੇ ਪੁੱਛਿਆ ਤਾਂ ਉਹ ਵੀ ਹੈ ਨੀ।ਭਾਈ ਦੱਸਦਾ ਹੈ ਕਿ ਉਹ ਤਾਂ ਖੁਦ ਵੀ ਆਵਦੀ ਬਣਾ ਕੇ ਖਾਂਦੇ ਨੇ। ਏਥੇ ਜ਼ਿਆਦਾ ਸੰਗਤ ਵੀ ਨਹੀਂ ਆਉਂਦੀ ਜਿਸ ਕਰਕੇ ਲੰਗਰ ਦੀ ਜ਼ਰੂਰਤ ਈ ਨਹੀਂ ਪੈਂਦੀ।ਭਾਈ ਆਵਦੀ ਘਰ ਵਾਲੀ ਤੇ ਇੱਕ ਛੋਟੀ ਜਿਹੀ ਬੇਟੀ ਨਾਲ਼ ਗੁਰਦੁਆਰੇ ਵਿੱਚ ਈ ਰਹਿੰਦਾ ਹੈ। ਯਰ ਮੈਂ ਪਹਿਲਾ ਗੁਰਦੁਆਰਾ ਦੇਖਿਆ ਏ ਜਿੱਥੇ ਰਹਿਣ ਦੇ ਪੈਸੇ ਵੀ ਲੈਂਦੇ ਨੇ ਤੇ ਲੰਗਰ ਵੀ ਨੀ ਹੈਗਾ। ਚਲੋ ਕੋਈ ਗੱਲ ਨੀ ਮੈਂ ਕਮਰੇ ਨੂੰ ਜਿੰਦਾ ਲਾਕੇ ਖਾਣਾ ਖਾਣ ਲਈ ਬਾਹਰ ਨਿਕਲ ਜਾਂਦਾ ਹਾਂ।ਪੂਰਾ ਸ਼ਹਿਰ ਰੋਸ਼ਨੀਆਂ ਨਾਲ ਚਮਕ ਰਿਹਾ ਹੈ। ਗੁਰਦੁਆਰੇ ਦੀ ਬਾਲਕੋਨੀ ਤੋਂ ਹੇਠਾਂ ਤੇ ਉੱਪਰ ਵੱਲ ਨਿਗ੍ਹਾ ਮਾਰਿਆਂ ਬਹੁਤ ਹੀ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਐਂ ਲਗਦਾ ਜਿਵੇਂ ਅਸਮਾਨ ਦੇ ਤਾਰੇ ਹੇਠਾਂ ਉਤਰ ਆਏ ਨੇ।
ਕੋਈ ਜ਼ਿਆਦਾ ਸੋਰ ਸਰਾਬਾ ਨੀ ਇੱਕ ਸ਼ਾਂਤ ਸ਼ਹਿਰ ਏ ਨਿਊ ਟਿਹਰੀ।ਗੁਰਦੁਆਰੇ ਦੀ ਛੱਤ ਤੋਂ ਮਸੀਤ੍ਹ ਵਿੱਚ ਨਮਾਜ਼ ਪੜ੍ਹਨ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਨਾਲ਼ ਹੀ ਸਾਹਮਣੇ ਦੇ ਮੰਦਰ ਵਿੱਚ ਖੜਕਦੇ ਟੱਲ ਤੇ ਆਰਤੀ ਦੀ ਆਵਾਜ਼ ਵੀ ਸੁਣ ਰਹੀ ਏ।ਦੂਰ ਹੇਠਾਂ ਖੂਬਸੂਰਤ ਘੰਟਾ ਘਰ ਨਜ਼ਰ ਆ ਰਿਹਾ ਏ।
ਮੈਂ ਪਾਪੀ ਪੇਟ ਦੀ ਅੱਗ ਬੁਝਾਉਣ ਹੇਠਾਂ ਉੱਤਰ ਜਾਂਦਾ ਹਾਂ। ਸਾਢੇ ਕੁ ਅੱਠ ਦਾ ਟਾਈਮ ਆ, ਪਰ ਜ਼ਿਆਦਾਤਰ ਬਜ਼ਾਰ ਬੰਦ ਵੀ ਹੋ ਚੱਲਿਆ ਏ।ਪਹਿਲਾਂ ਮੈਂ ਨਾਲ਼ ਈ ਚੌਂਕ ਵਿੱਚ ਕੋਈ ਢਾਬਾ ਜਾਂ ਹੋਟਲ ਲੱਭਦਾ ਹਾਂ, ਫੇਰ ਵਾਪਸ ਗੁਰਦੁਆਰੇ ਵੱਲ ਆਕੇ ਸੜਕ ਤੇ ਈ ਇੱਕ ਛੋਟਾ ਜੇ ਢਾਬੇ ਤੇ ਲੰਗਰ ਪਾੜਨ ਬੈਠ ਜਾਂਦਾ ਹਾਂ।
ਪੰਜਾਹ ਰੁਪਏ ਦੀ ਥਾਲ਼ੀ ਵਿੱਚ ਸਲਾਦ, ਰਾਇਤਾ, ਦਾਲ, ਮਿਕਸ ਸਬਜ਼ੀ ਤੇ ਚੌਲ ਪੇਟ ਭਰ ਕੇ ਖਾਓ।ਰੱਜ ਕੇ ਹੁਣ ਥੋੜ੍ਹਾ ਹਾਜ਼ਮੇ ਕਰਨਾ ਹੈ ਸੋ ਮੈਂ ਘੰਟਾ ਘਰ ਤੇ ਗਰਾਊਂਡ ਦੇਖਣ ਚੱਲ ਪੈਂਦਾ ਹਾਂ। ਤਕਰੀਬਨ ਵੀਹ ਪੱਚੀ ਮਿੰਟ ਪੈਦਲ ਚੱਲਣ ਮਗਰੋਂ ਘੰਟਾ ਘਰ ਆ ਜਾਂਦਾ ਏ। ਏਥੇ ਗਰਾਊਂਡ ਵਿੱਚ ਕੋਈ ਸਮਾਗਮ ਚੱਲ ਰਿਹਾ ਏ। ਟੈਂਟ ਟੁੰਟ ਜੜੇ ਹੋਏ ਨੇ, ਰੰਗ ਬਿਰੰਗੀਆਂ ਲਾਈਟਾਂ ਜੜੀਆਂ ਜਾ ਰਹੀਆਂ ਨੇ ਤੇ ਕਾਫੀ ਰੌਣਕ ਮੇਲਾ ਹੈ। ਇੱਕ ਪਾਸੇ ਲੰਗਰ ਵੀ ਚੱਲ ਰਿਹਾ ਏ। ਮੈਂ ਸੋਚਦਾ ਹਾਂ ਕਿ ਕਾਸ਼! ਢਾਬੇ ਤੇ ਨਾ ਖਾਂਦਾ ਤਾਂ ਏਥੇ ਵਧੀਆ ਵਰਾਇਟੀ ਮਿਲਣੀ ਸੀ। ਘੰਟਾ ਘਰ ਜਿੰਨਾ ਸੋਹਣਾ ਦੂਰੋਂ ਦਿਖਦਾ ਸੀ ਕੋਲ਼ ਆਕੇ ਓਨਾ ਸੋਹਣਾ ਨੀ ਲੱਗਦਾ ਕਿਉਂਕਿ ਆਸ ਪਾਸ ਸਾਫ਼ ਸਫ਼ਾਈ ਨੀ ਹੈ।
ਘੰਟਾ ਘਰ ਦਾ ਦ੍ਰਿਸ਼
ਪੂਰਾ ਸ਼ਹਿਰ ਸ਼ਾਂਤ ਹੈ, ਸਭ ਦੁਕਾਨਾਂ ਬੰਦ ਹੋ ਚੁੱਕੀਆਂ ਨੇ। ਨਵੀਂ ਟਿਹਰੀ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਹਿੰਦੂ, ਮੁਸਲਮਾਨ ਤੇ ਸਿੱਖਾਂ ਦੀ ਰਲਵੀਂ ਮਿਲਵੀਂ ਆਬਾਦੀ ਹੈ।ਟਿਹਰੀ ਡੈਮ ਦੇ ਕਾਰਨ ਹੋਰ ਰਾਜਾਂ ਤੋਂ ਆਏ ਲੋਕ ਵੀ ਏਥੇ ਰਹਿੰਦੇ ਨੇ।ਕੁਝ ਸਮਾਂ ਘੰਟਾ ਘਰ ਦੀਆਂ ਰੌਣਕਾਂ ਦੇਖਕੇ ਮੈਂ ਵਾਪਸ ਚੱਲ ਪੈਂਦਾ ਹਾਂ।ਚਾਰੇ ਪਾਸੇ ਸੁੰਨ ਸਾਨ ਹੈ, ਮੈਂ ਇਕੱਲਾ ਹੀ ਸੜਕ ਤੇ ਤੁਰਿਆ ਜਾ ਰਿਹਾ ਹਾਂ। ਵਾਪਸੀ ਵੇਲੇ ਰਸਤਾ ਚੜ੍ਹਾਈ ਵਾਲਾ ਹੈ, ਮੇਰਾ ਸਾਹ ਨਾਲ਼ ਸਾਹ ਨਹੀਂ ਰਲ਼ ਰਿਹਾ। ਤੁਰਿਆ ਜਾਂਦਾ ਮੈਂ ਸੋਚ ਰਿਹਾ ਹਾਂ ਕਿ ਆਦਿ ਕੈਲਾਸ਼ ਦੀ ਟਰੈਕਿੰਗ ਕਿਵੇਂ ਕਰਾਂਗਾ ਤੁਰਿਆ ਤਾਂ ਤੈਥੋਂ ਆਹ ਪੱਕੀ ਸੜਕ ਤੇ ਨੀ ਜਾਂਦਾ। ਗੁਰਦੁਆਰੇ ਤੱਕ ਪਹੁੰਚਦਿਆਂ ਪੂਰਾ ਮੁੜ੍ਹਕੇ ਨਾਲ ਭਿੱਜ ਜਾਂਦਾ ਹਾਂ। ਗੁਰਦੁਆਰੇ ਦਾ ਭਾਈ ਵੀ ਕਮਰਾ ਬੰਦ ਕਰਕੇ ਸੌਂ ਗਿਆ ਹੈ। ਮੈਂ ਵੀ ਮੂੰਹ ਹੱਥ ਧੋ ਕੇ ਕਮਰੇ ਵਿੱਚ ਆਪਣੇ ਬਿਸਤਰੇ ਉੱਤੇ ਲੇਟ ਜਾਂਦਾ ਹਾਂ। ਏਥੇ ਜੀਓ ਦਾ ਨੈੱਟਵਰਕ ਨਾ ਹੋਣ ਕਰਕੇ ਵਟਸਐਪ ਤੇ ਫੇਸਬੁੱਕ ਨਾਲ਼ ਪੰਗੇ ਲੈਣ ਜੋਗਾ ਵੀ ਨੀ।ਮਜਬੂਰੀ ਵੱਸ ਲਾਈਟ ਬੰਦ ਕਰਕੇ ਪੈ ਜਾਂਦਾ ਹਾਂ। ਪੲੇ ਪੲੇ ਮਨ ਵਿੱਚ ਖਿਆਲ ਆਉਂਦਾ ਹੈ ਕਿ ਸਵੇਰੇ ਜਲਦੀ ਉੱਠ ਕੇ ਸਿੱਧਾ ਟਿਹਰੀ ਡੈਮ ਜਾਵਾਂਗਾ। ਟਿਹਰੀ ਡੈਮ ਦਾ ਖਿਆਲ ਆਉਂਦਿਆਂ ਹੀ ਅੱਖਾਂ ਮੂਹਰੇ ਪੁਰਾਣੀ ਟਿਹਰੀ ਦੇ ਜੰਮਪਲ ਅੰਸ਼ੁਲ ਕੁਮਾਰ ਡੋਭਾਲ ਹੁਰਾਂ ਦੁਆਰਾ ਦੱਸੀ ਟਿਹਰੀ ਡੈਮ ਦੀ ਉਸਾਰੀ, ਨਵੀਂ ਟਿਹਰੀ ਨੂੰ ਵਸਾਉਣ ਅਤੇ ਪੁਰਾਣੀ ਟਿਹਰੀ ਦੇ ਉਜੜਨ ਦੀ ਕਹਾਣੀ ਘੁੰਮਣ ਲੱਗਦੀ ਹੈ।ਅਸਲ ਵਿੱਚ ਨਵੀਂ ਟਿਹਰੀ ਨੂੰ ਵਸਾਉਣ ਪਿੱਛੇ ਚਾਲੀ ਪਿੰਡਾਂ ਦੇ ਉਜਾੜੇ ਦੀ ਦਰਦ ਭਰੀ ਦਾਸਤਾਨ ਜੁੜੀ ਹੋਈ ਹੈ। ਏਸੀਆ ਦੇ ਦੂਜੇ ਸਭ ਤੋਂ ਵੱਡੇ ਡੈਮ ਟਿਹਰੀ ਡੈਮ ਦੇ ਪਾਣੀ ਹੇਠਾਂ ਦੱਬੇ ਚਾਲੀ ਪਿੰਡਾਂ ਦੇ ਲੋਕਾਂ ਦੇ ਦਰਦ ਨਾਲ਼ ਜੁੜੀ ਹੈ ਨਵੀਂ ਟਿਹਰੀ ਸ਼ਹਿਰ ਨੂੰ ਵਸਾਉਣ ਦੀ ਕਹਾਣੀ। ਸਰਕਾਰ ਤੇ ਮੀਡੀਆ ਇਸਨੂੰ ਵਿਕਾਸ ਅਤੇ ਰਾਸ਼ਟਰ ਦਾ ਗੌਰਵ ਕਹਿ ਕੇ ਪ੍ਰਚਾਰਦਾ ਹੈ,ਪਰ ਉਜਾੜੇ ਦਾ ਸ਼ਿਕਾਰ ਹੋਏ ਲੋਕ ਇਸਨੂੰ ਕਦੇ ਨਾ ਭਰਨ ਵਾਲ਼ਾ ਜ਼ਖ਼ਮ ਸਮਝਦੇ ਹਨ। ਮੈਨੂੰ ਲੋਕਾਂ ਦੇ ਡੁੱਬਦੇ ਘਰ, ਕਿਸਾਨਾਂ ਤੋਂ ਖੁੱਸਦੇ ਖੇਤ, ਦੁਕਾਨਦਾਰਾਂ ਤੋਂ ਖੁੱਸਦੀਆਂ ਦੁਕਾਨਾਂ, ਬੱਚਿਆਂ ਤੋਂ ਖੁੱਸਦੇ ਉਹਨਾਂ ਦੇ ਸਕੂਲ, ਖੇਡ ਦੇ ਮੈਦਾਨ ਅਤੇ ਪਾਣੀ ਅੰਦਰ ਡੁੱਬ ਰਹੀਆਂ ਟਿਹਰੀ ਗੜ੍ਹਵਾਲ ਰਿਆਸਤ ਦੀਆਂ ਇਤਿਹਾਸਕ ਇਮਾਰਤਾਂ ਨਜ਼ਰ ਆਉਣ ਲੱਗਦੀਆਂ ਹਨ। ਨਵੀਂ ਅਤੇ ਪੁਰਾਣੀ ਟਿਹਰੀ ਬਾਰੇ ਸੋਚਦਿਆਂ ਸੋਚਦਿਆਂ ਪਤਾ ਨੀ ਕਦੋਂ ਮੈਨੂੰ ਨੀਂਦ ਆ ਜਾਂਦੀ ਹੈ ਅਤੇ ਮੁੜਕੇ ਸਵੇਰੇ ਛੇ ਵਜੇ ਹੀ ਅੱਖ ਖੁੱਲਦੀ ਹੈ।

ਟਿਹਰੀ ਗੜ੍ਹਵਾਲ ਰਿਆਸਤ ਅਤੇ ਪੁਰਾਣੀ ਟਿਹਰੀ ਦੇ ਇਤਿਹਾਸ ਬਾਰੇ ਅਗਲੀ ਕਿਸ਼ਤ ਵਿੱਚ ਵਿਸਥਾਰ ਨਾਲ ਦੱਸਾਂਗਾ। ਅੰਸ਼ੁਲ ਕੁਮਾਰ ਡੋਭਾਲ ਤੇ ਹੋਰਨਾਂ ਦੁਆਰਾ ਆਪਣੇ ਮੂਲ ਸ਼ਹਿਰ ਟਿਹਰੀ ਦੇ ਡੁੱਬਣ ਬਾਰੇ ਬਿਆਨ ਕੀਤਾ ਦਰਦ ਵੀ ਸਾਂਝਾ ਕਰਾਂਗਾ।




Comments

  1. ਘੈਂਟ...ਖਾਸਾ ਸਾਰਾ ਲਿਖਿਆ ਕਰ ਜਰ...ਏਨਾ ਕੁ ਪੜ੍ਹਕੇ ਸਬਰ ਨੀ ਆਉਂਦਾ...

    ReplyDelete
  2. ਬਹੁਤ ਵਧੀਆ ਬਾਈ ਬਹੁਤ ਖੂਬਸੂਰਤ ਪੇਸ਼ਕਾਰੀ ਤੇ ਸੁੰਦਰ ਨਜ਼ਾਰੇ

    ReplyDelete
    Replies
    1. ਬਹੁਤ ਬਹੁਤ ਸ਼ੁਕਰੀਆ ਵੀਰ ਜੀਓ

      Delete
  3. ਟਾਈਮ ਬਾਹਲਾ ਲੱਗਦਾ ਲਿਖਣ ਤੇ

    ReplyDelete

Post a Comment

Popular posts from this blog

ਮੁਗਲਕਾਲੀਨ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਸਰਾਏ ਅਮਾਨਤ ਖਾਂ

ਰੀਝਾਂ ਨਾਲ ਸ਼ਿੰਗਾਰੀ ਮੁਨਸਿਆਰੀ

ਉੱਤਰਾਖੰਡ ਡਾਇਰੀ--7